ਚੰਡੀਗੜ੍ਹ (ਹਰੀਸ਼ਚੰਦਰ) : ਆਪਣੇ ਨਿਰਮਾਣ ਦੇ ਸਮੇਂ ਤੋਂ ਹੀ ਚਰਚਾ ਵਿਚ ਰਹੇ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਇਕ ਨਵੀਂ ਚਰਚਾ ਛਿੜ ਗਈ। ਦਰਅਸਲ 28 ਮਈ ਨੂੰ ਦੁਪਹਿਰ 12 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਪਰ ਵਿਰੋਧੀ ਧਿਰ ਦੀਆਂ ਡੇਢ ਦਰਜਨ ਤੋਂ ਜ਼ਿਆਦਾ ਪਾਰਟੀਆਂ ਪ੍ਰਧਾਨ ਮੰਤਰੀ ਦੀ ਥਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਲੋਂ ਉਦਘਾਟਨ ਕਰਵਾਉਣ ਦੀ ਮੰਗ ’ਤੇ ਅੜੀਆਂ ਰਹੀਆਂ। ਵਿਰੋਧੀ ਧਿਰ ਇਸਦੇ ਪਿੱਛੇ ਕਈ ਦਲੀਲ਼ਾਂ ਦੇ ਰਿਹਾ ਹੈ ਪਰ ਵਿਰੋਧੀ ਧਿਰ ਵਲੋਂ ਬਣਾਏ ਜਾ ਰਹੇ ਦਬਾਅ ਦੇ ਬਾਵਜੂਦ ਸਰਕਾਰ ਪ੍ਰਧਾਨ ਮੰਤਰੀ ਤੋਂ ਉਦਘਾਟਨ ਕਰਵਾਉਣ ਦੇ ਫੈਸਲੇ ’ਤੇ ਅਡਿੱਗ ਰਹੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇਸ ਮੁੱਦੇ ’ਤੇ ਇੱਕ ਮੰਚ ’ਤੇ ਆਉਣਾ ਪੰਜਾਬ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਪੰਜਾਬ ’ਚ ਸੱਤਾਧਿਰ ਆਮ ਆਦਮੀ ਪਾਰਟੀ ਅਤੇ ਵਿਰੋਧੀ ਕਾਂਗਰਸ ਦੇ ਰਾਸ਼ਟਰੀ ਨੇਤਾਵਾਂ ਨੇ ਇਸ ਮਸਲੇ ’ਤੇ ਇੱਕ ਹੀ ਸੁਰ ਅਲਾਪਿਆ ਹੈ। ਮਤਲਬ ਉਦਘਾਟਨ ਸਮਾਰੋਹ ਦਾ ਬਾਈਕਾਟ। ਇਨ੍ਹਾਂ ਦੋਵਾਂ ਪ੍ਰਸਪਰ ਵਿਰੋਧੀ ਪਾਰਟੀਆਂ ਵਲੋਂ ਕੇਵਲ ਇੱਕ ਮੁੱਦੇ ’ਤੇ ਇਕੱਠੇ ਹੋਣ ਨਾਲ ਹਰ ਕੋਈ ਹੈਰਾਨ ਹੈ ਕਿਉਂਕਿ ਦਿੱਲੀ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਹੀ ਸੀ, ਜਿਸਨੇ ਕਾਂਗਰਸ ਨੂੰ ਸੱਤਾ ਤੋਂ ਬੇਦਖ਼ਲ ਕੀਤਾ ਸੀ। ਕਾਂਗਰਸ ਖਿਲਾਫ ‘ਆਪ’ ਦਾ ਪ੍ਰਚਾਰ ਬਹੁਤ ਹਮਲਾਵਰ ਰਿਹਾ ਹੈ। ਇਸਦੇ ਬਾਵਜੂਦ ਕਾਂਗਰਸ ‘ਆਪ’ ਵਾਲੇ ਖੇਮੇ ਵਿਚ ਖੜ੍ਹੀ ਹੋਣ ਲਈ ਮਜ਼ਬੂਰ ਹੈ। ਇੱਕ ‘ਬਹੁਤ ਵੱਡੇ ਮੁੱਦੇ’ ’ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸੀ ਰਾਜਨੀਤਕ ਵਿਰੋਧਤਾ ਅਤੇ ਕੁੜੱਤਣ ਨੂੰ ਭੁਲਾ ਕੇ ਇਕੱਠੀਆਂ ਖੜ੍ਹੀਆਂ ਹੋ ਗਈਆਂ ਹਨ। ਇਸ ਤਰ੍ਹਾਂ ਤਾਂ ਵਿਰੋਧੀ ਧਿਰ ਦੀਆਂ ਕਈ ਹੋਰ ਪਾਰਟੀਆਂ ਸੰਸਦ ਭਵਨ ਦੇ ਉਦਘਾਟਨ ਦੇ ਮੁੱਦੇ ’ਤੇ ਵਿਰੋਧ ਵਿਚ ਹਨ ਪਰ ਕਾਂਗਰਸ ਇਨ੍ਹਾਂ ਵਿਚੋਂ ਕਈ ਪਾਰਟੀਆਂ ਦੇ ਨਾਲ ਵੱਖ-ਵੱਖ ਸੂਬਿਆਂ ਅਤੇ ਕੇਂਦਰ ਵਿਚ ਸੱਤਾਧਿਰ ਰਹਿ ਚੁੱਕੀ ਹੈ। ਚਾਹੇ ਨੈਸ਼ਨਲ ਕਾਨਫਰੰਸ ਹੋਵੇ ਜਾਂ ਤ੍ਰਿਣਮੂਲ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਹੋਵੇ ਜਾਂ ਸ਼ਿਵ ਸੈਨਾ, ਜਨਤਾ ਦਲ ਯੂਨਾਈਟਡ ਹੋਵੇ ਜਾਂ ਰਾਸ਼ਟਰੀ ਜਨਤਾ ਦਲ, ਭਾਰਤੀ ਕੰਮਿਊਨਿਸਟ ਪਾਰਟੀ ਅਤੇ ਸੀ. ਪੀ. ਐੱਮ., ਡੀ.ਐੱਮ. ਕੇ., ਮੁਸਲਮਾਨ ਲੀਗ ਹੋਵੇ ਚਾਹੇ ਝਾਰਖੰਡ ਮੁਕਤੀ ਮੋਰਚਾ, ਹਰੇਕ ਨਾਲ ਕਦੇ ਨਾ ਕਦੇ ਕੇਂਦਰ ਜਾਂ ਕਿਸੇ ਸੂਬੇ ਵਿਚ ਕਾਂਗਰਸ ਨਾਲ ਇਨ੍ਹਾਂ ਦਾ ਗਠਜੋੜ ਰਿਹਾ ਹੈ।
ਇਹ ਵੀ ਪੜ੍ਹੋ : ਆਪਣੇ ਸਟੈਂਡ ’ਤੇ ਕਾਇਮ ਰਹੇ ਮੁੱਖ ਮੰਤਰੀ, ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕੀਤਾ ਬਾਈਕਾਟ
ਕਾਂਗਰਸ ਨੇ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀ ਪਹਿਲੀ ‘ਆਪ’ ਸਰਕਾਰ ਨੂੰ ਸਮਰਥਨ ਚਾਹੇ ਦਿੱਤਾ ਸੀ ਪਰ ਕਦੇ ਮਿਲ ਕੇ ਕੋਈ ਚੋਣ ਨਹੀਂ ਲੜੀ। ਅਜਿਹੇ ਵਿਚ ਦੋਵਾਂ ਦਾ ਇੱਕ ਮੁੱਦੇ ’ਤੇ ਨਾਲ ਹੋਣਾ ਰਾਜਨੀਤਕ ਗਲਿਆਰਿਆਂ ਵਿਚ ਚਰਚਾਵਾਂ ਨੂੰ ਵਧਾ ਰਿਹਾ ਹੈ। ਉੱਥੇ ਹੀ, ਕਰੀਬ 25 ਸਾਲ ਬਾਅਦ 2021 ਵਿਚ ਐੱਨ. ਡੀ. ਏ. ਤੋਂ ਵੱਖ ਹੋਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ’ਤੇ ਸਹਿਮਤੀ ਜਤਾਈ ਹੈ। ਅਕਾਲੀ ਦਲ ਦੇ ਇਸ ਵਿਵਹਾਰ ਤੋਂ ਵੀ ਸੂਬੇ ਵਿਚ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਕੀ ਸੁਖਬੀਰ ਬਾਦਲ ਦੀ ਉਦਘਾਟਨ ਸਮਾਰੋਹ ਵਿਚ ਹਾਜ਼ਰੀ ਦੋਵਾਂ ਪਾਰਟੀਆਂ ਨੂੰ ਦੁਬਾਰਾ ਇਕੱਠੀਆਂ ਕਰ ਸਕੇਗੀ ?
ਮੇਰੀ ਅੰਤਰ ਆਤਮਾ ਇਜ਼ਾਜਤ ਨਹੀਂ ਦਿੰਦੀ, ਬਾਈਕਾਟ ਕਰਾਂਗਾ : ਮਾਨ
ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਸੀ। ਮਾਨ ਨੇ ਕਿਹਾ ਕਿ ਜਦੋਂ ਵੀ ਸੰਸਦ ਦਾ ਨਵਾਂ ਸੈਸ਼ਨ ਬੁਲਾਇਆ ਜਾਂਦਾ ਹੈ, ਰਾਸ਼ਟਰਪਤੀ ਵਲੋਂ ਹਰ ਸੰਸਦ ਮੈਂਬਰ ਨੂੰ ਸੈਸ਼ਨ ਵਿਚ ਸ਼ਾਮਲ ਹੋਣ ਲਈ ਬੁਲਾਇਆ ਜਾਂਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਨਵੀਂ ਸੰਸਦ ਦੇ ਉਦਘਾਟਨ ਸਮਾਰੋਹ ਵਿਚ ਸਰਕਾਰ ਦੇ ਸੰਵਿਧਾਨਕ ਮੁਖੀ ਨੂੰ ਹੀ ਬੁਲਾਇਆ ਨਹੀਂ ਗਿਆ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਡੂੰਘੀ ਸਾਜਿਸ਼ ਤਹਿਤ ਭਾਜਪਾ ਲੀਡਰਸ਼ਿਪ ਵਾਲੀ ਐੱਨ. ਡੀ. ਏ. ਸਰਕਾਰ ਅਜਿਹੀਆਂ ਭੱਦੀਆਂ ਚਾਲਾਂ ਖੇਡ ਕੇ ਸੰਵਿਧਾਨ ਦੇ ਨਿਰਮਾਤਾਵਾਂ ਦਾ ਘੋਰ ਨਿਰਾਦਰ ਕਰ ਰਹੀ ਹੈ। ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਅੰਤਰ ਆਤਮਾ ਅਜਿਹੇ ਕਿਸੇ ਵੀ ਸਮਾਰੋਹ ਵਿਚ ਸ਼ਾਮਲ ਹੋਣ ਦੀ ਇਜ਼ਾਜਤ ਨਹੀਂ ਦਿੰਦੀ, ਜਿੱਥੇ ਸੱਤਾ ਦੀ ਭੁੱਖੀ ਸਰਕਾਰ ਵਲੋਂ ਦੇਸ਼ ਦੇ ਸੰਵਿਧਾਨਕ ਮੁਖੀ ਨੂੰ ਸੱਦਾ ਤੱਕ ਨਾ ਦਿੱਤਾ ਗਿਆ ਹੋਵੇ। ਇਸ ਲਈ ਉਹ ਇਸ ਸਮਾਗਮ ਦਾ ਬਾਈਕਾਟ ਕਰਨਗੇ ਅਤੇ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਮਨਮਾਨੀ ਦੇ ਵਿਰੋਧ ਦੇ ਤੌਰ ’ਤੇ ਇਸ ਵਿਚ ਸ਼ਾਮਲ ਨਹੀਂ ਹੋਣਗੇ।
ਇਹ ਵੀ ਪੜ੍ਹੋ : ਨੋਟੀਫਿਕੇਸ਼ਨ ਤੋਂ ਪਹਿਲੇ ਹੋਣਗੇ ਵਾਰਡਬੰਦੀ ’ਚ ਕਈ ਬਦਲਾਅ, ਗਲਤੀਆਂ ਸੁਧਾਰੇਗੀ ਆਮ ਆਦਮੀ ਪਾਰਟੀ
ਕਾਂਗਰਸ ਅਤੇ ‘ਆਪ’ ਪਹਿਲਾਂ ਤੋਂ ਹੀ ਮਿਲ ਕੇ ਕੰਮ ਕਰ ਰਹੀਆਂ ਹਨ : ਜਾਖੜ
ਭਾਜਪਾ ਦੀ ਕੌਮੀ ਕਾਰਜ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਪਾਰਟੀ ਨੇਤਾ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਨੂੰ ਇਸ ਤਰ੍ਹਾਂ ਦੀ ਹੋਛੀ ਹਰਕਤ ਨਹੀਂ ਕਰਨੀ ਚਾਹੀਦੀ ਹੈ। ਪੂਰਾ ਦੇਸ਼ ਉਨ੍ਹਾਂ ਦੇ ਆਚਰਣ ਨੂੰ ਵੇਖ ਰਿਹਾ ਹੈ ਕਿ ਕਿਵੇਂ ਇਹ ਮੁੱਦਾਵਿਹੀਣ ਵਿਰੋਧੀ ਧਿਰ ਅਜਿਹੇ ਮੁੱਦੇ ’ਤੇ ਸਰਕਾਰ ਨੂੰ ਬੇਵਜ੍ਹਾ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਦੇਸ਼ ਲਈ ਕੋਈ ਮੁੱਦਾ ਹੈ ਹੀ ਨਹੀਂ। ਇਨ੍ਹਾਂ ਨੇਤਾਵਾਂ ਵਲੋਂ ਦੇਸ਼ ਅਤੇ ਲੋਕਤੰਤਰ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਸ਼ ਬਰਦਾਸ਼ਤ ਨਹੀਂ ਕਰੇਗਾ। ਅਗਲੇ ਸਾਲ ਲੋਕਸਭਾ ਚੋਣਾਂ ਵਿਚ ਦੇਸ਼ ਦੀ ਜਨਤਾ ਇਨ੍ਹਾਂ ਪਾਰਟੀਆਂ ਨੂੰ ਇਸ ਬੇਸ਼ਰਮੀ ਲਈ ਮੂੰਹਤੋੜ ਜਵਾਬ ਦੇਵੇਗੀ। ਪੰਜਾਬ ਵਿਚ ਧੁਰਵਿਰੋਧੀ ਇਨ੍ਹਾਂ ਪਾਰਟੀਆਂ ਦੀ ਘਟੀਆ ਸੋਚ ਤਹਿਤ ਇਸ ਤਰ੍ਹਾਂ ਮਿਲਣ ਦੀ ਭਾਜਪਾ ਸਖ਼ਤ ਆਲੋਚਨਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਪਹਿਲਾਂ ਹੀ ‘ਆਪ’ ਸਰਕਾਰ ਸਾਹਮਣੇ ਗੋਢੇ ਟੇਕ ਦਿੱਤੇ ਹਨ। ਇਸ ਤੋਂ ਸਾਫ਼ ਸੀ ਕਿ ਕਾਂਗਰਸ ਅਤੇ ‘ਆਪ’ ਪਹਿਲਾਂ ਤੋਂ ਹੀ ਮਿਲ ਕੇ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਬਗਾਵਤੀ ਮਾਹੌਲ, ਪਾਰਟੀ ਦੀ ਵਧੀ ਚਿੰਤਾ
ਇਹ ਮਾਣ ਵਾਲਾ ਪਲ, ਇਸਦਾ ਰਾਜਨੀਤੀਕਰਨ ਨਾ ਹੋਵੇ : ਅਕਾਲੀ ਦਲ
ਇਸ ਵਿਚਕਾਰ 2 ਸਾਲ ਪਹਿਲਾਂ ਭਾਜਪਾ ਤੋਂ ਵੱਖ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਸਪੱਸ਼ਟ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਏ। ਸੁਖਬੀਰ ਦਾ ਇਸ ਸਮਾਰੋਹ ਵਿਚ ਸ਼ਾਮਲ ਹੋਣਾ ਦੋਵਾਂ ਪਾਰਟੀਆਂ ਦੇ ਰਿਸ਼ਤਿਆਂ ’ਤੇ ਮੋਹਰ ਲਗਾਉਂਦਾ ਹੈ ਕਿ ਭਵਿੱਖ ਵਿਚ ਦੋਵੇਂ ਇਕੱਠੇ ਮਿਲ ਕੇ ਚੱਲ ਸਕਦੇ ਹਨ। ਹਾਲਾਂਕਿ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਸਾਡੇ ਲਈ ਮਾਣ ਵਾਲਾ ਪਲ ਹੈ ਅਤੇ ਇਸ ਮੌਕੇ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਪਾਰਟੀ ਪ੍ਰਧਾਨ ਇਸ ਮੌਕੇ ’ਤੇ ਮੌਜੂਦ ਰਹੇ। ਡਾ. ਦਲਜੀਤ ਚੀਮਾ ਨੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ, ਜਿਨ੍ਹਾਂ ਨੇ ਇਸ ਉਦਘਾਟਨ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਰਾਸ਼ਟਰਪਤੀ ਦੇ ਸਨਮਾਨ ਦੇ ਰੂਪ ਵਿਚ ਪੇਸ਼ ਕਰ ਰਹੀ ਹੈ, ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਨ ਵਿਚ ਪਹਿਲੇ ਨਾਗਰਿਕ ਲਈ ਕਿੰਨਾ ਸਨਮਾਨ ਹੈ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ, ਜਦੋਂ ਰਾਸ਼ਟਰਪਤੀ ਨੇ ਸੂਬੇ ਦਾ ਦੌਰਾ ਕੀਤਾ ਸੀ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਤਕ ਨਹੀਂ ਕੀਤਾ ਸੀ। ਚੀਮਾ ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਮੁੱਖ ਮੰਤਰੀ ਕਈ ਮੌਕਿਆਂ ’ਤੇ ਰਾਸ਼ਟਰਪਤੀ ਵਲੋਂ ਨਾਮਜ਼ਦ ਪੰਜਾਬ ਦੇ ਰਾਜਪਾਲ ਦਾ ਕਿੰਨਾ ਸਨਮਾਨ ਕਰਦੇ ਹਨ। ਡਾ. ਚੀਮਾ ਨੇ ਕਾਂਗਰਸ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਲੋਕ ਇਸ ਗੱਲ ਤੋਂ ਵੀ ਵਾਕਿਫ ਹਨ ਕਿ ਕਾਂਗਰਸ ਪਾਰਟੀ ਦਾ ਸੰਵਿਧਾਨ ਪ੍ਰਤੀ ਕਿੰਨਾ ਸਨਮਾਨ ਸੀ, ਜਦੋਂ ਇਸਨੇ ਕਠੋਰ ਐਮਰਜੈਂਸੀ ਲਾਗੂ ਕਰ ਕੇ ਨਾਗਰਿਕ ਅਧਿਕਾਰਾਂ ਨੂੰ ਕੁਚਲਿਆ ਸੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਚੋਰੀ ਦੀਆਂ ਵਾਰਦਾਤਾਂ ਤੋਂ ਦੁਖ਼ੀ ਸਕੂਲ ਅਧਿਆਪਕ, ਗੇਟ 'ਤੇ ਸਲਿੱਪ ਲਗਾ ਚੋਰਾਂ ਨੂੰ ਕੀਤੀ ਇਹ ਅਪੀਲ
NEXT STORY