ਚੰਡੀਗੜ੍ਹ, (ਸੁਸ਼ੀਲ)—ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਮੁੰਡੀ ਖਰੜ ਸਥਿਤ ਗਰੀਨ ਵੈਲੀ ਦੇ ਦਲਬੀਰ ਸਿੰਘ ਦੇ ਪਰਿਵਾਰ ਨੂੰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ 18 ਲੱਖ 66 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ ਰਾਸ਼ੀ ਕੋਰਟ ਨੇ ਮੁਲਜ਼ਮ ਕਾਰ ਚਾਲਕ, ਕਾਰ ਦੇ ਮਾਲਕ ਤੇ ਬੀਮਾ ਕੰਪਨੀ ਨੂੰ ਦੇਣ ਲਈ ਕਿਹਾ ਹੈ। ਮ੍ਰਿਤਕ ਦੇ ਪਰਿਵਾਰ ਨੇ 75 ਲੱਖ ਰੁਪਏ ਦਾ ਕਲੇਮ ਪਾਇਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਦਲਬੀਰ ਸਿੰਘ (37) ਸੈਕਟਰ-69 ਸਥਿਤ ਗਰੀਸੀਅਨ ਹਸਪਤਾਲ ਦੇ ਨੇੜੇ ਨਿਊ ਬੈਦਵਾਨ ਟੈਕਸੀ ਸਟੈਂਡ 'ਤੇ ਡਰਾਈਵਰੀ ਦਾ ਕੰਮ ਕਰਦਾ ਸੀ।
10 ਮਈ 2017 ਨੂੰ ਉਹ ਟੈਕਸੀ ਸਟੈਂਡ ਦੇ ਬਾਹਰ ਆਪਣੇ ਸਾਥੀ ਬਲਜੀਤ ਸਿੰਘ ਨਾਲ ਕੁਰਸੀ 'ਤੇ ਬੈਠਾ ਸੀ। ਇਸ ਦੌਰਾਨ 8.40 ਵਜੇ ਪੀ. ਬੀ. 65- ਏ. ਐੱਲ. 7008 ਨੰਬਰ ਦੀ ਹਾਂਡਾ ਜੈਜ ਕਾਰ ਸੈਕਟਰ-68 ਮੋਹਾਲੀ ਵਲੋਂ ਤੇਜ਼ ਰਫਤਾਰ ਨਾਲ ਟੈਕਸੀ ਸਟੈਂਡ ਵਾਲੇ ਪਾਸੇ ਆਈ। ਉਸਦੀ ਰਫਤਾਰ ਇੰਨੀ ਤੇਜ਼ ਸੀ ਕਿ ਕਾਰ ਚਾਲਕ ਉਸਨੂੰ ਰੋਕ ਨਹੀਂ ਸਕਿਆ ਤੇ ਫੁੱਟਪਾਥ 'ਤੇ ਚੜ੍ਹਦੇ ਹੋਏ ਉਸਨੇ ਦਲਬੀਰ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਕਾਰ ਰੁੱਖ ਨਾਲ ਟਕਰਾ ਕੇ ਰੁਕ ਗਈ। ਇਸ ਟੱਕਰ 'ਚ ਦਲਬੀਰ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਹਸਪਤਾਲ 'ਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ ਸੀ।
ਟ੍ਰਿਬਿਊਨਲ ਨੇ ਸੈਕਟਰ-68 ਸਥਿਤ ਪੰਚਮ ਹਾਊਸਿੰਗ ਸੁਸਾਇਟੀ ਨਿਵਾਸੀ ਕਾਰ ਚਾਲਕ ਗੁਰਜੋਤ ਸਿੰਘ ਆਹਲੂਵਾਲੀਆ, ਕਾਰ ਮਾਲਕ ਜਸਪ੍ਰੀਤ ਕੌਰ ਤੇ ਸੈਕਟਰ-34 ਸਥਿਤ ਨੈਸ਼ਨਲ ਬੀਮਾ ਕੰਪਨੀ ਨੂੰ ਸਾਂਝੇ ਰੂਪ 'ਚ 18 ਲੱਖ 66 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਭੁਗਤਾਨ ਕਰਨ ਲਈ ਹੁਕਮ ਕੀਤਾ।
ਇਸ ਰਾਸ਼ੀ ਦਾ 50 ਫੀਸਦੀ ਹਿੱਸਾ ਮ੍ਰਿਤਕ ਦੀ ਪਤਨੀ ਮਨਦੀਪ ਕੌਰ, 25 ਫੀਸਦੀ ਮ੍ਰਿਤਕ ਦੇ ਬੇਟੇ ਮਾਸਟਰ ਨਵਜੋਤ ਸਿੰਘ, 15 ਫੀਸਦੀ ਮਾਤਾ ਸਵਰਨ ਕੌਰ ਤੇ 10 ਫੀਸਦੀ ਹਿੱਸਾ ਪਿਤਾ ਸੁਰਜੀਤ ਸਿੰਘ ਨੂੰ ਦਿੱਤਾ ਜਾਵੇਗਾ।
30 ਕਿਲੋ ਭੁੱਕੀ ਸਮੇਤ ਕਾਬੂ ਦੋਸ਼ੀਆਂ ਨੂੰ ਜੇਲ ਭੇਜਿਆ
NEXT STORY