ਤਰਨਤਾਰਨ (ਰਮਨ)- ਸਥਾਨਕ ਸ਼ਹਿਰ ’ਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਨੂੰ ਰੋਕਣ ਵਿਚ ਪੁਲਸ ਜਿੱਥੇ ਅਸਫ਼ਲ ਸਾਬਤ ਹੋ ਰਹੀ ਹੈ ਉੱਥੇ ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਵਧਦੇ ਨਜ਼ਰ ਆ ਰਹੇ ਹਨ। ਰਾਤ ਸਮੇਂ ਗਲੀਆਂ-ਮੁਹੱਲਿਆਂ ਵਿਚ ਬੇਖੌਫ਼ ਹੋ ਘੁੰਮਦੇ ਲੁਟੇਰਿਆਂ ਦੇ ਗਿਰੋਹਾਂ ਨੂੰ ਵੇਖ ਲੋਕਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ। ਇਸ ਦੀਆਂ ਤਾਜ਼ਾ ਮਿਸਾਲਾਂ ਬੀਤੀ ਰਾਤ ਉਸ ਵੇਲੇ ਦੇਖਣ ਨੂੰ ਮਿਲੀਆਂ ਜਦੋਂ ਥਾਣੇ ਦੀ 100 ਗਜ਼ ਦੂਰੀ ’ਤੇ ਇਕ ਪ੍ਰਵਾਸੀ ਰੇਹੜੀ ਵਾਲੇ ਨੂੰ ਲੁੱਟ ਦਾ ਸ਼ਿਕਾਰ ਬਣਾ ਲਿਆ ਗਿਆ ਜਦ ਕਿ ਚੌਂਕ ਨੰਗੇ ਪੈਰਾਂ ਵਾਲੇ ਵਿਖੇ 2 ਲਗਜ਼ਰੀ ਕਾਰਾਂ ਨੂੰ ਚੋਰੀ ਕਰ ਲਿਆ ਗਿਆ।
ਸਥਾਨਕ ਸ਼ਹਿਰ ਵਿਚ ਬੀਤੇ 6 ਮਹੀਨਿਆਂ ਵਿਚ ਥਾਣਾ ਸਿਟੀ ਵਿਖੇ ਦਰਜ ਕਰਵਾਈਆਂ ਗਈਆਂ ਆਨ ਰਿਕਾਰਡ ਸ਼ਿਕਾਇਤਾਂ ਦੌਰਾਨ 280 ਤੋਂ ਵੱਧ ਵਾਹਨ ਚੋਰੀ ਹੋ ਚੁੱਕੇ ਹਨ, ਜਦ ਕਿ ਇਸ ਤੋਂ ਦੋਗੁਣਾ ਅਜਿਹੇ ਲੋਕ ਹਨ ਜੋ ਸ਼ਿਕਾਇਤ ਹੀ ਨਹੀਂ ਦਰਜ ਕਰਵਾ ਪਾਏ। ਸ਼ਹਿਰ ਦੇ ਚਾਰੇ ਪਾਸੇ ਮੌਜੂਦ ਸਡ਼ਕਾਂ ਉੱਪਰ ਬੇਖੌਫ਼ ਹੋ ਘੁੰਮ ਲੁਟੇਰਿਆਂ ਵਲੋਂ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਬਾਇਲ ਫੋਨ ਅਤੇ ਪਰਸ ਖੋਹੇ ਜਾ ਰਹੇ ਹਨ। ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਖੇ ਰੋਜ਼ਾਨਾ 2 ਤੋਂ 5 ਦਰਖ਼ਾਸਤਾਂ ਦਰਜ ਕਰਵਾਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ- ਬਟਾਲਾ ਦੇ 22 ਸਾਲਾ ਨੌਜਵਾਨ ਦੀ ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਬੀਤੀ ਰਾਤ ਕਰੀਬ 9 ਵਜੇ ਜਦੋਂ ਆਸ-ਪਾਸ ਸਾਰੇ ਬਾਜ਼ਾਰ ਖੁੱਲੇ੍ਹ ਹੋਏ ਸਨ ਅਤੇ ਥਾਣਾ ਸਿਟੀ ਦੀ 100 ਗਜ਼ ਦੂਰੀ ਉਪਰ ਤਹਿਸੀਲ ਚੌਂਕ ਵਿਖੇ ਮੌਜੂਦ ਇਕ ਪ੍ਰਵਾਸੀ ਸੁਰੇਸ਼ ਕੁਮਾਰ ਪੁੱਤਰ ਜੀਵਨ ਸਿੰਘ ਵਾਸੀ ਅਜਨਾਲਾ ਰੋਡ ਤਰਨ ਤਾਰਨ ਜੋ ਗੋਲ ਗੱਪੇ ਦੀ ਰੇਹੜੀ ਲਗਾਉਂਦਾ ਹੈ ਨੂੰ 2 ਵਿਅਕਤੀਆਂ ਵਲੋਂ ਹਥਿਆਰ ਦੀ ਨੋਕ ਉੱਪਰ ਨਿਸ਼ਾਨਾ ਬਣਾਉਂਦੇ ਹੋਏ ਸ਼ਰੇਆਮ ਖਿਚ-ਧੂਹ ਕਰਦੇ ਹੋਏ ਸਵਿਫਟ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੁਟੇਰਿਆਂ ਵਲੋਂ ਰੇਹੜੀ ਦੇ ਗੱਲੇ ਵਿਚ ਮੌਜੂਦ 5 ਹਜ਼ਾਰ ਰੁਪਏ ਦੀ ਰਾਸ਼ੀ ਲੁੱਟ ਮੌਕੇ ਤੋਂ ਫ਼ਰਾਰ ਹੋ ਗਏ। ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਨਵੀਨ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਗਲੀ ਕਸ਼ਮੀਰੀਆਂ ਵਾਲੀ ਚੌਂਕ ਨੰਗੇ ਪੈਰਾਂ ਵਾਲਾ ਤਰਨਤਾਰਨ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੀ ਗੋਲਡਨ ਰੰਗ ਦੀ ਹਾਂਡਾ ਸਿਟੀ ਕਾਰ ਚੌਂਕ ਵਿਚ ਖੜੀ ਕਰ ਕੇ ਘਰ ਚਲਾ ਗਿਆ। ਜਦੋਂ ਉਸ ਨੇ ਤੜਕੇ ਉੱਠ ਕੇ ਵੇਖਿਆ ਤਾਂ ਉਸ ਦੀ ਕਾਰ ਚੋਰੀ ਹੋ ਚੁੱਕੀ ਸੀ। ਨਵੀਨ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਚੋਰ ਇਕ ਮਿੰਟ ਵਿਚ ਉਸਦੀ ਕਾਰ ਚੋਰੀ ਕਰਕੇ ਫ਼ਰਾਰ ਹੋ ਗਏ, ਜਿਸ ਸਬੰਧੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਇਸ ਬਾਬਤ ਥਾਣਾ ਸਿਟੀ ਦੀ ਪੁਲਸ ਨੂੰ ਦਰਖਾਸਤ ਦਿੰਦੇ ਹੋਏ ਇਨਸਾਫ ਦੀ ਮੰਗ ਕੀਤੀ ਗਈ ਹੈ।
ਇਸੇ ਤਰ੍ਹਾਂ ਇੰਦਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਛੱਪੜ ਵਾਲੀ ਗਲੀ ਤਰਨਤਾਰਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਰਾਤ ਉਸ ਦੀ ਟਾਟਾ ਸਫ਼ਾਰੀ ਗੱਡੀ ਜੋ ਚੌਂਕ ਨੰਗੇ ਪੈਰਾਂ ਵਾਲਾ ਵਿਖੇ ਖੜ੍ਹੀ ਕੀਤੀ ਗਈ ਸੀ ਉਹ ਤੜਕਸਾਰ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਈ ਗਈ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਵੈ-ਇੱਛਾ ਸੇਵਾਵਾਂ ਖ਼ਤਮ ਕਰਨ ਦਾ ਲਿਆ ਫ਼ੈਸਲਾ
ਬਾਕਸ-ਮੈਡੀਕਲ ਸਟੋਰ ਮਾਲਕ ਨੂੰ ਪਿਸਤੌਲ ਦੀ ਨੋਕ ਉੱਪਰ ਬਣਾਇਆ ਨਿਸ਼ਾਨਾ
ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀ ਪਿੰਡ ਬੱਚੜੇ ਨੇ ਦੱਸਿਆ ਕਿ ਉਹ ਪਿੰਡ ਦੀਨੇਵਾਲ ਵਿਖੇ ਵਧਨ ਮੈਡੀਕਲ ਸਟੋਰ ਦਾ ਮਾਲਕ ਹੈ। ਬੀਤੇ ਬੁੱਧਵਾਰ ਰਾਤ ਕਰੀਬ ਸਾਢੇ ਅੱਠ ਵਜੇ ਜਦੋਂ ਉਹ ਆਪਣਾ ਮੈਡੀਕਲ ਸਟੋਰ ਬੰਦ ਕਰਕੇ ਪਿੰਡ ਬੱਚੜੇ ਲਈ ਆਪਣੇ ਮੋਟਰਸਾਈਕਲ ਰਾਹੀਂ ਰਵਾਨਾ ਹੋਇਆ ਤਾਂ ਉਸ ਨੂੰ ਪਿੰਡ ਭੁੱਲਰ ਦੇ ਪੁਲ ਵਿਖੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਚੱਲਦੇ ਮੋਟਰਸਾਈਕਲ ਦੀ ਚਾਬੀ ਖੋਂਹਦੇ ਹੋਏ ਰੋਕ ਲਿਆ। ਲੁਟੇਰਿਆਂ ਜਿਨ੍ਹਾਂ ਕੋਲ ਪਿਸਤੌਲ ਅਤੇ ਦਾਤਰ ਮੌਜੂਦ ਸਨ ਨੇ ਉਸਦਾ ਪਰਸ, ਜਿਸ ਵਿਚ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ, ਬੈਂਕ ਦੇ ਕਾਰਡ ਤੋਂ ਇਲਾਵਾ 8200 ਰੁਪਏ ਦੀ ਨਕਦੀ ਮੌਜੂਦ ਸੀ ਖੋਹ ਲਿਆ ਗਿਆ। ਜਿਸ ਤੋਂ ਬਾਅਦ ਜਦੋਂ ਲੁਟੇਰੇ ਉਸ ਦਾ ਮੋਟਰਸਾਈਕਲ ਖੋਹਣ ਲੱਗੇ ਤਾਂ ਉਸ ਵਲੋਂ ਵਿਰੋਧ ਕੀਤੇ ਜਾਣ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਲੁਟੇਰੇ ਉਸ ਦਾ ਮੋਟਰਸਾਈਕਲ ਖੋਹ ਮੌਕੇ ਤੋਂ ਫਰਾਰ ਹੋ ਗਏ। ਜਸਪਾਲ ਸਿੰਘ ਨੇ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ।
ਗੱਲਬਾਤ ਕਰਦੇ ਹੋਏ ਸ਼ਹਿਰ ਦੇ ਵਪਾਰੀਆਂ, ਜਿਨ੍ਹਾਂ ਵਿਚ ਅਨਿਲ ਕੁਮਾਰ ਸ਼ੰਭੂ, ਸੁਖਬੀਰ ਸਿੰਘ ਸੱਗੂ, ਗਗਨਦੀਪ ਸਿੰਘ ਚਾਵਲਾ, ਜਤਿੰਦਰ ਕੁਮਾਰ ਵਧਵਾ, ਪਵਨ ਕੁਮਾਰ ਮੁਰਾਦਪੁਰਾ, ਨਰਿੰਦਰ ਪੁਰੀ, ਮਨੀਸ਼ ਸਚਦੇਵਾ, ਅਮਨ ਸਬਜ਼ੀ ਵਾਲੇ, ਦਵਿੰਦਰ ਸ਼ਰਮਾ ਕੋਲਡ ਡਰਿੰਕਸ ਵਾਲੇ, ਮੁਕੇਸ਼ ਗੁਪਤਾ, ਸਤਿੰਦਰਬੀਰ ਸਿੰਘ ਗੰਨ ਹਾਊਸ ਵਾਲੇ, ਹਰਿੰਦਰ ਸਿੰਘ ਰਾਣਾ, ਰਵੀ ਕੁਮਾਰ ਗਗਨ, ਸੁਖਦੇਵ ਸਿੰਘ ਦਵਾਈਆਂ ਵਾਲੇ, ਏ.ਵਨ ਬਿੱਲੂ, ਪੱਪੂ ਚੌਧਰੀ ਆਦਿ ਨੇ ਦੱਸਿਆ ਕਿ ਸ਼ਹਿਰ ਵਿਚ ਪੁਲਸ ਗਸ਼ਤ ਦੀ ਘਾਟ ਕਾਰਨ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਪਾਰੀ ਸਹਿਮ ਭਰੇ ਮਾਹੌਲ ਵਿਚ ਕੰਮ ਕਰਨ ਲਈ ਮਜ਼ਬੂਰ ਰਹਿੰਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਪਾਸੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਸ਼ਹਿਰ ਵਿਚ ਵਧੀਆ ਪੁਲਸ ਅਫਸਰਾਂ ਨੂੰ ਤਾਇਨਾਤ ਕਰਦੇ ਹੋਏ ਕ੍ਰਾਈਮ ਨੂੰ ਨੱਥ ਪਾਈ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਸ ਵਲੋਂ ਦਿਨ-ਰਾਤ ਪੂਰੀ ਮਿਹਨਤ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਕ੍ਰਾਈਮ ਉੱਪਰ ਨੱਥ ਪਾਈ ਜਾਵੇਗੀ।
ਇਹ ਵੀ ਪੜ੍ਹੋ- ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ, ਜਾਣੋ ਆਉਣ ਵਾਲੇ 5 ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅਦਾਲਤ ਦੇ ਹੁਕਮਾਂ ਦੀ ਉਲੰਘਣਾ: ਝਗੜੇ ਦੇ ਮਾਮਲੇ ’ਚ ਪੁਲਸ ਕਾਰਵਾਈ ਦੇ ਚੱਕਰ ’ਚ ਪਾਉਂਦੇ ਹਨ ਸਰਕਾਰੀ ਡਾਕਟਰ
NEXT STORY