ਅੰਮ੍ਰਿਤਸਰ, (ਦਲਜੀਤ)- ਸ਼ਹੀਦ ਕਿਰਨਜੋਤ ਕੌਰ ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ. ਯੂਨੀਅਨ ਪੰਜਾਬ ਦੀ ਅਗਵਾਈ ’ਚ ਅਣਗਿਣਤ ਅਧਿਆਪਕਾਂ ਨੇ ਕੰਪਨੀ ਬਾਗ ’ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਅਧਿਆਪਕਾਂ ਨੇ ਕੰਪਨੀ ਬਾਗ ਤੋਂ ਰੋਸ ਮਾਰਚ ਕੱਢਿਆ ਅਤੇ ਰਾਣੀ ਕਾ ਬਾਗ ਸਥਿਤ ਮੰਤਰੀ ਦੇ ਨਿਵਾਸ ਤੱਕ ਪਹੁੰਚਿਆ। ਪੁਲਸ ਨੇ ਅਧਿਆਪਕਾਂ ਨੂੰ ਰੋਕਣ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਮੰਤਰੀ ਦੇ ਘਰ ਤੋਂ 100 ਮੀਟਰ ਪਹਿਲਾਂ ਹੀ ਅਧਿਆਪਕਾਂ ਨੂੰ ਰੋਕ ਲਿਆ ਗਿਆ। ਅਧਿਆਪਕ ਪੁਲਸ ਦੇ ਰਵੱਈਏ ਤੋਂ ਗੁੱਸੇ ’ਚ ਆਏ ਤੇ ਉਥੇੇ ਹੀ ਧਰਨੇ ’ਤੇ ਬੈਠ ਗਏ। ਅਧਿਆਪਕਾਂ ਨੇ ਸਿੱਖਿਆ ਸਕੱਤਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਈ. ਜੀ. ਐੱਸ., ਐੱਸ. ਟੀ. ਆਰ., ਏ. ਆਈ. ਈ. ਅਧਿਆਪਕ ਪੱਕੇ ਕਰੋ ਦੇ ਨਾਅਰੇ ਲਾਏ। ਅਧਿਆਪਕ ਨੇਤਾ ਮਹਿੰਦਰ ਸਿੰਘ ਤੇ ਗੋਗਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਲ 2003 ਤੋਂ ਈ. ਜੀ. ਐੱਸ., ਐੱਸ. ਟੀ. ਆਰ. ਅਧਿਆਪਕਾਂ ਦਾ ਸ਼ੋਸ਼ਣ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਉਹ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੀ ਨੌਕਰੀ ਨੂੰ ਰੈਗੂਲਰ ਕਰਨਗੇ, ਬੇਸਿਕ ਤਨਖਾਹ ਦਿੱਤੀ ਜਾਵੇਗੀ ਪਰ ਸਰਕਾਰ ਦਾ ਗਠਨ ਹੋਏ 2 ਸਾਲ ਹੋ ਗਏ ਹਨ, ਅਜੇ ਤੱਕ ਕੈਪਟਨ ਸਰਕਾਰ ਨੇ ਰੈਗੂਲਰ ਤਾਂ ਕੀ ਕਰਨਾ ਸੀ, ਕੋਈ ਵੀ ਮੀਟਿੰਗ ਯੂਨੀਅਨ ਨਾਲ ਨਹੀਂ ਕੀਤੀ। ਸਿੱਖਿਆ ਮੰਤਰੀ ਓ. ਪੀ. ਸੋਨੀ ਵੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ। ਅਧਿਆਪਕਾਂ ਨੂੰ ਸਿਰਫ 5 ਹਜ਼ਾਰ, 2500 ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੀ ਯੂਨੀਅਨ ਦੇ 3 ਮੈਂਬਰ ਸਰਕਾਰ ਨਾਲ ਸੰਘਰਸ਼ ’ਚ ਆਪਣੀ ਜਾਨ ਗੁਆ ਚੁੱਕੇ ਹਨ। ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ, ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਅਾਂ ਗਈਅਾਂ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰ ਦੇਣਗੇ।
ਇਸ ਮੌਕੇ ਮਹਿੰਦਰ ਸਿੰਘ, ਜਰਨੈਲ ਜਲੰਧਰੀ, ਗੁਰਦੀਪ ਕਪੂਰਥਲਾ, ਦਯਾ ਸਿੰਘ, ਸਤਵਿੰਦਰ ਕੌਰ, ਰਾਜਵੰਤ ਕੌਰ, ਤਲਬੀਰ ਸਿੰਘ, ਗੁਰਿੰਦਰ, ਦਵਿੰਦਰ ਸਿੰਘ ਮਜੀਠਾ, ਮਹਿੰਦਰ, ਸੋਨੀ ਸਿੰਘ, ਬਲਜੀਤ ਆਦਿ ਮੌਜੂਦ ਸਨ।
ਅਧਿਆਪਕਾਂ ਦੇ ਅੰਦੋਲਨ ਨੂੰ ਦੇਖਦਿਅਾਂ ਮੰਤਰੀ ਸੋਨੀ ਦੇ ਓ. ਐੱਸ. ਡੀ. ਸੰਜੀਵ ਸ਼ਰਮਾ ਨੇ ਅਧਿਆਪਕਾਂ ਦਾ ਮੰਗ ਪੱਤਰ ਲਿਆ ਤੇ ਬੁੱਧਵਾਰ ਨੂੰ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਦਿੱਤਾ। ਉਨ੍ਹਾਂ ਦੇ ਭਰੋਸੇ ਤੋਂ ਬਾਅਦ ਅਧਿਆਪਕਾਂ ਨੇ ਧਰਨਾ ਚੁੱਕ ਲਿਆ।
ਬੇਹੋਸ਼ ਮਰੀਜ਼ ਨੂੰ ਬਿਨਾਂ ਚੈੱਕ ਕੀਤਿਅਾਂ ਐਮਰਜੈਂਸੀ ’ਚ ਛੱਡਿਅਾ
NEXT STORY