ਗੋਇੰਦਵਾਲ ; ‘ਵਾਰਿਸ ਪੰਜਾਬ ਸੰਗਠਨ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਪਿੰਡ ਧੂੰਦਾ ਦੇ ਸਰਬਜੀਤ ਧੂੰਦਾ ਨੂੰ ਮਾੜਾ-ਚੰਗਾ ਬੋਲਣ ਤੋਂ ਬਾਅਦ ਪਿੰਡ ਵਾਸੀ ਪ੍ਰਚਾਰਕ ਦੇ ਹੱਕ 'ਚ ਖੜ੍ਹੇ ਹੋ ਗਏ। ਪਿੰਡ ਦੇ ਸਰਪੰਚ ਸਵਰਣ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿੰਡ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਸਰਬਜੀਤ ਸਿੰਘ ਵਿਸ਼ਵ ਪ੍ਰਸਿੱਧ ਕਥਾਵਾਚਕ ਹਨ, ਜਿਨ੍ਹਾਂ ਦੀ ਆਲੋਚਨਾ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਗਈ ਹੈ। ਸਰਪੰਚ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਸਰਬਜੀਤ ਧੂੰਦਾ ਨੇ ਬਹੁਤ ਕਿਤਾਬਾਂ ਪੜ੍ਹ ਕੇ ਖੋਜ ਕੀਤੀ ਹੈ ਅਤੇ ਪਿੰਡ 'ਚ ਉਨ੍ਹਾਂ ਦਾ ਬੇਹੱਦ ਸਤਿਕਾਰ ਹੈ।
ਸਰਪੰਚ ਸਵਰਣ ਸਿੰਘ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਤੋਂ ਅਜਿਹੀ ਟੀਕਾ-ਟਿੱਪਣੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਦੋਂ ਵੀ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਦੇ ਪਿੰਡ ਆਉਣਾ ਹੈ ਤਾਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪਿੰਡ ਦੀ ਪੰਚਾਇਤ ਨੂੰ ਮਿਲਿਆ ਜਾਵੇ ਅਤੇ ਸਭ ਦਾ ਸਹਿਯੋਗ ਲੈ ਕੇ ਜੋ ਕੰਮ ਕਰਨੇ ਹਨ, ਉਹ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨਾਲ ਆਏ ਲੋਕਾਂ ਦਾ ਵਰਤਾਓ ਵੀ ਪਿੰਡ ਵਾਸੀਆਂ ਨੂੰ ਪਸੰਦ ਨਹੀਂ ਆਇਆ। ਪਿੰਡ ਧੂੰਦਾ ਦੇ ਰਹਿਣ ਵਾਲੇ ਨਿਰਵੈਲ ਸਿੰਘ ਵੱਲੋਂ ਵੀ ਸਰਬਜੀਤ ਧੂੰਦਾ ਦੀ ਤਾਰੀਫ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਸਰਬਜੀਤ ਧੂੰਦਾ ਬਾਰੇ ਜੋ ਮਾੜੀਆਂ ਗੱਲਾਂ ਕਹੀਆਂ ਗਈਆਂ, ਅਸੀਂ ਉਨ੍ਹਾਂ ਦੀ ਨਿਖ਼ੇਧੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਰਬਜੀਤ ਧੂੰਦਾ ਬਹੁਤ ਵਧੀਆ ਪ੍ਰਚਾਰ ਕਰਦੇ ਹਨ।
ਉੁਨ੍ਹਾਂ ਕਿਹਾ ਕਿ ਸਰਬਜੀਤ ਧੂੰਦਾ ਕਰਕੇ ਸਾਡੇ ਪਿੰਡ 'ਚ ਨਿਰੋਲ ਗੁਰਮਤਿ ਦਾ ਪ੍ਰਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ 'ਚ ਕੋਈ ਨਸ਼ਾ ਨਹੀਂ ਵਿਕਦਾ ਕਿਉਂਕਿ ਸਰਬਜੀਤ ਧੂੰਦਾ ਨੇ ਨਸ਼ਿਆਂ ਖ਼ਿਲਾਫ਼ ਬਹੁਤ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਪਿੰਡ ਨਸ਼ਾ ਵਿਕਦਾ ਹੁੰਦਾ ਤਾਂ ਅੰਮ੍ਰਿਤਪਾਲ ਦੇ ਨਾਲ ਆਏ ਲੋਕਾਂ ਨੂੰ ਗੋਇੰਦਵਾਲ ਤੋਂ ਨਸ਼ਾ ਖ਼ਰੀਦਣ ਦੀ ਲੋੜ ਕਿਉਂ ਪੈਂਦੀ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸਾਡੇ ਪਿੰਡ 'ਤੇ ਨਸ਼ੇ ਦਾ ਧੱਬਾ ਲਾ ਦਿੱਤਾ ਹੈ ਪਰ ਪਿੰਡ 'ਚ ਅਜਿਹੀ ਕੋਈ ਵੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਬਜੀਤ ਧੂੰਦਾ ਸਾਡੇ ਪਿੰਡ ਦੀ ਸ਼ਾਨ ਹਨ ਅਤੇ ਪੂਰੇ ਪਿੰਡ 'ਚ ਉਹ ਹੀ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ।
ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਲੰਡਾ ਦੇ ਅੰਮ੍ਰਿਤਸਰ ’ਚ ਚਾਰ ਸਾਥੀ ਗ੍ਰਿਫ਼ਤਾਰ, ਹਥਿਆਰ ਵੀ ਹੋਏ ਬਰਾਮਦ
NEXT STORY