ਪਠਾਨਕੋਟ,ਚੰਡੀਗੜ੍ਹ (ਕਮਲ, ਸ਼ਾਰਦਾ) : ਸੂਬਾ ਸਰਕਾਰ ਵਲੋਂ 'ਘਰ-ਘਰ ਹਰਿਆਲੀ' ਮੁਹਿੰਮ ਅਤੇ 'ਆਈ ਹਰਿਆਲੀ ਐਪ' ਤਹਿਤ ਵੱਖ-ਵੱਖ ਕੈਂਪਾਂ, ਪ੍ਰੋਗਰਾਮਾਂ ਅਤੇ ਨਰਸਰੀਆਂ ਰਾਹੀਂ ਹੁਣ ਤੱਕ 17,86,973 ਬੂਟੇ ਵੰਡੇ ਜਾ ਚੁੱਕੇ ਹਨ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ 'ਘਰ-ਘਰ ਹਰਿਆਲੀ' ਮੁਹਿੰਮ ਤਹਿਤ ਸੂਬੇ ਭਰ 'ਚ ਮੁਫ਼ਤ ਬੂਟੇ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸਾਧੂ ਸਿੰਘ ਧਰਮਸੌਤ ਜੰਗਲਾਤ ਮੰਤਰੀ ਪੰਜਾਬ ਨੇ ਅੱਜ ਐਵਲੋਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ ਵਿਭਾਗ ਵੱਲੋਂ ਕਰਵਾਏ ਜ਼ਿਲਾ ਪੱਧਰੀ ਵਣ-ਮਹਾਉਤਸਵ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੁੰਦਿਆਂ ਕੀਤਾ। ਇਸ ਮੌਕੇ ਧਰਮਸੌਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 5 ਜੂਨ ਨੂੰ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ 2 ਮਹੀਨਿਆਂ ਦੇ ਸਮੇਂ ਦੌਰਾਨ ਲੋਕਾਂ ਨੂੰ 17,86,973 ਬੂਟੇ ਮੁਫ਼ਤ ਵੰਡੇ ਜਾ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਸੂਬਾ ਸਰਕਾਰ ਵਲੋਂ ਲੋਕਾਂ ਨੂੰ ਆਨਲਾਈਨ ਬੁਕਿੰਗ ਰਾਹੀਂ ਆਪਣੀ ਪਸੰਦ ਦੇ ਬੂਟੇ ਹਾਸਲ ਕਰਨ ਲਈ ਸ਼ੁਰੂ ਕੀਤੀ 'ਆਈ ਹਰਿਆਲੀ' ਐਪ ਨੂੰ ਸੂਬੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਣ ਨੂੰ ਸਾਫ ਤੇ ਪ੍ਰਦੂਸ਼ਣ ਮੁਕਤ ਰੱਖੀਏ ਅਤੇ ਇਸ ਵਿਚ ਸਭ ਤੋਂ ਅਹਿਮ ਭੂਮਿਕਾ ਜੰਗਲਾਤ ਵਿਭਾਗ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਹ ਮਿਸ਼ਨ ਚਲਾ ਕੇ 28 ਜੁਲਾਈ ਨੂੰ ਪੰਜਾਬ ਪੱਧਰ 'ਤੇ ਵਣ-ਮਹਾਉਤਸਵ ਮਨਾਇਆ ਗਿਆ ਹੈ ਅਤੇ ਉਹ ਹੁਣ ਆਪ ਵੱਖ-ਵੱਖ ਜ਼ਿਲਿਆਂ ਵਿਚ ਪਹੁੰਚ ਕੇ ਮੁੱਖ ਮੰਤਰੀ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੋਕ ਇਸ ਵਣ ਮਹਾਉਤਸਵ ਨੂੰ ਦੀਵਾਲੀ, ਹੋਲੀ ਤੇ ਲੋਹੜੀ ਦੇ ਤਿਉਹਾਰਾਂ ਵਾਂਗ ਬੂਟੇ ਲਾ ਕੇ ਮਨਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਦੀ ਸੋਚ ਹੈ ਕਿ ਪੰਜਾਬ ਤੰਦਰੁਸਤ ਹੋਵੇ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਹੋਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੂਟਾ ਵੱਢਦਾ ਨਜ਼ਰ ਆਉਂਦਾ ਹੈ ਤਾਂ ਮਾਮਲਾ ਵਣ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲੇ ਵਿਚ ਜਿੰਨੇ ਵੀ ਬੂਟੇ ਚਾਹੀਦੇ ਹਨ, ਓਨੇ ਹੀ ਦਿੱਤੇ ਜਾਣਗੇ। ਇਸ ਮੌਕੇ ਅਮਿਤ ਮਹਾਜਨ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਵਿਵੇਕਸ਼ੀਲ ਸੋਨੀ ਐੱਸ. ਐੱਸ. ਪੀ. ਪਠਾਨਕੋਟ, ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
ਇਸ ਮੌਕੇ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਵਣ ਮੰਡਲ ਅਫਸਰ ਸੰਜੀਵ ਤਿਵਾੜੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਧੀਆ ਕਾਰਗੁਜ਼ਾਰੀ ਲਈ ਰੇਂਜ ਅਫਸਰਾਂ, ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਆਦਿ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਣ ਵਿਭਾਗ ਵੱਲੋਂ ਲੋਕਾਂ ਨੂੰ ਕਰੀਬ 2 ਹਜ਼ਾਰ ਵੱਖ-ਵੱਖ ਕਿਸਮਾਂ ਦੇ ਬੂਟੇ ਵੀ ਵੰਡੇ ਗਏ।
ਜੰਗ ਦਾ ਮੈਦਾਨ ਬਣੇਗੀ 'ਆਪ' ਦੀ ਕਾਨਫਰੰਸ, ਇੱਕੋ ਮੰਚ 'ਤੇ ਭਿੜਨਗੇ ਖਹਿਰਾ-ਮਾਨ! (ਵੀਡੀਓ)
NEXT STORY