ਤਰਨਤਾਰਨ (ਰਮਨ)- ਸਥਾਨਕ ਵਰਿੰਦਾਵਨ ਕਾਲੋਨੀ ਨਜ਼ਦੀਕ ਮੌਜੂਦ ਹੋਟਲ ਸੈਵਨ ਸਟਾਰ ਵਿਖੇ ਬੀਤੇ ਦਿਨੀਂ ਬਿਜਲੀ ਚੋਰੀ ਦੀ ਚੈਕਿੰਗ ਕਰਨ ਪੁੱਜੇ ਪਾਵਰ ਕਾਰਪੋਰੇਸ਼ਨ ਵਿਭਾਗ ਦੇ ਇਨਫ਼ੋਰਸਮੈਂਟ ਅਧਿਕਾਰੀ ਖ਼ਿਲਾਫ਼ 2 ਲੱਖ ਰੁਪਏ ਰਿਸ਼ਵਤ ਮੰਗਣ ਸਬੰਧੀ ਹੋਟਲ ਮਾਲਕ ਵੱਲੋਂ ਦੋਸ਼ ਲਾਏ ਗਏ ਸਨ, ਜਿਸ ਤੋਂ ਬਾਅਦ ਪਾਵਰ ਕਾਰਪੋਰੇਸ਼ਨ ਵੱਲੋਂ ਹੋਟਲ ਮਾਲਕ ਖ਼ਿਲਾਫ਼ ਬਿਜਲੀ ਚੋਰੀ ਕਰਨ ਸਬੰਧੀ 28 ਲੱਖ ਰੁਪਏ ਤੋਂ ਵੱਧ ਜੁਰਮਾਨਾ ਕਰਨ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਪਾਵਰ ਕਾਰਪੋਰੇਸ਼ਨ ਵੱਲੋਂ ਥਾਣਾ ਸਿਟੀ ਤਰਨਤਾਰਨ ਨੂੰ ਦਿੱਤੀ ਗਈ ਦਰਖ਼ਾਸਤ ਤੋਂ ਬਾਅਦ ਹੋਟਲ ਮਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਥਾਨਕ ਉਕਤ ਹੋਟਲ ਵਿਖੇ ਬਿਜਲੀ ਚੋਰੀ ਕੀਤੇ ਜਾਣ ਸਬੰਧੀ ਮਿਲੀ ਸ਼ਿਕਾਇਤ ਤੋਂ ਬਾਅਦ ਅੰਮ੍ਰਿਤਸਰ ਪਾਵਰ ਕਾਰਪੋਰੇਸ਼ਨ ਦੇ ਇਨਫ਼ੋਰਸਮੈਂਟ ਅਧਿਕਾਰੀ ਕੁਲਵੰਤ ਸਿੰਘ ਧੰਨੋਆ ਸਮੇਤ ਟੀਮ ਹੋਟਲ ਮਿਤੀ 17 ਅਪ੍ਰੈਲ ਨੂੰ ਸਵੇਰੇ ਪੁੱਜ ਗਏ। ਇਸ ਟੀਮ ਵੱਲੋਂ ਜਦੋਂ ਬਿਜਲੀ ਚੋਰੀ ਕੀਤੇ ਜਾਣ ਨੂੰ ਲੈ ਕੇ ਹੋਟਲ ਮਾਲਕ ਹਰਜਿੰਦਰ ਸਿੰਘ ਢਿੱਲੋਂ ਤੇ ਉਸ ਦੇ ਬੇਟੇ ਜਗਜੀਤ ਸਿੰਘ ਢਿੱਲੋਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਇਹਨਾਂ ਦੋਵਾਂ ਧਿਰਾਂ ’ਚ ਤਕਰਾਰ ਪੈਦਾ ਹੋ ਗਿਆ। ਇਸ ਦੌਰਾਨ ਹੋਟਲ ਮਾਲਕ ਵੱਲੋਂ ਅਧਿਕਾਰੀ ਕੁਲਵੰਤ ਸਿੰਘ ਖ਼ਿਲਾਫ਼ 2 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵੀ ਲਾ ਦਿੱਤੇ ਗਏ। ਪਾਵਰ ਕਾਰਪੋਰੇਸ਼ਨ ਦੀ ਟੀਮ ਵੱਲੋਂ ਜਦੋਂ ਹੋਟਲ ਦੀ ਬਿਜਲੀ ਸਪਲਾਈ ਬੰਦ ਕਰਨ ਲਈ ਸਥਾਨਕ ਟੀਮ ਨੂੰ ਬੁਲਾਇਆ ਗਿਆ ਤਾਂ ਇਸ ਦੌਰਾਨ ਦੋਵਾਂ ਧਿਰਾਂ ’ਚ ਕਾਫ਼ੀ ਬਹਿਸ ਵੀ ਹੁੰਦੀ ਨਜ਼ਰ ਆਈ।
ਇਹ ਵੀ ਪੜ੍ਹੋ- 25 ਲੱਖ ਤੋਂ ਵੱਧ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼, 27 ਨੂੰ ਗਵਰਨਰ ਨੂੰ ਸੌਂਪੇ ਜਾਣਗੇ ਪ੍ਰੋਫ਼ਾਰਮੇ
ਪਾਵਰ ਕਾਰਪੋਰੇਸ਼ਨ ਦੇ ਐੱਸ. ਡੀ. ਓ. ਗੋਹਲਵੜ ਜਗਤਾਰ ਸਿੰਘ ਵੱਲੋਂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਬਿਜਲੀ ਚੋਰੀ ਫੜੇ ਜਾਣ ਤੋਂ ਬਾਅਦ ਹੋਟਲ ਮਾਲਕ ਹਰਜਿੰਦਰ ਸਿੰਘ ਢਿੱਲੋਂ ਵੱਲੋਂ ਵਧੀਕ ਨਿਗਰਾਨ ਇੰਜੀ. ਇਨਫੋਰਸਮੈਂਟ ਅੰਮ੍ਰਿਤਸਰ ਕੁਲਵੰਤ ਸਿੰਘ ਧੰਨੋਆ ਨਾਲ ਝਗੜਾ ਕੀਤਾ ਗਿਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਪਿਸਤੌਲ ਕੱਢ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਹੋਟਲ ਮਾਲਕ ਵੱਲੋਂ ਸਰਕਾਰੀ ਡਿਊਟੀ ’ਚ ਵਿਘਨ ਪਾਇਆ ਗਿਆ ਤੇ ਕਰਮਚਾਰੀਆਂ ਨਾਲ ਦੁਰ-ਵਿਵਹਾਰ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਹੋਟਲ ਸੈਵਨ ਸਟਾਰ ਦੇ ਮਾਲਕ ਹਰਜਿੰਦਰ ਸਿੰਘ ਢਿੱਲੋਂ ਪੁੱਤਰ ਸੂਬਾ ਸਿੰਘ ਵਾਸੀ ਪਿੰਡ ਕੱਕਾ ਕੰਡਿਆਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਅਰੁਣਾਚਲ ਪ੍ਰਦੇਸ਼ ’ਚ ਗੁਰਦੁਆਰੇ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ’ਤੇ ਹਮਲਾ : ਐਡਵੋਕੇਟ ਧਾਮੀ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸ਼ਹਿਰੀ ਐਕਸੀਅਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਹੋਟਲ ਦੇ ਮਾਲਕ ਨੂੰ ਬਿਜਲੀ ਚੋਰੀ ਕਰਨ ਤਹਿਤ 28 ਲੱਖ ਰੁਪਏ ਤੋਂ ਵੱਧ ਰਕਮ ਸਬੰਧੀ ਜੁਰਮਾਨੇ ਦਾ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੋਟਲ ਦੀ ਬਿਜਲੀ ਸਪਲਾਈ ਬੰਦ ਕਰਨ ਸਬੰਧੀ ਪੁਲਸ ਸੁਰੱਖਿਆ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਹੋਟਲ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਤੇ ਜੁਰਮਾਨੇ ਦੀ ਰਕਮ ਵਸੂਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲ ਜੀਤ ਸਿੰਘ ਨੇ ਦੱਸਿਆ ਕਿ ਹੋਟਲ ਸੈਵਨ ਸਟਾਰ ਦੇ ਮਾਲਕ ਹਰਜਿੰਦਰ ਸਿੰਘ ਢਿੱਲੋਂ ਖ਼ਿਲਾਫ਼ ਥਾਣਾ ਸਿਟੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਹੋਟਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ, ਜਿਸ ਦੀ ਤਫ਼ਤੀਸ਼ ਕਰਨ ਤੋਂ ਬਾਅਦ ਅਗਲੇਰੀ ਹੋਰ ਕਾਰਵਾਈ ਵੀ ਅਮਲ ’ਚ ਲਿਆਂਦੀ ਜਾ ਸਕਦੀ ਹੈ।
ਇਹ ਵੀ ਪੜ੍ਹੋ- SGPC ਦਾ ਵੱਡਾ ਫ਼ੈਸਲਾ, ਸੰਗਤ ਨੂੰ ਰਹਿਤ ਮਰਿਆਦਾ ਦੀ ਜਾਣਕਾਰੀ ਦੇਣ ਲਈ ਚੁੱਕਣ ਜਾ ਰਹੀ ਇਹ ਕਦਮ
ਉਧਰ ਹੋਟਲ ਮਾਲਕ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਪਾਵਰ ਕਾਰਪੋਰੇਸ਼ਨ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਵੱਲੋਂ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਜਿਸ ਬਾਬਤ ਉਹ ਇਨਸਾਫ਼ ਲੈਣ ਲਈ ਹਰ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
25 ਲੱਖ ਤੋਂ ਵੱਧ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼, 27 ਨੂੰ ਗਵਰਨਰ ਨੂੰ ਸੌਂਪੇ ਜਾਣਗੇ ਪ੍ਰੋਫ਼ਾਰਮੇ
NEXT STORY