ਮੋਗਾ, (ਆਜ਼ਾਦ)– ਪਿੰਡ ਦੌਲਤਪੁਰਾ ਨੀਵਾਂ ਨਿਵਾਸੀ ਪਰਮੀਤ ਕੌਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ 13 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪਰਮੀਤ ਕੌਰ ਨੇ ਕਿਹਾ ਕਿ ਉਸ ਨੇ 12ਵੀਂ ਪਾਸ ਕੀਤੀ ਹੋਈ ਹੈ, ਕੁਕਿੰਗ ਦਾ ਇਕ ਸਾਲ ਦਾ ਡਿਪਲੋਮਾ ਕੀਤਾ ਹੈ। ਉਹ ਵਿਦੇਸ਼ ਜਾਣ ਦੀ ਇੱਛੁਕ ਸੀ। ਮੇਰੇ ਪਿਤਾ ਨੇ ਆਪਣੇ ਇਕ ਦੋਸਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਸਕਰਨ ਸਿੰਘ ਪੁੱਤਰ ਜਾਗੀਰ ਸਿੰਘ ਨਿਵਾਸੀ ਅਰਬਨ ਸਟੇਟ ਪਟਿਆਲਾ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਅਤੇ ਟਰੈਵਲ ਏਜੰਟ ਹੈ, ਜਿਸ ’ਤੇ ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਟੂਰਿਸਟ ਵੀਜ਼ਾ ਲਾ ਕੇ ਉਸ ਨੂੰ ਕੈਨੇਡਾ ਭੇਜ ਦੇਵੇਗਾ, ਜਿਸ ’ਤੇ 22 ਲੱਖ ਰੁਪਏ ਖਰਚਾ ਆਵੇਗਾ। ਇਸ ਦੇ ਬਾਅਦ 17 ਜਨਵਰੀ, 2018 ਨੂੰ ਅਸੀਂ ਆਪਣਾ ਪਾਸਪੋਰਟ ਅਤੇ ਇਕ ਲੱਖ ਰੁਪਏ ਨਕਦ ਦੇ ਦਿੱਤੇ। ਉਹ ਮੈਨੂੰ ਕਹਿਣ ਲੱਗਾ ਕਿ ਟੂਰਿਸਟ ਵੀਜ਼ਾ ਦੀ ਬਜਾਏ ਕਿਸੇ ਲਡ਼ਕੇ ਨਾਲ ਵਿਆਹ ਕਰਵਾ ਕੇ ਪੀ. ਆਰ. ਕੇਸ ’ਤੇ ਵਿਦੇਸ਼ ਭੇਜ ਦੇਵੇਗਾ, ਜਿਸ ’ਤੇ 30 ਲੱਖ ਰੁਪਏ ਖਰਚਾ ਆਵੇਗਾ। ਇਸ ਤੋਂ ਬਾਅਦ ਮੇਰੇ ਮਾਤਾ-ਪਿਤਾ ਨੇ ਉਨ੍ਹਾਂ ਨੂੰ 13 ਲੱਖ ਰੁਪਏ ਨਕਦ ਅਤੇ ਹੋਰ ਦਸਤਾਵੇਜ਼ ਦੇ ਦਿੱਤੇ। ਕਥਿਤ ਦੋਸ਼ੀ ਟਰੈਵਲ ਏਜੰਟ ਨੇ ਨਾ ਤਾਂ ਮੈਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ ’ਤੇ ਇਸ ਦੀ ਜਾਂਚ ਡੀ. ਐੱਸ. ਪੀ. (ਐੱਚ) ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਦੋਸ਼ੀ ਟਰੈਵਲ ਏਜੰਟ ਜਸਕਰਨ ਸਿੰਘ ਪੁੱਤਰ ਜਾਗੀਰ ਸਿੰਘ ਨਿਵਾਸੀ ਪਿੰਡ ਅਰਬਨ ਸਟੇਟ ਪਟਿਆਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਗ੍ਰਿਫਤਾਰੀ ਬਾਕੀ ਹੈ।
ਕੇਂਦਰ ਵਲੋਂ ਕਣਕ ਦੇ ਸਮਰਥਨ ਮੁੱਲ 'ਚ 85 ਰੁਪਏ ਦਾ ਵਾਧਾ ਨਾਕਾਫ਼ੀ : ਕੈਪਟਨ
NEXT STORY