ਲੁਧਿਆਣਾ (ਰਿੰਕੂ ਦਾਨੀ) - ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਹਨੇਰੇ ਵਿਚ ਧੱਕਣ ਦਾ ਇਕ ਹੋਰ ਸ਼ਰਮਨਾਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰਾਜ ਵਿਚ 12 ਤੋਂ 18 ਘੰਟੇ ਤੱਕ ਬਿਜਲੀ ਕੱਟ ਲੱਗ ਰਹੇ ਹਨ ਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰੋਸ਼ਨੀ ਲਈ ਮੋਮਬੱਤੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਕਿਸਾਨ ਝੋਨੇ ਦੀ ਫਸਲ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ, ਉਦਯੋਗਾਂ ’ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤੇ ਪਿੰਡਾਂ ਵਿੱਚ ਲੰਬੇ ਸਮੇਂ ਤੱਕ ਬਿਜਲੀ ਕੱਟ ਲੱਗ ਰਹੇ ਹਨ। ਪੰਜਾਬ ਵਿਚ ਬਿਜਲੀ ਦੀ ਪੀਕ ਮੰਗ ਲਗਭਗ 16,000 ਮੈਗਾਵਾਟ ਹੈ, ਜਦੋਂ ਕਿ ਬਿਜਲੀ ਉਤਪਾਦਨ ਸਿਰਫ 4,000 ਮੈਗਾਵਾਟ ਦੇ ਕਰੀਬ ਹੈ। ਇਸ ਦੇ ਬਾਵਜੂਦ ਸੂਬਾ ਬਾਹਰੋਂ ਲਗਭਗ 11,500 ਮੈਗਾਵਾਟ ਬਿਜਲੀ ਲੈ ਰਿਹਾ ਹੈ ਪਰ ਮੰਗ ਤੇ ਉਪਲਬਧਤਾ ਵਿਚਕਾਰਲਾ ਅੰਤਰ ਗੰਭੀਰ ਬਿਜਲੀ ਸੰਕਟ ਪੈਦਾ ਕਰ ਰਿਹਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਸੂਬੇ ਦੇ ਉਦਯੋਗਿਕ ਖੇਤਰ ’ਤੇ ਪੈ ਰਹੇ ਬਿਜਲੀ ਸੰਕਟ ਦੇ ਪ੍ਰਭਾਵ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਰਾਤ 8 ਵਜੇ ਤੋਂ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ, ਜਦੋਂ ਕਿ ਰਿਹਾਇਸ਼ੀ ਇਲਾਕਿਆਂ ਵਿਚ ਵੀ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ। ਸੂਬੇ ਦੀ ਭਗਵੰਤ ਮਾਨ ਸਰਕਾਰ ਬਿਜਲੀ ਦੀ ਮੌਸਮੀ ਵਧਦੀ ਮੰਗ ਲਈ ਢੁਕਵੀਂ ਤਿਆਰੀ ਕਰਨ ਵਿਚ ਨਾਕਾਮ ਰਹੀ ਹੈ।
ਸਕੂਲ 'ਚ ਮੋਬਾਈਲ ਲਿਜਾਣ 'ਤੇ ਪਈਆਂ ਝਿੜਕਾਂ ਤਾਂ ਲੁਕ ਗਈਆਂ ਵਿਦਿਆਰਥਣਾਂ, ਪੁਲਸ ਨੇ ਅੱਧੀ ਰਾਤ ਨੂੰ ਲੱਭਿਆ
NEXT STORY