ਤਰਨਤਾਰਨ (ਰਮਨ, ਰਾਜੂ, ਵਾਲੀਆ) : ਕੈਮਿਸਟ ਅਸੋਸੀਏਸ਼ਨ ਵਲੋਂ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਖਿਲਾਫ ਹੜਤਾਲ ਦੇ ਦਿੱਤੇ ਸੱਦੇ ਦੇ ਤਹਿਤ ਅੱਜ ਕੈਮਿਸਟਾਂ ਵਲੋਂ ਆਪਣੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ ਪਰ ਜ਼ਿਲਾ ਤਰਨਤਾਰਨ 'ਚ ਭਰਵਾਂ ਹੁੰਗਾਰਾ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਸਬੰਧੀ ਜਿਥੇ ਜ਼ਿਆਦਾਤਰ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਨਾਲ-ਨਾਲ ਈ-ਫਾਰਮੈਸੀ ਦੇ ਖਿਲਾਫ ਰੋਸ ਜਾਹਿਰ ਕੀਤਾ, ਉਥੇ ਹੀ ਜ਼ਿਲੇ ਭਰ ਦੇ ਮਰੀਜ਼ਾਂ ਨੇ ਦਵਾਈਆਂ ਅਸਾਨੀ ਨਾਲ ਮਿਲਣ ਕਾਰਨ ਕਾਫੀ ਰਾਹਤ ਮਹਿਸੂਸ ਕੀਤੀ।
ਜਾਣਕਾਰੀ ਅਨੁਸਾਰ ਅੱਜ ਈ-ਫਾਰਮੈਸੀ ਦੇ ਵਿਰੋਧ 'ਚ ਕੈਮਿਸਟ ਯੂਨੀਅਨ ਵਲੋਂ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਕਾਮਯਾਬ ਕਰਨ ਲਈ ਜ਼ਿਲੇ ਭਰ ਦੇ ਜ਼ਿਆਦਾਤਰ ਕੈਮਿਸਟਾਂ 'ਚ ਉਤਸ਼ਾਹ ਇਸ ਲਈ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਕਈ ਇਲਾਕਿਆਂ 'ਚ ਹੜ ਵਰਗੀ ਸਥਿਤੀ ਬਣਦੀ ਵੇਖੀ ਗਈ। ਇਸ ਸਥਿਤੀ ਨੂੰ ਮੁੱਖ ਰਖਦੇ ਹੋਏ ਜ਼ਿਲੇ ਭਰ ਦੇ ਕਰੀਬ 80 ਫੀਸਦੀ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਕਾਲੇ ਬਿੱਲੇ ਲਗਾ ਵਿਰੋਧ ਕੀਤਾ। ਇਸ ਵਿਰੋਧ ਦੌਰਾਨ ਤਰਨਤਾਰਨ 'ਚ ਕੈਮਿਸਟ ਆਰਗੇਨਾਈਜੇਸ਼ਨ ਅਤੇ ਕੈਮਿਸਟ ਐਸੋਸੀਏਸ਼ਨ ਦੋਨਾਂ ਵਲੋਂ ਰੋਸ ਵਿਖਾਵਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਜ਼ਿਲੇ ਅਧੀਨ ਆਉਂਦੇ ਜਿਥੇ ਤਰਨਤਾਰਨ ਸ਼ਹਿਰ, ਸ੍ਰੀ ਗੋਇੰਦਵਾਲ ਸਾਹਿਬ, ਹਰੀਕੇ ਪੱਤਣ, ਸ਼ੇਰੋ, ਮੁੰਡਾ ਪਿੰਡ, ਸ਼ੇਖ ਚੱਕ, ਦੋਬੁਰਜੀ, ਕਿਰਤੋਵਾਲ, ਨੂਰਦੀ, ਨੌਰੰਗਾਬਾਦ, ਸਰਹਾਲੀ ਕਲਾਂ, ਢੋਟੀਆਂ ਆਦਿ ਪਿੰਡਾਂ ਅਤੇ ਕਸਬਿਆਂ 'ਚ ਮੈਡੀਕਲ ਸਟੋਰ ਖੁੱਲ੍ਹੇ ਰਹੇ ਉਥੇ ਹੀ ਪੱਟੀ, ਭਿੱਖੀਵਿੰਡ ਆਦਿ ਬੰਦ ਰਹੇ।
ਈ-ਫਾਰਮੈਸੀ ਦੇ ਹਾਂ ਸਖਤ ਖਿਲਾਫ
ਆਨ ਲਾਈਨ ਦਵਾਈਆਂ ਦੀ ਖਰੀਦ ਖਿਲਾਫ ਕੈਸਿਮਟ ਆਰਗੇਨਾਈਜੇਸ਼ਨ ਨੇ ਜਿਥੇ ਨਾਅਰੇਬਾਜ਼ੀ ਕੀਤੀ ਉਥੇ ਆਪਣੀਆਂ ਬਾਹਾਂ 'ਤੇ ਕਾਲੇ ਬਿੱਲੇ ਲਗਾ ਕੇ ਦੁਕਾਨਾਂ ਖੋਲ੍ਹੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸੁਖਬੀਰ ਸਿੰਘ ਸੱਗੂ ਨੇ ਦੱਸਿਆ ਕਿ ਆਰਗੇਨਾਈਜੇਸ਼ਨ ਅਧੀਨ ਆਉਂਦੀਆਂ ਦੁਕਾਨਾਂ ਤੋਂ ਹੋਈ ਕਮਾਈ ਦਾ ਦਸਵੰਦ ਹਿੱਸਾ ਆਉਣ ਵਾਲੇ ਸਮੇਂ 'ਚ ਕਿਸੇ ਗਰੀਬ ਦੀ ਮਦਦ 'ਚ ਵਰਤਿਆ ਜਾਵੇਗਾ।
ਮਰੀਜ਼ਾਂ ਨੂੰ ਮਿਲੀ ਸਹੂਲਤ
ਅੱਜ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਣ ਕਾਰਨ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਜਿਨ੍ਹਾਂ 'ਚ ਬਿਮਲ, ਸੰਦੀਪ ਕੁਮਾਰ, ਪ੍ਰਗਟ ਸਿੰਘ, ਮਲਕੀਤ ਕੌਰ, ਸਰਵਣ ਸਿੰਘ ਆਦਿ ਨੇ ਦੱਸਿਆ ਕਿ ਉਹ ਬੜੀ ਦੂਰ ਤੋਂ ਇਸ ਹਸਪਤਾਲ 'ਚ ਇਲਾਜ ਲਈ ਆਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਖੁੱਲ੍ਹੀਆਂ ਦੁਕਾਨਾਂ ਤੋਂ ਦਵਾਈਆਂ ਮਿਲ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਹੜਤਾਲ ਹੁੰਦੀ ਤਾਂ ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋ ਸਕਦੀ ਸੀ।
ਹੜਤਾਲ ਨਾਲ ਮਰੀਜ਼ਾਂ ਨੂੰ ਆ ਸਕਦੀ ਸੀ ਮੁਸ਼ਕਲ
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਦੱਸਿਆ ਕਿ ਕਿਸੇ ਵੀ ਕੰਮ ਨੂੰ ਨੇਪਰੇ ਚਾੜਨ ਲਈ ਹੜਤਾਲ ਠੀਕ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਜ਼ਿਲੇ ਭਰ 'ਚ ਜ਼ਿਆਦਾਤਰ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਣ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ।
ਸਰਕਾਰ ਦੇ ਕੀਤੇ ਕੰਮਾਂ 'ਤੇ ਲੋਕਾਂ ਨੇ ਲਾਈ ਮੋਹਰ : ਡਾ. ਅਗਨੀਹੋਤਰੀ
NEXT STORY