ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਵਿਧਾਇਕ ਜੈ ਸਿੰਘ ਰੋੜੀ ’ਤੇ ਮੰਗਲਵਾਰ ਰਾਤ ਨੂੰ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਇਸ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਪੰਜਾਬ 'ਚ ਬਦਤਰ ਕਾਨੂੰਨ ਵਿਵਸਥਾ ਕਾਰਨ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ, ਪਰ ਆਪਸੀ ਕਾਟੋ ਕਲੇਸ਼ 'ਚ ਉਲਝੀ ਕਾਂਗਰਸ ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਆਲਮ ਇਹ ਹੈ ਕਿ ਪੰਜਾਬ 'ਚ ਨਾ ਗੁਰੂ ਅਤੇ ਗੁਰੂ ਘਰ ਸੁਰੱਖਿਅਤ ਹਨ, ਨਾ ਹੀ ਆਮ ਲੋਕ ਅਤੇ ਨਾ ਹੀ ਆਮ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ਕਾਂਗਰਸ ਦੀ ਰੈਲੀ 'ਚ ਮੂਧੇ-ਮੂੰਹ ਡਿੱਗੇ ਰਾਜਾ ਵੜਿੰਗ (ਵੀਡੀਓ)
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਇਕ ਸਾਂਝੇ ਬਿਆਨ 'ਚ ‘ਆਪ’ ਦੀ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ ਅਤੇ ਅਮਰਜੀਤ ਸਿੰਘ ਸੰਦੋਆ (ਸਾਰੇ ਵਿਧਾਇਕ) ਨੇ ਕਿਹਾ ਕਿ ‘ਆਪ’ ਦੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਸਿੰਘ ਰੋੜੀ ’ਤੇ ਹੋਏ ਜਾਨਲੇਵਾ ਹਮਲੇ ਤੋਂ ਸਿੱਧ ਹੁੰਦਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ (ਲਾਅ ਐਂਡ ਆਰਡਰ) ਨਾਂਅ ਦੀ ਕੋਈ ਚੀਜ਼ ਨਹੀਂ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਇਕ ਜੈ ਸਿੰਘ ਰੋੜੀ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਗੁੰਡਿਆਂ ਨੂੰ ਪਾਰਟੀ ਦੇ ਵਰਕਰ ਮੂੰਹ ਤੋੜ ਜਵਾਬ ਦੇਣਗੇ।
ਵਿਧਾਇਕਾ ਅਤੇ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਸਰਕਾਰ ਸੂਬੇ ਵਿੱਚ ਡਰ ਅਤੇ ਭੈਅ ਦਾ ਮਾਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਧਾਰਮਿਕ ਸੰਸਥਾਵਾਂ ਦੇ ਨਾਲ ਨਾਲ ਆਮ ਲੋਕਾਂ ਦੇ ਨੁਮਾਇੰਦਿਆਂ ’ਤੇ ਗਿਣੀ-ਮਿਥੀ ਸਾਜ਼ਿਸ਼ ਤਹਿਤ ਹਮਲੇ ਕੀਤੇ ਜਾ ਰਹੇ ਹਨ, ਕਿਉਂਕਿ ਕਾਂਗਰਸ ਸਰਕਾਰ ਡਰ ਦਾ ਮਾਹੌਲ ਪੈਦਾ ਕਰਕੇ ਵੋਟਾਂ ਦੀ ਫ਼ਸਲ ਵੱਡਣੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ, ਬਾਦਲ ਅਤੇ ਭਾਰਤੀ ਜਨਤਾ ਪਾਰਟੀ ਰਲ਼ ਕੇ ‘ਆਪ’ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ।ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਡੇ- ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਹੈ, ਪਰ ਸਚਾਈ ਲੋਕਾਂ ਸਾਹਮਣੇ ਹੈ ਕਿ ਵਿਧਾਇਕ ਜੈ ਸਿੰਘ ਰੋੜੀ ’ਤੇ ਰਾਤ ਸਮੇਂ ਜਾਨਲੇਵਾ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਪੁਲੀਸ ਮੁਖੀ ਨੂੰ ਕੁਰਸੀ ’ਤੇ ਬਿਠਾਉਣ ਅਤੇ ਉਤਾਰਨ ਦੀ ਖੇਡ ਖੇਲ੍ਹ ਰਹੀ ਹੈ ਅਤੇ ਹਰ ਦਿਨ ਪੁਲੀਸ ਅਧਿਕਾਰੀ ਬਦਲੇ ਜਾ ਰਹੇ ਹਨ, ਜਿਸ ਕਾਰਨ ਸੂਬੇ ਵਿੱਚ ਕਾਨੂੰਨ ਵਿਵਸਥਾ ’ਤੇ ਚੰਨੀ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਇਕ ਦਿਨ 'ਚ ਸਾਹਮਣੇ ਆਏ 10,000 ਤੋਂ ਵੀ ਜ਼ਿਆਦਾ ਨਵੇਂ ਮਾਮਲੇ
‘ਆਪ’ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਅੱਗੇ ਇੱਕ ਵੱਡੀ ਰਾਜਨੀਤਿਕ ਚੁਣੌਤੀ ਵਜੋਂ ਖੜ੍ਹੀ ਹੈ। ਇਸ ਲਈ ਸਹਿ ਪ੍ਰਾਪਤ ਗੁੰਡੇ ਜਿੱਥੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰ ਰਹੇ ਹਨ, ਉੱਥੇ ਹੀ ਲੋਕ ਨੁਮਾਇੰਦਿਆਂ ’ਤੇ ਹਮਲੇ ਕਰਕੇ ‘ਆਪ’ ਦੇ ਵਰਕਰਾਂ ਅਤੇ ਆਗੂਆਂ ਨੂੰ ਡਰਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਆਮ ਲੋਕਾਂ ਦੀ ਰਾਜਨੀਤਿਕ ਜਮਾਤ ਹੈ ਅਤੇ ਆਮ ਲੋਕਾਂ ਦੇ ਤੂਫ਼ਾਨ ਨੂੰ ਸਹਿ ਪ੍ਰਾਪਤ ਗੁੰਡੇ ਦਬਾਅ ਨਹੀਂ ਸਕਦੇ।ਆਪ ਆਗੂਆਂ ਨੇ ਕਿਹਾ ਕਿ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਜਾ ਰਹੇ ਭਰਵੇਂ ਸਮਰਥਨ ਤੋਂ ਘਬਰਾ ਕੇ ਸਾਰੀਆਂ ਰਿਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਇਸ ਦੇ ਆਗੂਆਂ ਵਿਰੁੱਧ ਉਸੇ ਤਰ੍ਹਾਂ ਇੱਕ ਜੁੱਟ ਹੋ ਗਈਆਂ ਹਨ, ਜਿਵੇਂ 2017 ਦੀਆਂ ਚੋਣੇ ਵੇਲੇ ਹੋਈਆਂ ਸਨ।
ਉਨ੍ਹਾਂ ਕਿਹਾ ਕਿ ਸੱਤਾਧਾਰੀ ਕਾਂਗਰਸ, ਬਾਦਲ, ਕੈਪਟਨ ਅਤੇ ਭਾਜਪਾ ਅਤੇ ਹੋਰ ਰਿਵਾਇਤੀ ਪਾਰਟੀਆਂ ਦੇ ਆਗੂ 2022 ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਇਸ ਤਰ੍ਹਾਂ ਦੀ ਹੋਛੀਆਂ ਹਰਕਤਾਂ ’ਤੇ ਉਤਰ ਆਏ ਹਨ, ਪ੍ਰੰਤੂ ਪੰਜਾਬ ਦੇ ਲੋਕ ਇਸ ਵਾਰ ਇਨ੍ਹਾਂ ਲੁਟੇਰੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਆਗੂਆਂ ਨੇ ਕਿਹਾ ਜੇਕਰ ਜੈ ਸਿੰਘ ਰੋੜੀ ’ਤੇ ਹੋਏ ਹਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਹੋਵੇ ਤਾਂ ਹਮਲਾਵਰਾਂ ਦੀ ਤਾਰ ਇਨ੍ਹਾਂ ਰਵਾਇਤੀ ਪਾਰਟੀਆਂ ਨਾਲ ਸਿੱਧੀ ਜੁੜੀ ਸਾਬਤ ਹੋਵੇਗੀ। ‘ਆਪ’ ਆਗੂਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪੁਲਸ ਦੇ ਮੁਖੀ ਸਿਧਾਰਥ ਚਟੋਪਾਧਿਆ ਤੋਂ ਮੰਗ ਕੀਤੀ ਹੈ ਕਿ ਵਿਧਾਇਕ ਜੈ ਸਿੰਘ ਰੋੜੀ ’ਤੇ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਾਈ ਕੋਰਟ ਦੇ ਹੁਕਮਾਂ ’ਤੇ ਨਸ਼ਿਆਂ ਦੇ ਮਾਮਲੇ ਦੀਆਂ ਹੋਈਆਂ ਜਾਂਚਾਂ ਦੀ ਰਿਪੋਰਟ ਜਨਤਕ ਹੋਵੇ : ਅਕਾਲੀ ਦਲ
NEXT STORY