ਅੰਮ੍ਰਿਤਸਰ (ਛੀਨਾ) - 8 ਮਈ 2026 ਦੀ ਰਾਤ ਨੂੰ ਸ਼ਹੀਦ ਊਧਮ ਸਿੰਘ ਨਗਰ ਇਲਾਕੇ ’ਚ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਵਿਅਕਤੀ ਨੂੰ ਪੁਲਸ ਗ੍ਰਿਫਤਾਰ ਕਰ ਕੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਦੀ ਬਜਾਏ ਲੱਗਦਾ ਅਜੇ ਮੇਰੇ ਨਾਲ ਕੋਈ ਵੱਡੀ ਅਣਹੋਣੀ ਘਟਨਾ ਵਾਪਰਨ ਦੀ ਉਡੀਕ ਵਿਚ ਹੈ।
ਇਹ ਵਿਚਾਰ ਗਗਨਦੀਪ ਸਿੰਘ ਗਗਨ ਚੌਹਾਨ ਪੁੱਤਰ ਜਸਬੀਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਉਕਤ ਗੋਲੀਕਾਂਡ ਟਾਈਮ ਮੈਂ ਆਪਣੇ ਕੁਝ ਸਾਥੀਆਂ ਨਾਲ ਗਲੀ ’ਚ ਹੀ ਖੜ੍ਹਾ ਸੀ, ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਤੁਰੰਤ ਇਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਮੈਂ 112 ਨੰਬਰ ’ਤੇ ਫੋਨ ਕਰ ਕੇ ਘਟਨਾ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਥੋੜ੍ਹੀ ਦੇਰ ਬਾਅਦ ਪਹੁੰਚੀ ਪੁਲਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ੍ਹ ਵੀ ਬਰਾਮਦ ਕੀਤੇ।
ਗਗਨ ਚੌਹਾਨ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕਰ ਰਹੀ ਪੁਲਸ ਨੇ ਜਦੋਂ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਤਾਂ ਪਤਾ ਲੱਗਾ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਸਾਡੀ ਗਲੀ ਦਾ ਹੀ ਰਹਿਣ ਵਾਲਾ ਹੈ ਜਿਸ ਨੇ ਕੁਝ ਦਿਨ ਪਹਿਲਾਂ ਹੀ ਮੈਨੂੰ ਸਨੈਪਚੈਟ ’ਤੇ ਹਥਿਆਰਾਂ ਦੀ ਇਕ ਵੀਡੀਓ ਵੀ ਭੇਜੀ ਸੀ। ਗਗਨ ਚੌਹਾਨ ਨੇ ਕਿਹਾ ਕਿ ਸੀ.ਸੀ.ਟੀ.ਵੀ.ਕੈਮਰਿਆਂ ਦੀ ਫੁਟੇਜ ਦੇਖ ਕੇ ਇਹ ਗੱਲ ਸਾਫ ਹੋ ਗਈ ਕਿ ਉਕਤ ਵਿਅਕਤੀ ਨੇ ਮੈਨੂੰ ਹੀ ਡਰਾਉਣ ਧਮਕਾਉਣ ਦੀ ਨੀਯਤ ਨਾਲ ਇਲਾਕੇ ’ਚ ਗੋਲੀਆਂ ਚਲਾਈਆਂ ਹਨ ਕਿਉਂਕਿ ਉਸ ਦੇ ਜੀਜੇ ਨਾਲ ਕੁਝ ਸਮਾਂ ਪਹਿਲਾਂ ਮੇਰਾ ਸੋਨੇ ਦਾ ਕਾਰੋਬਾਰ ਸਾਂਝਾ ਸੀ ਤੇ ਫਿਰ ਕਿਸੇ ਗੱਲ ਤੋਂ ਸਾਡੀ ਵਿਗੜ ਗਈ ਅਤੇ ਅਸੀਂ ਕਾਰੋਬਾਰੀ ਭਾਈਵਾਲੀ ਖਤਮ ਕਰ ਲਈ।
ਉਨ੍ਹਾਂ ਕਿਹਾ ਕਿ ਇਸ ਗੋਲੀਕਾਂਡ ਸਬੰਧੀ ਥਾਣਾ ਬੀ.ਡਵੀਜਨ ਦੀ ਪੁਲਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਕੇਸ ਵਿਚ ਉਕਤ ਗੋਲੀਆਂ ਚਲਾਉਣ ਵਾਲੇ ਵਿਅਕਤੀ ਅਤੇ ਮੋਕੇ ਤੋਂ ਬਰਾਮਦ ਕੀਤੇ ਗਏ ਖੋਲਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਅਸਲ ਮਕਸਦ ਦਾ ਪਤਾ ਲਗਾਉਣ ਲਈ ਅੰਮ੍ਰਿਤਸਰ ਦੇ ਪਹਿਲੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਮੈਂ ਮਿਲ ਕੇ ਦਰਖਾਸਤ ਦਿੱਤੀ ਸੀ ਜਿਸ ’ਤੇ ਪੁਲਸ ਨੇ ਕੋਈ ਗੌਰ ਨਹੀਂ ਕੀਤਾ ਅਤੇ ਹੁਣ ਫਿਰ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੂੰ ਮਿਲ ਕੇ ਜਾਂਚ ਲਈ ਅਪੀਲ ਕੀਤੀ ਗਈ ਹੈ ਜਿਨ੍ਹਾਂ ਨੇ ਇਕ ਪੁਲਸ ਅਧਿਕਾਰੀ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਸੌਂਪ ਦਿੱਤੀ ਹੈ।
ਗਗਨ ਚੌਹਾਨ ਨੇ ਕਿਹਾ ਕਿ ਪੁਲਸ ਦੀ ਢਿੱਲੀ ਕਾਰਵਾਈ ਸਦਕਾ ਹੀ ਮਾੜੇ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ, ਜੇਕਰ ਪੁਲਸ ਨੇ ਇਸ ਵਾਰ ਵੀ ਗੋਗਲੂਆਂ ਤੋਂ ਮਿਟੀ ਝਾੜਨ ਵਾਲੀ ਕਾਰਵਾਈ ਹੀ ਕੀਤੀ ਤਾਂ ਮੈਨੂੰ ਇਨਸਾਫ ਲਈ ਮਜਬੂਰਨ ਹਾਈਕੋਰਟ ਦਾ ਦਰਵਾਜਾ ਖੜਕਾਉਣਾ ਪਵੇਗਾ।
ਅਟਾਰੀ ਤੇ ਸਾਦਕੀ ਬਾਰਡਰ ’ਤੇ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ
NEXT STORY