ਖਰੜ, (ਅਮਰਦੀਪ ਸਿੰਘ ਸੈਣੀ)- ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੀ ਅਗਵਾਈ ਵਿੱਚ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਅੱਜ ਪੰਜਾਬ ਵਿੱਚ ਦਾਖਲ ਹੋਈ ਜਿੱਥੇ 25 ਤੋਂ ਵੱਧ ਥਾਵਾਂ 'ਤੇ ਟਰੈਕਟਰਾਂ ਨਾਲ ਕਿਸਾਨ ਜਾਗਰੂਕਤਾ ਯਾਤਰਾ ਦਾ ਸਵਾਗਤ ਕੀਤਾ ਗਿਆ। ਰਸਤੇ ਵਿੱਚ ਫਾਜ਼ਿਲਕਾ, ਮਲੋਟ, ਸ੍ਰੀ ਮੁਕਤਸਰ ਸਾਹਿਬ ਅਤੇ ਸਾਦਿਕ ਸਮੇਤ ਅਨੇਕਾਂ ਥਾਵਾਂ ਉੱਪਰ ਕਿਸਾਨਾਂ ਵੱਲੋਂ ਇਸ ਹੱਕੀ ਮੰਗਾਂ ਲਈ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਅੱਜ ਦੀ ਕਿਸਾਨ ਯਾਤਰਾ ਵਿੱਚ ਮੁੱਖ ਤੌਰ ਤੇ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ, ਸਤਨਾਮ ਸਿੰਘ ਬਹਿਰੂ, ਬਲਦੇਵ ਸਿੰਘ ਸਿਰਸਾ, ਜਸਵੀਰ ਸਿੰਘ ਸਿੱਧੂਪੁਰ, ਬਲਦੇਵ ਸਿੰਘ ਬਡਾਲਾ, ਹਰਸੁਲਿੰਦਰ ਸਿੰਘ, ਬੋਹੜ ਸਿੰਘ, ਇੰਦਰਜੀਤ ਸਿੰਘ ਘਣੀਆ, ਪ੍ਰਗਟ ਸਿੰਘ, ਬਲਜੀਤ ਸਿੰਘ ਮੁਕਤਸਰ, ਅਰੁਣ ਪਟੇਲ, ਸੁਰੇਸ਼ ਪਾਟਿਲ, ਸੋਨਵੀਰ ਸਿੰਘ, ਇੰਦਰਜੀਤ ਪੰਨੀਵਾਲਾ, ਮਹਾਂਵੀਰ ਸਹਾਰਨ, ਹਰਸ਼ਦੀਪ ਸਿੰਘ ਗਿੱਲ, ਸੰਤੋਸ਼ ਨਾਗਰ, ਮੋਨੀਸ਼ ਰਾਜਪੂਤ ਆਦਿ ਵੱਲੋ ਸ਼ਮੂਲੀਅਤ ਕੀਤੀ ਗਈ।
ਕਿਸਾਨਾਂ, ਮਜ਼ਦੂਰਾਂ ਤੇ ਹਰ ਇੱਕ ਦੇ ਹੱਕਾਂ ਲਈ ਲੜੇ ਜਾ ਰਹੇ ਅੰਦੋਲਨਾਂ ਬਾਰੇ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਵਾਲਾ ਮੁਕਤ ਵਪਾਰ ਸਮਝੌਤਾ ਭਾਰਤ ਦੇ ਕਿਸਾਨਾਂ ਅਤੇ ਖੇਤੀਬਾੜੀ ਉੱਪਰ ਇੱਕ ਵੱਡਾ ਹਮਲਾ ਹੈ, ਜਿਸ ਦਾ ਸਾਰਿਆਂ ਨੂੰ ਮਿਲ ਕੇ ਮੁਕਾਬਲਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਕਿਸਾਨ ਯਾਤਰਾ 7 ਫਰਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਕਿਸਾਨ ਯਾਤਰਾ ਨੂੰ ਸਾਰੇ ਸੂਬਿਆਂ ਵਿੱਚ ਵੱਡੀ ਪੱਧਰ ਤੇ ਜਨਤਕ ਸਮਰਥਨ ਮਿਲਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ 19 ਮਾਰਚ ਨੂੰ ਦੇਸ਼ ਭਰ ਤੋਂ ਲੱਖਾਂ ਕਿਸਾਨ ਦਿੱਲੀ ਦੇ ਰਾਮਲੀਲਾ ਮੈਦਾਨ ਪਹੁੰਚ ਕੇ ਭਾਰਤ ਸਰਕਾਰ ਉੱਪਰ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਸੈਕਟਰ ਨੂੰ ਇਸ ਮੁਕਤ ਵਪਾਰ ਸਮਝੌਤੇ ਤੋਂ ਬਾਹਰ ਰੱਖਣ ਲਈ ਜ਼ਰੂਰੀ ਦਬਾਅ ਬਣਾਉਣ ਵਿੱਚ ਸਫਲ ਹੋਣਗੇ।
ਪਟਿਆਲਾ ਦੀਆਂ ਧੀਆਂ ਨੇ UPSC 'ਚ ਗੱਡੇ ਸਫਲਤਾ ਦੇ ਝੰਡੇ
NEXT STORY