ਤਰਨਤਾਰਨ (ਰਮਨ)- ਬੀਤੇ ਕਈ ਕਈ ਸਾਲਾਂ ਤੋਂ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਅਧੀਨ ਤੈਨਾਤ ਕੀਤੇ ਗਏ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਰੈਂਕ ਦੇ ਰੀਡਰਾਂ ਵਲੋਂ ਜੀ.ਓ ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਦਬਕੇ ਮਾਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਫ਼ਤਰੀ ਕੰਮਾਂ ਵਿਚ ਮਸ਼ਰੂਫ ਰਹਿਣ ਵਾਲੇ ਇਨ੍ਹਾਂ ਰੀਡਰਾਂ ਨੂੰ ਫੀਲਡ ਵਿਚ ਨਾ ਤਾਂ ਕੰਮਕਾਜ ਕਰਨ ਸਬੰਧੀ ਕੋਈ ਤਜ਼ੁਰਬਾ ਹੈ ਅਤੇ ਨਾ ਹੀ ਕਥਿਤ ਤੌਰ ਉੱਪਰ ਅਸਲੇ ਦੀ ਵਰਤੋਂ ਕਰਨੀ ਆਉਂਦੀ ਹੋਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਦਫ਼ਤਰਾਂ ਵਿਚ ਕਈ ਅਜਿਹੇ ਕਰਮਚਾਰੀ ਵੀ ਮੌਜੂਦ ਹਨ ਜੋ ਤੰਦਰੁਸਤ ਹੋਣ ਦੇ ਬਾਵਜੂਦ ਇੱਕੋ ਥਾਂ ਉੱਪਰ ਆਪਣੀ ਸਾਰੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਕੁਝ ਅਗਲੇ ਮਹੀਨੇ ਹੋਣ ਜਾ ਰਹੇ ਹਨ, ਜਦ ਕਿ ਥਾਣਿਆਂ ਅਤੇ ਨਾਕਿਆਂ ਉੱਪਰ ਤੈਨਾਤ ਜ਼ਿਆਦਾਤਰ ਪੁਲਸ ਕਰਮਚਾਰੀ ਜੋ ਅਕਸਰ ਬੀਮਾਰ ਵੀ ਰਹਿੰਦੇ ਹਨ ਵਲੋਂ 24 ਘੰਟੇ ਡਿਊਟੀ ਕਰਦੇ ਹੋਏ ਮਜ਼ਬੂਰੀ ਵਿਚ ਨੌਕਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 20 ਦਸੰਬਰ ਦਾ ਦਿੱਲੀ ਪੰਥਕ ਰੋਸ ਮਾਰਚ ਕੀਤਾ ਮੁਲਤਵੀ
ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਪੁਲਸ ਜ਼ਿਲ੍ਹਾ ਤਰਨਤਰਨ ਦੇ ਮੁਖੀ ਸਮੇਤ ਵੱਖ-ਵੱਖ ਐੱਸ.ਪੀ ਅਤੇ ਡੀ.ਐੱਸ.ਪੀ ਅਧੀਨ ਤੈਨਾਤ ਕੀਤੇ ਗਏ ਰੀਡਰ ਲਗਾਤਾਰ ਕਈ ਕਈ ਸਾਲਾਂ ਤੋਂ ਇੱਕੋ ਪੋਸਟ ਉੱਪਰ ਆਪਣੀ ਡਿਊਟੀ ਕਰ ਰਹੇ ਹਨ। ਇਨ੍ਹਾਂ ਰੀਡਰਾਂ ਵਲੋਂ ਅਕਸਰ ਹੀ ਜੀ.ਓ ਰੈਂਕ ਦੇ ਅਫਸਰਾਂ ਤੋਂ ਇਲਾਵਾ ਹੇਠਲੇ ਸਾਰੇ ਕਰਮਚਾਰੀਆਂ ਉੱਪਰ ਰੋਅਬ ਪੌਣਾ ਅਤੇ ਦਬਕੇ ਮਾਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਤੋਂ ਪੁਲਸ ਕਰਮਚਾਰੀਆਂ ਵਿਚ ਕਾਫੀ ਜ਼ਿਆਦਾ ਨਿਰਾਸ਼ਾ ਪਾਈ ਜਾ ਰਹੀ ਹੈ। ਦਫਤਰਾਂ ਵਿਚ ਲਗਾਏ ਗਏ ਰੀਡਰਾਂ ਦੀ ਉਮਰ ਅਤੇ ਰੈਂਕ ਛੋਟਾ ਹੋਣ ਦੇ ਬਾਵਜੂਦ ਉਨ੍ਹਾਂ ਵਲੋਂ ਉੱਚੇ ਰੈਂਕ ਉੱਪਰ ਮੌਜੂਦ ਅਫਸਰਾਂ ਅਤੇ ਵੱਡੀ ਉਮਰ ਦੇ ਕਰਮਚਾਰੀਆਂ ਨੂੰ ਜਿੱਥੇ ਤੂੰ-ਤੂੰ ਕਰਕੇ ਬੋਲਿਆ ਜਾਂਦਾ ਹੈ ਉੱਥੇ ਹੀ ਉਨ੍ਹਾਂ ਨੂੰ ਵੰਗਾਰਾਂ ਪਾਉਣੀਆਂ ਵੀ ਲਗਾਤਾਰ ਜਾਰੀ ਰੱਖੀਆਂ ਜਾਂਦੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇ ਕੋਈ ਕਰਮਚਾਰੀ ਜਾਂ ਅਫਸਰ ਇਨ੍ਹਾਂ ਰੀਡਰਾਂ ਦੀ ਗੱਲ ਨੂੰ ਅਣਗੌਲਿਆਂ ਕਰਦਾ ਹੈ ਤਾਂ ਉਨ੍ਹਾਂ ਨੂੰ ਜਿੱਥੇ ਖੱਜਲ ਖੁਆਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਉੱਥੇ ਹੀ ਉਨ੍ਹਾਂ ਨੂੰ ਦਫ਼ਤਰ ਬੁਲਾ ਕੇ ਸਮਾਂ ਖ਼ਰਾਬ ਕੀਤਾ ਜਾਂਦਾ ਹੈ। ਇਨ੍ਹਾਂ ਰੀਡਰਾਂ ਨੂੰ ਫੀਲਡ ਵਿਚ ਕੰਮ ਕਰਨ ਦਾ ਕੋਈ ਵੀ ਤਜ਼ੁਰਬਾ ਨਹੀਂ ਹੈ ਜਿਵੇਂ ਕਿ ਮਾਲ ਮੁਕੱਦਮੇ ਦੀ ਸੰਭਾਲ ਕਰਨਾ, ਜਿਮਨੀ ਲਿਖਣਾ, ਅਦਾਲਤਾਂ ਦਾ ਜਵਾਬ ਬਣਾਉਣਾ, ਪੋਸਟਮਾਰਟਮ ਕਰਵਾਉਣਾ, ਮੁਲਜ਼ਮਾਂ ਦੀ ਗ੍ਰਿਫਤਾਰੀ ਪਾਉਣਾ, ਮੁਕੱਦਮੇ ਦੀ ਤਫਤੀਸ਼ ਕਰਨਾ, ਅਸਲੀ ਸਾਂਭ ਸੰਭਾਲ ਅਤੇ ਉਸ ਨੂੰ ਚਲਾਉਣਾ ਆਦਿ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਪੁਲਸ ਨੇ ਕੀਤਾ ਕਾਬੂ
ਜ਼ਿਲ੍ਹਾ ਪੁਲਸ ਦੇ ਵੱਖ-ਵੱਖ ਦਫ਼ਤਰਾਂ ਵਿਚ ਕਈ ਸਾਲਾਂ ਤੋਂ ਤੈਨਾਤ ਰੀਡਰਾਂ ਅਤੇ ਨੈਬ ਕੋਰਟ ਦਾ ਕਦੇ ਵੀ ਤਬਾਦਲਾ ਨਹੀਂ ਕੀਤਾ ਜਾਂਦਾ ਹੈ ਅਤੇ ਜੇ ਭੁੱਲ ਭੁਲੇਖੇ ਇਨ੍ਹਾਂ ਦਾ ਤਬਾਦਲਾ ਹੋ ਵੀ ਜਾਂਦਾ ਹੈ ਤਾਂ ਇਹ ਫੀਲਡ ਵਿਚ ਕੰਮ ਕਰਨ ਤੋਂ ਕੰਨੀ ਕਤਰਾਉਂਦੇ ਹੋਏ ਮੁੜ ਕਿਸੇ ਹੋਰ ਅਫ਼ਸਰ ਦੇ ਰੀਡਰ ਅਤੇ ਦੂਸਰੀ ਅਦਾਲਤ ਵਿਚ ਲੱਗ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਤੰਦਰੁਸਤ ਹੱਟੇ ਘੱਟੇ ਰੀਡਰ ਟੌਹਰ ਟਪੱਕੇ ਨਾਲ ਆਪਣੇ ਦਫਤਰ ਵਿਚ ਆਉਂਦੇ ਹਨ ਅਤੇ ਸ਼ਾਮ ਨੂੰ 5 ਵਜੇ ਘਰਾਂ ਨੂੰ ਪਰਤ ਜਾਂਦੇ ਹਨ ਜਦਕਿ ਇਸ ਦੇ ਉਲਟ ਪੱਕੇ ਕੋਰਸ ਕਰਨ ਵਾਲੇ ਅਤੇ ਬੀਮਾਰ ਰਹਿਣ ਵਾਲੇ ਕਰਮਚਾਰੀ 24-24 ਘੰਟੇ ਡਿਊਟੀ ਉੱਪਰ ਤੈਨਾਤ ਰਹਿੰਦੇ ਹਨ, ਜਿਨ੍ਹਾਂ ਨੂੰ ਹਮੇਸ਼ਾ ਫੀਲਡ ਵਿਚ ਹੀ ਰੱਖਿਆ ਜਾਂਦਾ ਹੈ।
ਦੂਸਰੇ ਪਾਸੇ ਆਏ ਦਿਨ ਜ਼ਿਲ੍ਹਾ ਪੁਲਸ ਵਿਭਾਗ ਵਿਚ ਤੈਨਾਤ ਪੁਲਸ ਕਰਮਚਾਰੀ ਜਿੱਥੇ ਸੇਵਾ ਮੁਕਤ ਹੋ ਰਹੇ ਹਨ ਉੱਥੇ ਹੀ ਕਈ ਪੁਲਸ ਕਰਮਚਾਰੀ ਪਹਿਲਾਂ ਹੀ ਆਪਣੀ ਰਿਟਾਇਰਮੈਂਟ ਲੈ ਰਹੇ ਹਨ, ਜਿਸ ਕਰਕੇ ਥਾਣਿਆਂ ਵਿਚ ਨਫਰੀ ਦੀ ਘਾਟ ਮਹਿਸੂਸ ਹੋ ਰਹੀ ਹੈ। ਰੀਡਰਾਂ ਦੀ ਬਦਲੀ ਨਾ ਹੋਣ ਦਾ ਸਿਲਸਿਲਾ ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਠਾਠ ਬਾਠ ਨਾਲ ਨੌਕਰੀ ਕਰਨ ਵਾਲੇ ਰੀਡਰਾਂ ਪਾਸੋਂ ਫੀਲਡ ਦਾ ਕੰਮ ਨਹੀਂ ਹੋ ਪਵੇਗਾ।
ਇਹ ਵੀ ਪੜ੍ਹੋ- ਗੁਆਂਢੀ ਮੁਲਕ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਮੁਲਜ਼ਮ ਨੇ 3 ਬੱਚਿਆਂ ਨੂੰ ਕੀਤਾ ਅਗਵਾ ਫਿਰ ਮਾਰ ਕੇ ਖਾਧਾ ਮਾਸ
ਇਸ ਸਬੰਧੀ ਗੱਲਬਾਤ ਕਰਦੇ ਹੋਏ ਐੱਸ.ਪੀ ਸਥਾਨਕ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਜਲਦ ਹੀ ਰੀਵਿਊ ਕਰਵਾਉਣਗੇ ਅਤੇ ਪਤਾ ਕਰਵਾਇਆ ਜਾਵੇਗਾ ਕਿ ਕਿਹੜੇ ਮੁਲਾਜ਼ਮ ਕਿੰਨੇ ਸਮੇਂ ਤੋਂ ਕਿੱਥੇ ਤੈਨਾਤ ਹਨ ਤਾਂ ਜੋ ਉਨ੍ਹਾਂ ਦਾ ਫੀਲਡ ਵਿਚ ਤਬਾਦਲਾ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਗੁਰਮਤਾ, ਲਾਵਾਂ-ਫੇਰਿਆਂ ਮੌਕੇ ਲੜਕੀ ਦੇ ਲਹਿੰਗਾ ਪਹਿਨਣ ’ਤੇ ਲਗਾਈ ਰੋਕ
NEXT STORY