ਭਵਾਨੀਗੜ੍ਹ (ਵਿਕਾਸ/ ਅੱਤਰੀ)— ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ 'ਚ ਵੱਡੇ ਪੱਧਰ 'ਤੇ ਮੱਚੇ ਘਮਾਸਾਨ ਤੋਂ ਬਾਅਦ ਨਿਰਾਸ਼ ਹੋਏ ਪਾਰਟੀ ਵਲੰਟੀਅਰਾਂ ਦੇ ਹੱਕ 'ਚ 'ਆਪ' ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਵੱਲੋਂ ਕੀਤੇ ਗਏ ਐਲਾਨ ਤਹਿਤ ਸ਼ੁੱਕਰਵਾਰ ਨੂੰ ਇਥੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਮੇਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਪਾਰਟੀ ਆਗੂ ਬਾਜਵਾ ਨੇ ਆਪਣਾ ਦਰਦ ਬਿਆਨ ਕਰਦਿਆਂ ਕਿ ਕਿਹਾ ਕਿ ਜ਼ਮੀਨੀ ਪੱਧਰ ਤੋਂ ਆਮ ਲੋਕਾਂ ਦੇ ਖੂਨ ਪਸੀਨੇ ਨਾਲ ਖੜ੍ਹੀ ਕੀਤੀ ਪਾਰਟੀ ਮੌਜੂਦਾ ਸਮੇਂ 'ਚ ਵੱਡੇ ਸੰਕਟ 'ਚੋਂ ਲੰਘ ਰਹੀ ਹੈ ਕਿਉਂਕਿ ਪਾਰਟੀ 'ਚ ਪੈਦਾ ਹੋਏ ਵਿਵਾਦ ਅਤੇ ਆਗੂਆਂ ਵੱਲੋਂ ਇਕ-ਦੂਜੇ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਕਰਕੇ ਪਾਰਟੀ ਵਲੰਟੀਅਰਾਂ ਦੇ ਹੌਸਲੇ ਦਿਨੋ-ਦਿਨ ਪਸਤ ਹੋ ਰਹੇ ਹਨ। ਸੂਬੇ ਵਿਚ ਪਾਰਟੀ ਦੀ ਸਾਖ ਨੂੰ ਢਾਹ ਲਾਉਣ ਲਈ ਰਾਜਨੀਤਿਕ ਵਿਰੋਧੀ ਪਾਰਟੀਆਂ ਨੂੰ ਇਹ ਵਧੀਆ ਮੌਕਾ ਵੀ ਮਿਲ ਗਿਆ ਹੈ।
ਉਨ੍ਹਾਂ ਦੱਸਿਆ ਕਿ ਭੁੱਖ ਹੜਤਾਲ 'ਤੇ ਬੈਠਣ ਸਬੰਧੀ ਉਨ੍ਹਾਂ ਦੀਆਂ ਮੁੱਖ ਮੰਗਾਂ, ਜਿਸ ਵਿਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਇਕ ਮੰਚ 'ਤੇ ਇਕੱਠਾ ਕਰਨਾ, ਸੂਬੇ 'ਚ ਬਣਨ ਵਾਲਾ ਢਾਂਚਾ ਵਲੰਟੀਅਰਾਂ ਦੀ ਸਲਾਹ ਨਾਲ ਹੇਠਲੇ ਪੱਧਰ ਤੋਂ ਬਣਾਇਆ ਜਾਵੇ, ਸੂਬਾ ਪੱਧਰ 'ਤੇ ਫੈਸਲੇ ਪੰਜਾਬ ਦੀ ਲੀਡਰਸ਼ਿਪ ਅਤੇ ਵਲੰਟੀਅਰ ਮਿਲ ਬੈਠ ਕੇ ਕਰਨ, ਆਗਾਮੀ ਲੋਕ ਸਭਾ ਚੋਣਾਂ ਵਿਚ 'ਆਪ' ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰ ਕੇ ਚੋਣ ਨਹੀਂ ਲੜੇਗੀ ਆਦਿ ਸ਼ਾਮਲ ਹਨ। ਪੁੱਛੇ ਜਾਣ 'ਤੇ ਬਾਜਵਾ ਨੇ ਕਿਹਾ ਕਿ ਭੁੱਖ ਹੜਤਾਲ 'ਤੇ ਬੈਠਣ ਦਾ ਫੈਸਲਾ ਉਨ੍ਹਾਂ ਨੇ ਆਪਣੇ ਨਾਲ ਜੁੜੇ ਵਲੰਟੀਅਰਾਂ ਦੀ ਸਹਿਮਤੀ ਅਤੇ ਪਾਰਟੀ ਦੇ ਹਿੱਤਾਂ ਖਾਤਰ ਲਿਆ ਹੈ ਅਤੇ ਪਾਰਟੀ ਲੀਡਰਸ਼ਿਪ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ।
ਨਾਜਾਇਜ਼ ਸ਼ਰਾਬ ਤੇ ਭੁੱਕੀ ਸਮੇਤ 2 ਵਿਅਕਤੀ ਕਾਬੂ
NEXT STORY