ਲੁਧਿਆਣਾ, (ਮਹੇਸ਼)- ਚੋਰੀਆਂ ਅਤੇ ਲੁੱਟ-ਖੋਹ ਕਰਨ ਵਾਲਿਆਂ ਨੇ ਮਿਲ ਕੇ ਇਕ ਨਵਾਂ ਗੈਂਗ ਤਿਆਰ ਕੀਤਾ ਅਤੇ ਇਕ ਮਹੀਨੇ ਦੇ ਅੰਦਰ ਹੀ ਡੇਢ ਦਰਜਨ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਪਰ ਹੁਣ ਇਹ ਗੈਂਗ ਪੁਲਸ ਦੀ ਗ੍ਰਿਫਤ ਵਿਚ ਹੈ, 8 ਲੁਟੇਰਿਅਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਇਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਕੀਮਤ ਦਾ ਇਲੈਕਟ੍ਰਾਨਿਕ ਦਾ ਸਾਮਾਨ ਬਰਾਮਦ ਕੀਤਾ ਹੈ।
ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਮੰਗਲਵਾਰ ਨੂੰ ਥਾਣਾ ਸਦਰ ’ਚ ਸੱਦੀ ਗਈ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਦੀ ਪਛਾਣ ਮੋਹਾਲੀ ਦੇ ਪਿੰਡ ਡੱਡੂ ਮਾਜਰਾ ਦੇ ਰਾਹੁਲ ਰਾਣਾ, ਦੁੱਗਰੀ ਦੇ ਕੁਲਵੀਰ ਸਿੰਘ, ਜਲੰਧਰ ਦੇ ਦਿਨੇਸ਼ ਕੁਮਾਰ ਨੰਦੂ, ਵਿਜੇ ਨਗਰ ਦੇ ਹੈਦਰ ਅਲੀ, ਬਾਬਾ ਬੰਦਾ ਸਿੰਘ ਬਹਾਦਰ ਨਗਰ ਦੇ ਸਾਹਿਲ, ਜੀ. ਟੀ. ਬੀ. ਨਗਰ ਦੇ ਆਸਬ ਹੁਸੈਨ ਰਾਜਾ, ਇੰਦਰ ਨਗਰ ਦੇ ਲਖਬੀਰ ਸਿੰਘ ਅਤੇ ਰਾਹੋਂ ਰੋਡ ਦੇ ਵੀਨੂ ਮੋਨੂ ਵਜੋਂ ਹੋਈ ਹੈ। ਸਾਰੇ ਦੋਸ਼ੀ 18 ਤੋਂ 30 ਸਾਲ ਦੇ ਦਰਮਿਆਨ ਹਨ।
ਮੁੱਢਲੀ ਜਾਂਚ ’ਚ ਲੁੱਟ-ਖੋਹ ਦੀਆਂ 10 ਅਤੇ ਚੋਰੀ ਦੀਅਾਂ 4 ਵਾਰਦਾਤਾਂ ਹੱਲ ਹੋ ਗਈਆਂ ਹਨ ਜਦੋਂਕਿ ਦੋਸ਼ੀਆਂ ਨੇ ਡੇਢ ਦਰਜਨ ਤੋਂ ਜ਼ਿਆਦਾ ਵਾਰਦਾਤਾਂ ’ਚ ਆਪਣੀ ਸ਼ਮੂਲੀਅਤ ਕਬੂਲੀ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਚੋਰੀਸ਼ੁਦਾ 2 ਜ਼ੈੱਨ ਕਾਰਾਂ, 12 ਐੱਲ. ਸੀ. ਡੀ., 10 ਮੋਬਾਇਲ, 3 ਹੋਮ ਥਿਏਟਰ ਅਤੇ ਰੈਡੀਮੇਡ ਗਾਰਮੈਂਟ ਦੇ 198 ਪੀਸ ਬਰਾਮਦ ਕੀਤੇ ਗਏ ਹਨ।
ਲਾਂਬਾ ਨੇ ਦੱਸਿਆ ਕਿ ਅਲੀ ਚੋਰੀਆਂ ਅਤੇ ਨੰਦੂ ਲੁੱਟ-ਖੋਹ ਕਰਨ ਵਾਲੇ ਗੈਂਗ ਦਾ ਸਰਗਣਾ ਹੈ। ਗੈਂਗ ਦੇ ਮੈਂਬਰ ਇਕ ਦੂਜੇ ਦੇ ਸੰਪਰਕ ਵਿਚ ਸਨ, ਜਿਸ ਕਾਰਨ ਇਨ੍ਹਾਂ ਨੇ ਮਿਲ ਕੇ ਇਕ ਨਵਾਂ ਗੈਂਗ ਤਿਆਰ ਕਰ ਲਿਆ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਦੋਸ਼ੀ ਰਾਤੋ-ਰਾਤ ਅਮੀਰ ਬਣਨਾ ਚਾਹੁੰਦੇ ਸਨ, ਜਿਸ ਕਾਰਨ ਅਪਰਾਧ ਦੇ ਰਸਤੇ ਚੱਲ ਪਏ।
ਇਸ ਤਰ੍ਹਾਂ ਹੋਇਆ ਖੁਲਾਸਾ ਇਸ ਗੈਂਗ ਦਾ
ਇਸ ਗੈਂਗ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਰਿਸ਼ੀ ਨਗਰ ਦੇ ਅੰਸ਼ੁਲ ਜੈਨ ਅਤੇ ਉਸ ਦੇ ਦੋਸਤ ਇਕਾਂਸ਼ ਸਾਹੀ ਨਾਲ ਪਿੰਡ ਦਾਦ ਦੇ ਬਸੰਤ ਸਿਟੀ ਇਲਾਕੇ ਵਿਚ 6 ਸਤੰਬਰ ਨੂੰ ਹੋਈ ਲੁੱਟ-ਖੋਹ ਦੇ ਕੇਸ ਵਿਚ ਅੰਸ਼ੁਲ ਨੇ ਇਕ ਬਦਮਾਸ਼ ਨੂੰ ਪਛਾਣ ਲਿਆ, ਜਿਸ ਨੂੰ ਉਹ ਫੇਸਬੁੱਕ ’ਤੇ ਰਾਹੁਲ ਰਾਣਾ ਵਜੋਂ ਜਾਣਦਾ ਸੀ। ਰਾਣਾ ਆਪਣੇ 2 ਸਾਥੀਆਂ ਦੇ ਨਾਲ ਮਿਲ ਕੇ ਅੰਸ਼ੁਲ ਅਤੇ ਇਕਾਂਸ਼ ਨਾਲ ਕੁੱਟ-ਮਾਰ ਕਰ ਕੇ ਇਨ੍ਹਾਂ ਦੋਵਾਂ ਦੇ ਮੋਬਾਇਲ ਲੁੱਟ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਿਆ, ਜਿਸ ’ਤੇ ਅੰਸ਼ੁਲ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਦੀ ਪੁਲਸ ਕੋਲ ਕੀਤੀ, ਜਿਸ ’ਤੇ ਥਾਣਾ ਮੁਖੀ ਇੰਸ. ਸੁਖਪਾਲ ਸਿੰਘ ਬਰਾਡ਼ ਦੀ ਟੀਮ ਨੇ ਉਸੇ ਸਮੇਂ ਹਰਕਤ ’ਚ ਆਉਂਦੇ ਹੋਏ ਰਾਣਾ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਇਸ ਗੈਂਗ ਦਾ ਖੁਲਾਸਾ ਹੋਇਆ। ਬਰਾਡ਼ ਦਾ ਕਹਿਣਾ ਹੈ ਕਿ ਇਸ ਗੈਂਗ ਨੂੰ ਖਤਮ ਕਰਨ ਲਈ ਇਸ ਦੀਆਂ ਜਡ਼੍ਹਾਂ ਖੋਦੀਆਂ ਜਾ ਰਹੀਆਂ ਹਨ।
ਅੌਰਤਾਂ ਤੇ ਵੱਡੇ ਸ਼ੋਅਰੂਮ ਹੁੰਦੇ ਸਨ ਟਾਰਗੈੱਟ ’ਤੇ
ਲਾਂਬਾ ਨੇ ਦੱਸਿਆ ਕਿ ਇਹ ਗੈਂਗ ਸ਼ਹਿਰ ਦੇ ਪਾਸ਼ ਇਲਾਕਿਆਂ ਰੱਖਬਾਗ, ਡੀ. ਐੱਮ. ਸੀ., ਕਿਚਲੂ ਨਗਰ, ਕਿਪਸ ਮਾਰਕੀਟ, ਸਰਾਭਾ ਨਗਰ, ਸਦਰ ਆਦਿ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿਸ ਵਿਚ ਅੌਰਤਾਂ ਇਨ੍ਹਾਂ ਦੀਆਂ ਸਾਫਟ ਟਾਰਗੈੱਟ ਹੁੰਦੀਆਂ ਸਨ ਜਦੋਂਕਿ ਰਾਤ ਦੇ ਸਮੇਂ ਇਹ ਗੈਂਗ ਚੋਰੀ ਦੀਆਂ ਕਾਰਾਂ ’ਚ ਸਵਾਰ ਹੋ ਕੇ ਨਕਾਬ ਪਾ ਕੇ ਵੱਡੇ-ਵੱਡੇ ਸ਼ੋਅਰੂਮਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਚੋਰੀ ਦੀਆਂ ਵਾਰਦਾਤਾਂ ਇਨ੍ਹਾਂ ਨੇ ਥਾਣਾ ਹੈਬੋਵਾਲ, ਥਾਣਾ ਪੀ. ਏ. ਯੂ. ਆਦਿ ਇਲਾਕਿਆਂ ਵਿਚ ਕੀਤੀ। ਜਿਥੇ ਸ਼ਟਰ ਪੁੱਟ ਕੇ ਲੱਖਾਂ ਰੁਪਏ ਦਾ ਇਲੈਕਟ੍ਰਾਨਿਕ ਮਾਲ ਲੈ ਗਏ। ਹਾਲ ਹੀ ਵਿਚ ਰਾਜਪੁਰਾ ਰੋਡ ’ਤੇ ਇਕ ਸ਼ੋਅਰੂਮ ’ਚ ਹੋਈ ਚੋਰੀ ਦੀ ਵਾਰਦਾਤ ਨੂੰ ਵੀ ਇਸੇ ਗੈਂਗ ਨੇ ਅੰਜਾਮ ਦਿੱਤਾ ਸੀ।
ਪਤਨੀ ਦੀਆਂ ਫੋਟੋਆਂ ਫੇਸਬੁੱਕ ’ਤੇ ਕੀਤੀਆਂ ਵਾਇਰਲ, ਰੋਕਣ ’ਤੇ ਘਰ ’ਚ ਦਾਖਲ ਹੋ ਕੇ ਕੀਤਾ ਹਮਲਾ
NEXT STORY