ਅੰਮ੍ਰਿਤਸਰ (ਦਲਜੀਤ)- ਪੰਜਾਬ ਸਰਕਾਰ ਵੱਲੋਂ ਡਿਊਟੀ ’ਤੇ ਸਮੇਂ ਦੇ ਪਾਬੰਦ ਰਹਿਣ ਦੀਆਂ ਹਦਾਇਤਾਂ ਸਿਵਲ ਸਰਜਨ ਅੰਮ੍ਰਿਤਸਰ ਦਫ਼ਤਰ ਦੇ ਜ਼ਿਆਦਾਤਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ। ਵੱਡੇ ਸਾਹਿਬ ਦੇਰ ਸ਼ਾਮ ਤੱਕ ਆਪਣੇ ਦਫ਼ਤਰ ਵਿਚ ਬੈਠ ਕੇ ਸਰਕਾਰੀ ਕੰਮਕਾਜ ਸੰਭਾਲਦੇ ਹਨ। ਕੁਝ ਅਫ਼ਸਰ ਅਤੇ ਹੋਰ ਕਰਮਚਾਰੀ ਡਿਊਟੀ ਸਮੇਂ ਤੋਂ ਪਹਿਲਾਂ ਹੀ ਥੱਕ ਜਾਂਦੇ ਹਨ। ਇੰਨਾਂ ਹੀ ਨਹੀਂ ਸ਼ਾਮ 5 ਵਜੇ ਦਫ਼ਤਰ ਬੰਦ ਹੋਣ ਦਾ ਸਮਾਂ ਨੇੜੇ ਆਉਣ ਕਾਰਨ ਜ਼ਿਆਦਾਤਰ ਮੁਲਾਜ਼ਮ ਅਤੇ ਅਧਿਕਾਰੀ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਜਗ ਬਾਣੀ ਵੱਲੋਂ ਅੱਜ ਬਾਅਦ ਦੁਪਹਿਰ ਸਿਵਲ ਸਰਜਨ ਦਫ਼ਤਰ ਵਿਚ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ। ਜਾਂਚ ਤੋਂ ਬਾਅਦ ਕੁਝ ਅਜਿਹੇ ਅਧਿਕਾਰੀ ਵੀ ਸਾਹਮਣੇ ਆਏ, ਜੋ ਮੀਡੀਆ ਦੇ ਆਉਣ ਦੀ ਹਵਾ ਲੱਗਦਿਆਂ ਹੀ ਅੱਧੀ ਛੁੱਟੀ ਲੈ ਕੇ ਆਪਣਾ ਪੱਖ ਸਪੱਸ਼ਟ ਕਰਦੇ ਰਹੇ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਸਮੂਹ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਫ਼ਤਰਾਂ ਵਿਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਅੰਮ੍ਰਿਤਸਰ ਦੇ ਸਿਵਲ ਸਰਜਨ ਦਫ਼ਤਰ ਵਿਚ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜਗ ਬਾਣੀ ਦੀ ਟੀਮ ਵੱਲੋਂ ਅੱਜ ਸ਼ਾਮ 4 ਵਜੇ ਜਦੋਂ ਸਿਵਲ ਸਰਜਨ ਦਫ਼ਤਰ ਦੀ ਚੈਕਿੰਗ ਕੀਤੀ ਗਈ ਤਾਂ ਦੇਖਿਆ ਗਿਆ ਕਿ ਵੱਡੇ ਸਾਹਿਬ ਭਾਵ ਕਿ ਸਿਵਲ ਸਰਜਨ ਡਾ. ਵਿਜੇ ਕੁਮਾਰ ਜ਼ਿਲ੍ਹੇ ਭਰ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਲੈ ਰਹੇ ਸਨ, ਜਦਕਿ ਦੂਜੇ ਪਾਸੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਿਪਟੀ ਡਾਇਰੈਕਟਰ, ਸਹਾਇਕ ਸਿਵਲ ਸਰਜਨ ਸਮੇਤ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਕਈ ਅਫ਼ਸਰਾਂ ਦੇ ਕਮਰੇ ਵੀ ਇਸ ਤਰ੍ਹਾਂ ਦੇ ਸਨ, ਜਿੱਥੇ ਦਰਵਾਜ਼ਾ ਖੁੱਲ੍ਹਾ ਸੀ ਪਰ ਸਾਹਿਬ ਕੁਰਸੀ ’ਤੇ ਨਹੀਂ ਬੈਠੇ ਸਨ ਅਤੇ ਲਾਈਟ ਵੀ ਬੰਦ ਸੀ।
ਇਹ ਵੀ ਪੜ੍ਹੋ : ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ, 20 ਦੇ ਕਰੀਬ ਹਥਿਆਰਬੰਦਾਂ ਨੇ ਬੱਸ ਨੂੰ ਰੋਕ ਕੇ ਕੀਤੀ ਵੱਡੀ ਵਾਰਦਾਤ
ਜਦੋਂ ਜਗ ਬਾਣੀ ਦੀ ਟੀਮ ਨੇ ਹੋਰ ਮੁਲਾਜ਼ਮਾਂ ਦੇ ਕਮਰਿਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿਚੋਂ ਕੁਝ ਕਰਮਚਾਰੀ ਡਿਊਟੀ ’ਤੇ ਨਜ਼ਰ ਨਹੀਂ ਆਏ ਅਤੇ ਜਿਵੇਂ ਜਿਵੇਂ ਛੁੱਟੀ ਦਾ ਸਮਾਂ ਨੇੜੇ ਆਉਂਦਾ ਰਿਹਾ, ਓਵੇਂ-ਓਵੇ ਅਫ਼ਸਰ ਅਤੇ ਕਰਮਚਾਰੀ ਆਪਣੇ ਵਾਹਨਾਂ ਸਮੇਤ ਸਿਵਲ ਸਰਜਨ ਦਫ਼ਤਰ ਤੋਂ ਬਾਹਰ ਨਿਕਲਦੇ ਦੇਖੇ ਗਏ। ਜਗ ਬਾਣੀ ਦੀ ਟੀਮ ਛੁੱਟੀ ਤੋਂ ਬਾਅਦ ਸ਼ਾਮ 5:10 ਤੱਕ ਸਿਵਲ ਸਰਜਨ ਦਫ਼ਤਰ ਵਿਚ ਮੌਜੂਦ ਰਹੀ। ਇਸ ਦੌਰਾਨ ਵੱਡੇ ਸਾਹਿਬ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਕਰਦੇ ਦੇਖੇ ਗਏ, ਜਦੋਂਕਿ ਜਿਨ੍ਹਾਂ ਅਧਿਕਾਰੀਆਂ ਦੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਹੋਰ ਕਰਮਚਾਰੀ ਜੋ ਡਿਊਟੀ ਸਮੇਂ ਤੋਂ ਪਹਿਲਾਂ ਚਲੇ ਗਏ ਸਨ, ਦਫ਼ਤਰ ਨਹੀਂ ਆਏ। ਜਗ ਬਾਣੀ ਦੀ ਟੀਮ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਇਕ ਅਧਿਕਾਰੀ ਦਾ ਕਲਰਕ ਪਹਿਲਾਂ ਕਹਿ ਰਿਹਾ ਸੀ ਕਿ ਸਾਹਿਬ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿੱਚ ਮੀਟਿੰਗ ਲਈ ਗਏ ਹੋਏ ਹਨ, ਜਦੋਂ ਹਸਪਤਾਲ ਦੇ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਹਿਬ ਅੱਜ ਸਾਰਾ ਦਿਨ ਨਹੀਂ ਆਏ। ਇਸ ਦੌਰਾਨ ਸਾਹਿਬ ਨੂੰ ਪਤਾ ਲੱਗਾ ਕਿ ਜਗ ਬਾਣੀ ਦੀ ਟੀਮ ਦਫ਼ਤਰ ਦੀ ਜਾਂਚ ਕਰ ਰਹੀ ਹੈ ਤਾਂ ਕੁਝ ਸਮੇਂ ਬਾਅਦ ਅਚਾਨਕ ਉਨ੍ਹਾਂ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਾਹਿਬ ਨੇ ਅੱਧੇ ਦਿਨ ਦੀ ਛੁੱਟੀ ਲੈ ਲਈ ਹੈ। ਸਿਹਤ ਵਿਭਾਗ ਵੱਲੋਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਡਿਊਟੀ ’ਤੇ ਬਣੇ ਰਹਿਣ ਲਈ ਪੱਤਰ ਵੀ ਜਾਰੀ ਕੀਤਾ ਗਿਆ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਪੱਤਰ ਦਾ ਨਾ ਤਾਂ ਸੀਨੀਅਰ ਸਿਵਲ ਸਰਜਨ ਨੂੰ ਕੋਈ ਡਰ ਹੈ ਤੇ ਨਾ ਹੀ ਕੋਈ ਖਦਸ਼ਾ ਹੈ।
ਇਹ ਵੀ ਪੜ੍ਹੋ : ਬਾਰਿਸ਼ ਤੇ ਸੀਤ ਲਹਿਰ ਨੇ ਮੁੜ ਛੇੜੀ ਕੰਬਣੀ, ਮੌਸਮ ਵਿਭਾਗ ਵੱਲੋਂ ਅਜੇ ਵੀ ਸੰਘਣੀ ਧੁੰਦ ਪੈਣ ਦੇ ਆਸਾਰ
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਵੀ ਹਫ਼ਤੇ ਦਾ ਆਖ਼ਰੀ ਦਿਨ ਹੁੰਦਾ ਹੈ ਤਾਂ ਜ਼ਿਆਦਾਤਰ ਮੁਲਾਜ਼ਮ ਅਤੇ ਅਧਿਕਾਰੀ ਦੁਪਹਿਰ ਵੇਲੇ ਡਿਊਟੀ ਲਈ ਨਹੀਂ ਆਉਂਦੇ, ਜਦੋਂ ਇਸ ਸਬੰਧੀ ਸਿਵਲ ਸਰਜਨ ਡਾ. ਵਿਜੇ ਕੁਮਾਰ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਰ ਸ਼ਾਮ ਤੱਕ ਉਨ੍ਹਾਂ ਨੇ ਆਪਣੇ ਫ਼ੋਨ ਦਾ ਜਵਾਬ ਨਹੀਂ ਦਿੱਤਾ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਇਓਮੈਟ੍ਰਿਕ ਨਹੀਂ ਰਜਿਸਟਰ ’ਤੇ ਲਗਾਉਂਦੇ ਹਨ ਹਾਜ਼ਰੀ
ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਵਿਚ ਬਾਇਓਮੀਟ੍ਰਿਕ ਹਾਜ਼ਰੀ ਲਈ ਮਸ਼ੀਨਾਂ ਲਗਾਈਆਂ ਹਨ ਪਰ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਹੀ ਅਜਿਹਾ ਦਫ਼ਤਰ ਹੈ, ਜਿੱਥੇ ਲੰਬੇ ਸਮੇਂ ਤੋਂ ਨਾ ਤਾਂ ਕੋਈ ਬਾਇਓਮੈਟ੍ਰਿਕ ਮਸ਼ੀਨ ਲਗਾਈ ਗਈ ਹੈ ਅਤੇ ਨਾ ਹੀ ਅਧਿਕਾਰੀਆਂ ਨੇ ਮਸ਼ੀਨ ’ਤੇ ਹਾਜ਼ਰੀ ਲਗਾਉਣ ਲਈ ਕੋਈ ਗੰਭੀਰਤਾ ਦਿਖਾਈ ਹੈ। ਪਹਿਲਾਂ ਦਫ਼ਤਰ ਵਿਚ ਬਾਇਓਮੈਟ੍ਰਿਕ ਮਸ਼ੀਨ ਲੱਗੀ ਹੁੰਦੀ ਸੀ ਪਰ ਹੁਣ ਇਸ ਨੂੰ ਲੰਮੇ ਸਮੇਂ ਤੋਂ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਰੱਫੂਚੱਕਰ ਹੋਣ ਵਾਲੇ ਕਈ ਅਧਿਕਾਰੀ ਅਤੇ ਕਰਮਚਾਰੀ ਮਨਮਰਜ਼ੀਆਂ ਕਰ ਰਹੇ ਹਨ। ਸਵੇਰੇ ਇਕ ਸਮੇਂ ਆਉਂਦੇ ਵਕਤ ਰਜਿਸਟਰ ’ਤੇ ਹਾਜ਼ਰੀ ਲਗਾ ਦਿੰਦੇ ਹਨ, ਜਦਕਿ ਕਦੋਂ ਜਾਣਾ ਹੈ, ਇਸ ਸਬੰਧੀ ਰਜਿਸਟਰੀ ’ਤੇ ਹਾਜ਼ਰੀ ਨਹੀਂ ਲਗਾਉਂਦੇ। ਕਹਿਣ ਨੂੰ ਇਹ ਰਜਿਸਟਰ ਵੱਡੇ ਸਾਹਿਬ ਕੋਲ ਰਹਿੰਦਾ ਹੈ ਪਰ ਕੁਝ ਮੁਲਾਜ਼ਮ ਅਜਿਹੇ ਵੀ ਹਨ, ਜੋ ਵੱਡੇ ਸਾਹਿਬ ਦੇ ਸਾਹਮਣੇ ਹੀ ਦੇਰੀ ਨਾਲ ਆਉਂਦੇ ਹਨ ਅਤੇ ਹਾਜ਼ਰੀ ਲਗਾ ਜਾਂਦੇ ਹਨ। ਆਖਿਰਕਾਰ ਸਿਵਲ ਸਰਜਨ ਦਫਤਰ ਵਿਚ ਬਾਇਓਮੈਟ੍ਰਿਕ ਮਸ਼ੀਨ ਕਿਉਂ ਨਹੀਂ ਲੱਗ ਰਹੀ, ਇਹ ਵੀ ਇਕ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਵਿਅਕਤੀ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ
ਲੰਮੇ ਸਮੇਂ ਤੋਂ ਚਲ ਰਹੀ ਹੈ ਰਫੂਚੱਕਰ ਹੋਣ ਦੀ ਖੇਡ
ਸੂਤਰਾਂ ਦਾ ਕਹਿਣਾ ਹੈ ਕਿ ਸਿਵਲ ਸਰਜਣ ਦਫ਼ਤਰ ਵਿਚ ਕੋਈ ਪਹਿਲਾ ਦਿਨ ਨਹੀਂ ਹੈ ਕਿ ਜ਼ਿਆਦਾਤਰ ਮੁਲਾਜ਼ਮ ਅਤੇ ਅਧਿਕਾਰੀ ਡਿਊਟੀ ਸਮੇਂ ਤੋਂ ਪਹਿਲਾਂ ਹੀ ਚਲੇ ਜਾਂਦੇ ਹਨ, ਸਗੋਂ ਇਹ ਖੇਡ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਿਵਲ ਸਰਜਨ ਡਾ. ਵਿਜੇ ਕੁਮਾਰ ਅਗਲੇ ਕੁਝ ਮਹੀਨਿਆਂ ਵਿਚ ਸੇਵਾਮੁਕਤ ਹੋਣ ਵਾਲੇ ਹਨ ਅਤੇ ਉਹ ਵੀ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕੋਈ ਉਪਰਾਲਾ ਕਰਦੇ ਨਜ਼ਰ ਨਹੀਂ ਆ ਰਹੇ। ਜੇਕਰ ਪੰਜਾਬ ਸਰਕਾਰ ਸਿਵਲ ਸਰਜਨ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮੋਬਾਈਲ ਲੋਕੇਸ਼ਨਾਂ ਦੀ ਜਾਂਚ ਕਰਵਾਏ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆ ਸਕਦੇ ਹਨ।
ਖ਼ਬਰ ਨਾ ਛਾਪਣ ਦੀਆਂ ਸਿਫ਼ਾਰਸ਼ਾਂ ਲਈ ਆਉਂਦੀਆਂ ਰਹੀਆਂ ਕਾਲਾਂ
ਜਦੋਂ ਜਗ ਬਾਣੀ ਦੀ ਟੀਮ ਵੱਲੋਂ ਸਿਵਲ ਸਰਜਣ ਦੇ ਦਫ਼ਤਰ ਵਿਚ ਸਟਿੰਗ ਆਪ੍ਰੇਸ਼ਨ ਕੀਤਾ ਜਾ ਰਿਹਾ ਸੀ ਤਾਂ ਕੁਝ ਅਧਿਕਾਰੀ ਅਤੇ ਕੁਝ ਮੁਲਾਜ਼ਮ ਖ਼ਬਰ ਨਾ ਛਾਪਣ ਦੀ ਸਿਫ਼ਾਰਸ਼ ਕਰਦੇ ਰਹੇ, ਕਈ ਸਿਫ਼ਾਰਸ਼ ਕਰਨ ਵਾਲਿਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਵੱਡੇ ਸਾਹਿਬ ਹਨ, ਤੁਸੀਂ ਖ਼ਬਰ ਨਾ ਲਗਾਓ, ਪਤਾ ਨਹੀਂ ਕਦੋਂ ਜ਼ਰੂਰਤ ਪੈ ਜਾਵੇ, ਸਾਹਿਬ ਬਹੁਤ ਦਿਲ ਦੇ ਨੇਕ ਇਨਸਾਨ ਹਨ। ਕੋਈ ਜ਼ਰੂਰੀ ਕੰਮ ਪੈ ਗਿਆ ਹੋਵੇਗਾ, ਇਸ ਲਈ ਉਹ ਚਲੇ ਗਏ ਹਨ। ਕ੍ਰਿਪਾ ਕਰ ਕੇ ਖ਼ਬਰ ਨਾ ਛਾਪੋ। ਦੂਜੇ ਪਾਸੇ ਸਮਾਜ ਸੇਵਕ ਰਾਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ ਸਰਕਾਰ ਤੋਂ ਮੋਟੀਆਂ ਤਨਖ਼ਾਹਾਂ ਲੈ ਕੇ ਸਰਕਾਰ ਦੀਆਂ ਅੱਖਾਂ ਵਿਚ ਰੱਫੂਚੱਕ ਹੋਣ ਵਾਲੇ ਜ਼ਿਆਦਾਤਰ ਮੁਲਾਜ਼ਮ ਅਤੇ ਅਧਿਕਾਰੀ ਧੂਲ ਝੋਕ ਰਹੇ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ 'ਪੰਜਾਬ ਬਚਾਓ ਯਾਤਰਾ' ਦੀ ਸ਼ੁਰੂਆਤ, ਸੁਖਬੀਰ ਬਾਦਲ ਨੇ ਕਹੀਆਂ ਵੱਡੀਆਂ ਗੱਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ’ਤੇ ਗਲਤ ਪਾਰਕਿੰਗ ਕਰਨ ਵਾਲਿਆਂ ’ਤੇ ਟ੍ਰੈਫ਼ਿਕ ਪੁਲਸ ਨੇ ਕੱਸਿਆ ਸ਼ਿਕੰਜਾ, ਦਰਜਨ ਦੇ ਕਰੀਬ ਲੋਕਾਂ ਦੇ ਕੱਟੇ ਚਲਾਨ
NEXT STORY