ਲੁਧਿਆਣਾ (ਰਾਜ): ਖੂਨ ਦੇ ਰਿਸ਼ਤੇ ਕਿਸ ਕਦਰ ਸਫੇਦ ਹੁੰਦੇ ਜਾ ਰਹੇ ਹਨ, ਇਸ ਦੀ ਰੂਹ ਕੰਬਾਊ ਮਿਸਾਲ ਲੁਧਿਆਣਾ ਵਿਚ ਦੇਖਣ ਨੂੰ ਮਿਲੀ ਹੈ। ਇੱਥੇ ਆਪਣੇ ਮਾਸੂਮ ਬੱਚਿਆਂ ਦੀ ਇਕ ਝਲਕ ਪਾਉਣ ਦੀ ਚਾਹਤ ਵਿਚ ਸਹੁਰੇ ਘਰ ਪਹੁੰਚੇ ਇਕ ਵਿਅਕਤੀ ਨੂੰ ਉਸ ਦੇ ਹੀ ਸਾਲੇ ਨੇ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਲਈ ਸਾਲੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੀਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਲਹੂ-ਲੁਹਾਨ ਹਾਲਤ ਵਿਚ ਪੀੜਤ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸ਼ਿਕਾਇਤਕਰਤਾ ਅਮਨਪਾਲ ਨੇ ਪੁਲਸ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਤਲਾਕ ਤੋਂ ਬਾਅਦ ਪਤਨੀ ਨੇ ਆਪਣੇ ਦੋਵੇਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ (ਨਾਨਾ-ਨਾਨੀ) ਕੋਲ ਛੱਡ ਦਿੱਤਾ ਅਤੇ ਖੁਦ ਦੂਜਾ ਵਿਆਹ ਕਰਵਾ ਕੇ ਆਪਣੀ ਨਵੀਂ ਦੁਨੀਆ ਵਸਾ ਲਈ। ਪਿਤਾ ਹੋਣ ਦੇ ਨਾਤੇ ਪੀੜਤ ਦਾ ਦਿਲ ਆਪਣੇ ਬੱਚਿਆਂ ਲਈ ਤੜਫ ਰਿਹਾ ਸੀ, ਜਿਸ ਕਾਰਨ ਉਹ 10 ਫਰਵਰੀ ਨੂੰ ਆਪਣੇ ਸਹੁਰੇ ਘਰ ਪਹੁੰਚਿਆ ਤਾਂ ਜੋ ਆਪਣੇ ਜਿਗਰ ਦੇ ਟੁਕੜਿਆਂ ਨੂੰ ਮਿਲ ਸਕੇ। ਜਿਵੇਂ ਹੀ ਉਹ ਬੱਚਿਆਂ ਨੂੰ ਮਿਲਣ ਘਰ ਪਹੁੰਚਿਆ ਤਾਂ ਉਸ ਦੇ ਸਾਲੇ ਨੇ ਆਪਣੇ ਸਾਥੀਆਂ ਸਮੇਤ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਰੰਜਿਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ। ਰੌਲਾ ਪੈਣ 'ਤੇ ਜਦੋਂ ਲੋਕ ਇਕੱਠੇ ਹੋਏ ਤਾਂ ਮੁਲਜ਼ਮ ਉਸ ਨੂੰ ਮਰਨਾਊ ਹਾਲਤ 'ਚ ਛੱਡ ਕੇ ਫ਼ਰਾਰ ਹੋ ਗਏ। ਫਿਲਹਾਲ ਪੀੜਤ ਡੀ.ਐੱਮ.ਸੀ. ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਕਾਲੀ, ਪ੍ਰਿੰਸ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਤੋਂ ਮੰਗਵਾਈ 22 ਕਿੱਲੋ ਹੈਰੋਇਨ ਸਣੇ 4 ਨਸ਼ਾ ਤਸਕਰ ਗ੍ਰਿਫ਼ਤਾਰ
NEXT STORY