ਮਾਨਸਾ (ਮਿੱਤਲ)— ਸੰਜੀਵਨੀ ਵੈੱਲਫੇਅਰ ਸੋਸਾਇਟੀ ਵਲੋਂ ਮੱਲ੍ਹੀ ਵੈੱਲਫੇਅਰ ਟਰੱਸਟ ਦੇ ਸਹਿਯੋਗ ਨਾਲ ਇਕ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਸੀਨੀਅਰ ਸੈਕੰਡਰੀ ਸਕੂਲ ਅੱਕਾਂਵਾਲੀ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਮੁਖੀ ਹਰਪ੍ਰੀਤ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਵਚਨਬੱਧ ਹੈ। ਸੰਜੀਵਨੀ ਵੈੱਲਫੇਅਰ ਸੋਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਨਿਰੰਜਣ ਬੋਹਾ ਤੇ ਪ੍ਰਧਾਨ ਬਲਦੇਵ ਕੱਕੜ ਨੇ ਕਿਹਾ ਕਿ ਪੰਜਾਬ ਇਸ ਵੇਲੇ ਨਸ਼ਿਆਂ ਵਾਲੇ ਅੱਤਵਾਦ ਵਿਰੁੱਧ ਗੰਭੀਰ ਕਿਸਮ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਬਲ ਰਹੇ ਨੌਜਵਾਨਾਂ ਦੇ ਸਿਵੇ ਸਾਡੇ ਸਾਰਿਆਂ ਲਈ ਵੱਡੀ ਚਿੰਤਾ ਵਾਲੀ ਗੱਲ ਹਨ।
ਮੱਲ੍ਹੀ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਹਰਪ੍ਰੀਤ ਸਿੰਘ ਰੂਬਲ ਮੱਲ੍ਹੀ ਨੇ ਕਿਹਾ ਕਿ ਨਸ਼ੇ ਨਾ ਕੇਵਲ ਮਨੁੱਖੀ ਸਿਹਤ ਦਾ ਨੁਕਸਾਨ ਕਰਦੇ ਹਨ, ਸਗੋਂ ਇਹ ਮਨੁੱਖ ਦੇ ਸਵੈਮਾਣ ਤੇ ਇੱਜ਼ਤ ਦੇ ਵੀ ਦੁਸ਼ਮਣ ਹਨ। ਜ਼ਿਲਾ ਬਾਲ ਭਲਾਈ ਕਮੇਟੀ ਦੇ ਮੈਂਬਰ ਮਾਸਟਰ ਬਾਬੂ ਸਿੰਘ ਨੇ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਸਰਕਾਰੀ ਪ੍ਰਸ਼ਾਸਨ ਤੇ ਆਮ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਪਿੰਡ ਬਚਾਓ ਕਮੇਟੀ ਦੇ ਆਗੂ ਗੁਰਮੇਲ ਸਿੰਘ ਅੱਕਾਂਵਾਲੀ, ਮਾਸਟਰ ਇਕਬਾਲ ਸਿੰਘ, ਗੁਰਜੰਟ ਸਿੰਘ ਆਦਿ ਵੀ ਹਾਜ਼ਰ ਸਨ।
ਇਨੋਵਾ ਗੱਡੀ ਲਈ 15 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਦੀ ਕੁੱਟਮਾਰ
NEXT STORY