ਅੰਮ੍ਰਿਤਸਰ (ਵੈੱਬ ਡੈਸਰ, ਸਰਬਜੀਤ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਸੰਬੰਧੀ ਕਾਨੂੰਨ ਲਿਆਉਣ ਦੇ ਮੁੱਦੇ 'ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੀ ਗਈ ਵਿਸ਼ੇਸ਼ ਪੰਥਕ ਇਕੱਤਰਤਾ ਵਿੱਚ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਇਕਸੁਰ ਹੁੰਦਿਆਂ ਸਰਕਾਰ ਤੋਂ ਬੇਅਦਬੀ ਵਿਰੁੱਧ ਵੱਖਰੇ ਅਤੇ ਸਖ਼ਤ ਕਾਨੂੰਨ ਦੀ ਮੰਗ ਕੀਤੀ ਹੈ। ਇਸ ਇਕੱਤਰਤਾ ਵਿੱਚ ਦਮਦਮੀ ਟਕਸਾਲ, ਬੁੱਢਾ ਦਲ, ਤਰਨਾ ਦਲ, ਕਾਰ ਸੇਵਾ ਵਾਲੀਆਂ ਜਥੇਬੰਦੀਆਂ, ਨਿਰਮਲੇ ਪੰਥ, ਨਾਨਕਸਰੀ ਸੰਪਰਦਾਵਾਂ ਅਤੇ ਹੋਰ ਕਈ ਸਿਰਮੌਰ ਪੰਥਕ ਜਥੇਬੰਦੀਆਂ ਦੇ ਮੁਖੀਆਂ ਨੇ ਹਾਜ਼ਰੀ ਭਰੀ। ਐਡਵੋਕੇਟ ਧਾਮੀ ਨੇ ਦੱਸਿਆ ਕਿ ਅੱਜ ਸਮੁੱਚਾ ਖਾਲਸਾ ਪੰਥ ਇੱਕ ਪਲੇਟਫਾਰਮ ’ਤੇ ਇਕੱਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਹੈ ਕਿ ਦੇਸ਼-ਵਿਦੇਸ਼ ਦੀ ਕੋਈ ਵੀ ਸਿਰਮੌਰ ਜਥੇਬੰਦੀ ਅਜਿਹੀ ਨਹੀਂ ਰਹੀ ਜੋ ਅੱਜ ਇਸ ਇਕੱਠ ਦਾ ਹਿੱਸਾ ਨਾ ਬਣੀ ਹੋਵੇ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਕੱਲ੍ਹ ਅੱਧੇ ਦਿਨ ਦੀ ਛੁੱਟੀ
ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੀ ਮੰਗ
ਪ੍ਰਧਾਨ ਧਾਮੀ ਨੇ ਦੱਸਿਆ ਕਿ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਗਤ ਜੋਤ ਗੁਰਿਆਈ ਅਤੇ ਵਿਲੱਖਣਤਾ ਨੂੰ ਮੁੱਖ ਰੱਖਦਿਆਂ ਸਰਕਾਰ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਵੇ। ਉਨ੍ਹਾਂ ਮੰਗ ਕੀਤੀ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਉਮਰ ਕੈਦ ਵਰਗੀ ਵੱਡੀ ਸਜ਼ਾ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਕੋਰਟ ਨੇ ਵੀ ‘ਲਿਵਿੰਗ ਗੁਰੂ’ ਵਜੋਂ ਮਾਨਤਾ ਦਿੱਤੀ ਹੈ, ਇਸ ਲਈ ਉਨ੍ਹਾਂ ਵਾਸਤੇ ਇੱਕ ਵੱਖਰੀ ਅਤੇ ਵਿਸ਼ੇਸ਼ ਧਾਰਾ ਬਣਾਈ ਜਾਵੇ।
ਸਰਕਾਰ ਤੋਂ ਖਰੜੇ ਦੀ ਮੰਗ
ਧਾਮੀ ਨੇ ਕਿਹਾ ਕਿ ਸਰਕਾਰ 13 ਅਪ੍ਰੈਲ ਨੂੰ ਪੇਸ਼ ਕੀਤੇ ਜਾਣ ਵਾਲੇ ਕਾਨੂੰਨ ਦਾ ਖਰੜਾ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਭੇਜੇ ਤਾਂ ਜੋ ਸ਼੍ਰੋਮਣੀ ਕਮੇਟੀ ਦੀ 15 ਮੈਂਬਰੀ ਕਮੇਟੀ, ਜਿਸ ਵਿੱਚ ਰਿਟਾਇਰਡ ਜੱਜ, ਵਕੀਲ ਅਤੇ ਸਿੱਖ ਵਿਦਵਾਨ ਸ਼ਾਮਲ ਹਨ, ਇਸ ਦੀ ਪੜਚੋਲ ਕਰ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਅਜਿਹਾ ਹੋਣਾ ਚਾਹੀਦਾ ਹੈ ਜੋ ਪੰਥਕ ਭਾਵਨਾਵਾਂ ਦੀ ਸਹੀ ਤਰਜਮਾਨੀ ਕਰੇ।
ਇਹ ਵੀ ਪੜ੍ਹੋ- ਪੰਜਾਬ ਦੇ ਕਈ ਸਕੂਲਾਂ 'ਚ ਤੁਰੰਤ ਛੁੱਟੀ ਦਾ ਐਲਾਨ, ਜਾਣੋ ਕੀ ਰਹੀ ਵਜ੍ਹਾ
ਪੁਰਾਣੀਆਂ ਘਟਨਾਵਾਂ 'ਤੇ ਚਿੰਤਾ
ਉਨ੍ਹਾਂ ਚਿੰਤਾ ਪ੍ਰਗਟਾਈ ਕਿ ਪਿਛਲੇ 10 ਸਾਲਾਂ ਤੋਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਪਰ ਦੋਸ਼ੀਆਂ ਨੂੰ ਅਕਸਰ 'ਮਾਨਸਿਕ ਤੌਰ 'ਤੇ ਬਿਮਾਰ' ਦੱਸ ਕੇ ਜਾਂ ਹੋਰ ਕਾਰਨਾਂ ਕਰਕੇ ਬਚਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਖ਼ਤ ਕਾਨੂੰਨ ਬਣਾ ਕੇ ਉਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਜਿਹੀਆਂ ਘਟਨਾਵਾਂ ਨਹੀਂ ਰੁਕਣਗੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਖੀਰ ਵਿੱਚ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਸਰਕਾਰ ਨੇ ਸਹੀ ਕਾਨੂੰਨੀ ਪ੍ਰਕਿਰਿਆ ਨਾ ਅਪਣਾਈ ਤਾਂ ਪੰਥ ਅਗਲਾ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ: ਅਪ੍ਰੈਲ ’ਚ ਵੱਧ ਮੀਂਹ ਪੈਣ ਦੀ ਸੰਭਾਵਨਾ, ਮਈ-ਜੂਨ ਦੀਆਂ ਰਾਤਾਂ 'ਚ ਗਰਮੀ ਕੱਢੇਗੀ ਵੱਟ
ਇਸ ਇਕੱਤਰਤਾ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ, ਤਰਨਾ ਦਲ ਦੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਕਾਰ ਸੇਵਾ ਵਾਲੇ ਮਹਾਂਪੁਰਖ, ਨਾਨਕਸਰ ਸੰਪਰਦਾ, ਨਿਰਮਲੇ ਪੰਥ, ਅਖੰਡ ਕੀਰਤਨੀ ਜਥਾ ਅਤੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਦੇ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿੱਚ ਪੰਥਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਧਾਮੀ ਨੇ ਸਪੱਸ਼ਟ ਕੀਤਾ ਕਿ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਧਾਰਮਿਕ ਫਰਜ਼ ਸਮਝਦਿਆਂ ਸੱਦੀ ਗਈ ਸੀ, ਤਾਂ ਜੋ ਸਮੁੱਚਾ ਪੰਥ ਇੱਕ ਸੁਰ ਹੋ ਕੇ ਆਪਣੀ ਰਾਏ ਦੇ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੱਤਵਾਦੀ ਮਾਡਿਊਲ ਦਾ ਪਰਦਾਫਾਸ਼: 2 ਗ੍ਰਨੇਡ ਤੇ ਪਿਸਤੌਲ ਸਮੇਤ 3 ਮੁਲਜ਼ਮ ਗ੍ਰਿਫ਼ਤਾਰ
NEXT STORY