ਲੁਧਿਆਣਾ (ਨਰਿੰਦਰ ਮਹਿੰਦਰੂ)-ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਉਂ-ਤਿਉਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਵਿਧਾਇਕਾਂ ਵੱਲੋਂ ਪਾਰਟੀਆਂ ਬਦਲੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਕੱਲ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਆਮ ਆਦਮੀ ਮੁੱਖ ਮੰਤਰੀ ਦੱਸਿਆ। ਇਸ ਤੋਂ ਬਾਅਦ ਚਰਚੇ ਛਿੜ ਗਏ ਕਿ ਹਿੱਸੋਵਾਲ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਇਸੇ ਨੂੰ ਲੈ ਕੇ ‘ਆਪ’ ਦੇ ਵਿਧਾਇਕਾਂ ਅਤੇ ਆਗੂਆਂ ਵੱਲੋਂ ਹਿੱਸੋਵਾਲ ਨੂੰ ਮਨਾਉਣ ਲਈ ਜ਼ੋਰ- ਅਜ਼ਮਾਇਸ਼ ਕੀਤੀ ਜਾ ਰਹੀ ਹੈ। ਅੱਜ ਵਿਧਾਇਕ ਦੇ ਜੱਦੀ ਪਿੰਡ ਹਿੱਸੋਵਾਲ ਵਿਖੇ ਐੱਮ. ਐੱਲ. ਏ. ਕੁਲਵੰਤ ਸਿੰਘ ਸੰਧਵਾਂ ਦੀ ਅਗਵਾਈ ਹੇਠ ਚਾਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਅਮਰਜੀਤ ਸਿੰਘ ਸੰਦੋਆ ਅਤੇ ਹਰਜੋਤ ਸਿੰਘ ਬੈਂਸ ਸਾਬਕਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਵੱਲੋਂ ਦੌਰਾ ਕੀਤਾ ਗਿਆ ਅਤੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨਾਲ ਗੱਲਬਾਤ ਕੀਤੀ।
ਜਿਸ ਦੌਰਾਨ ਉਨ੍ਹਾਂ ਵਿਧਾਇਕ ਹਿੱਸੋਵਾਲ ਨੂੰ ਮੁੜ ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦਿੱਤੇ ਜਾਣ ਦੀ ਘਰ ਗੱਲ ਕੀਤੀ ਪਰ ਵਿਧਾਇਕ ਹਿੱਸੋਵਾਲ ਨੇ ਦੋ-ਟੁੱਕ ਜਵਾਬ ਦਿੰਦਿਆਂ ਆਖਿਆ ਕਿ ਹੁਣ ਉਹ ਪਾਰਟੀ ’ਚ ਵਾਪਸ ਨਹੀਂ ਆਉਣਗੇ ਕਿਉਂਕਿ ਆਮ ਆਦਮੀ ਪਾਰਟੀ ਵਿਧਾਇਕਾਂ ਅਤੇ ਆਗੂਆਂ ਦੀ ਕਾਫ਼ੀ ਬੇਕਦਰੀ ਕਰ ਰਹੀ ਹੈ, ਸਗੋਂ ਜਿਸ ਤੀਜੇ ਬਦਲ ਅਤੇ ਵਧੀਆ ਰਾਜਨੀਤੀ ਦਾ ਦਾਅਵਾ ਕਰਕੇ ਆਮ ਆਦਮੀ ਪਾਰਟੀ ਪੰਜਾਬ ’ਚ ਆਈ ਸੀ, ਉਸ ਨਿਸ਼ਾਨੇ ਤੋਂ ਭਟਕ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਪਾਰਟੀ ’ਚ ਦਮ ਘੁੱਟ ਰਿਹਾ ਸੀ। ਉਹ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਲਏ ਗਏ ਫ਼ੈਸਲਿਆਂ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ। ਇਸ ਮੌਕੇ ਵਿਧਾਇਕ ਹਿੱਸੋਵਾਲ ਨੇ ਮਿਲਣ ਆਏ ‘ਆਪ’ ਵਿਧਾਇਕਾਂ ਅਤੇ ਯੂਥ ਆਗੂ ਨੂੰ ਬੇਰੰਗ ਵਾਪਸ ਮੋੜ ਦਿੱਤਾ।
ਦੱਸਣਯੋਗ ਹੈ ਕਿ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵੱਲੋਂ ਬੀਤੇ ਕੱਲ ਵਿਧਾਨ ਸਭਾ ਸੈਸ਼ਨ ਦੌਰਾਨ ਹੀ ਆਪਣੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਵਾਲੇ ਪਾਸੇ ਦੀਆਂ ਕੁਰਸੀਆਂ ’ਚ ਬੈਠ ਗਏ ਸਨ, ਸਗੋਂ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਨੂੰ ਖ਼ੁਦਮੁਖ਼ਤਿਆਰੀ ਦੀ ਗੱਲ ਕਰਦਿਆਂ ਕੀਤੀ ਬਗ਼ਾਵਤ ਵੇਲੇ ਵੀ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਗਿਆ ਸੀ । ਇਸ ਦੌਰੇ ਸਬੰਧੀ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਸੰਧਵਾਂ ਨੇ ਆਖਿਆ ਕਿ ਵਿਧਾਇਕ ਹਿੱਸੋਵਾਲ ਪੰਜ ਸਾਲ ਉਨ੍ਹਾਂ ਨਾਲ ਰਹੇ ਹਨ ਅਤੇ ਉਨ੍ਹਾਂ ਨੂੰ ਮਿਲਣ ਲਈ ਆਏ ਹਨ ਤਾਂ ਜੋ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਵਧੀਆ ਬਦਲਾਅ ਦੀ ਰਾਜਨੀਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਨੋਟ-ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਫ਼ੇਸੁਬੱਕ ਆਈ.ਡੀ. ’ਤੇ ਭੱਦੇ ਕੁਮੈਂਟ ਕਰਨ ਵਾਲੇ ਪਤੀ ਖ਼ਿਲਾਫ਼ ਮੁਕੱਦਮਾ ਦਰਜ
NEXT STORY