ਬਠਿੰਡਾ,(ਬਲਵਿੰਦਰ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਸੈਮ ਪਿਤਰੋਦਾ ਦੀ ਟਿੱਪਣੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਸਿੱਖਾਂ ਪ੍ਰਤੀ ਕਾਂਗਰਸ ਤੇ ਗਾਂਧੀ ਪਰਿਵਾਰ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਕਾਂਗਰਸ ਤੇ ਉਨ੍ਹਾਂ ਦੇ ਨੇਤਾਵਾਂ ਦੀ ਸੋਚ ਲੋਕਾਂ ਨੂੰ ਪਤਾ ਲੱਗ ਚੁੱਕੀ ਹੈ। ਕਾਂਗਰਸ ਨੂੰ ਇਸ ਦਾ ਖਮਿਆਜ਼ਾ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ ਕਿਉਂਕਿ ਕੋਈ ਵੀ ਪੰਜਾਬੀ ਨਹੀਂ ਚਾਹੇਗਾ ਕਿ ਸਿੱਖਾਂ ਦੇ ਕਤਲੇਆਮ ਨੂੰ ਸੁਪੋਰਟ ਕਰਨ ਅਤੇ ਜਾਇਜ਼ ਠਹਿਰਾਉਣ ਵਾਲਿਆਂ ਦੀ ਜਿੱਤ ਹੋਵੇ। ਮਜੀਠੀਆ ਬਠਿੰਡਾ ਵਿਚ ਵੱਖ-ਵੱਖ ਇਲਾਕਿਆਂ 'ਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਪੱਖ ਵਿਚ ਰੱਖੀਆਂ ਜਨਤਕ ਸਭਾਵਾਂ ਵਿਚ ਬੋਲ ਰਹੇ ਸਨ। ਇਸ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਦੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਮਰਥਨ ਮਿਲਿਆ ਜਦੋਂ 100 ਤੋਂ ਜ਼ਿਆਦਾ ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ।
ਮਜੀਠੀਆ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ 'ਚ ਕਿਹਾ ਕਿ ਰਾਜੀਵ ਗਾਂਧੀ ਦੇ ਦਿਨਾਂ ਤੋਂ ਹੀ ਪਿਤਰੋਦਾ ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀ ਰਹੇ ਅਤੇ ਹੁਣ ਵੀ ਰਾਹੁਲ ਗਾਂਧੀ ਦੇ ਪ੍ਰਧਾਨ ਸਲਾਹਕਾਰ ਹਨ। ਉਨ੍ਹਾਂ ਦੀ ਟਿੱਪਣੀ ਗਾਂਧੀ ਪਰਿਵਾਰ ਦੀ ਸੋਚ ਦਾ ਖੁਲਾਸਾ ਕਰਦੀ ਹੈ। ਇਹ ਟਿੱਪਣੀ ਇਸ ਗੱਲ ਦੀ ਅੰਤਿਮ ਅਤੇ ਪੁਖ਼ਤਾ ਗਵਾਹੀ ਹੈ ਕਿ ਕਿਸ ਨੇ ਕਤਲੇਆਮ ਦਾ ਆਦੇਸ਼ ਦਿੱਤਾ ਅਤੇ ਗਾਂਧੀ ਪਰਿਵਾਰ ਕਿਵੇਂ ਸਿੱਖਾਂ ਨਾਲ ਹੋਈ ਇਸ ਤ੍ਰਾਸਦੀ ਨੂੰ ਵੇਖਦਾ ਹੈ। ਬਿਕਰਮ ਮਜੀਠੀਆ ਨੇ ਦਾਣਾ ਮੰਡੀ ਵਿਚ ਰੱਖੀ ਸਭਾ 'ਚ ਕਿਹਾ ਕਿ ਚੋਣਾਂ ਦੀ ਤਾਰੀਖ਼ ਨਜ਼ਦੀਕ ਆ ਰਹੀ ਹੈ ਅਤੇ ਲੋਕਾਂ ਨੇ ਪੂਰਾ ਮਨ ਬਣਾ ਲਿਆ ਹੈ ਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ 'ਚ ਫਿਰ ਤੋਂ ਭਾਜਪਾ ਦੀ ਸਰਕਾਰ ਬਣਾਉਣੀ ਹੈ।
ਅਕਾਲੀ-ਭਾਜਪਾ ਸਰਕਾਰ ਦੇ ਸਮੇਂ 'ਚ ਹੋਏ ਵਿਕਾਸ ਕੰਮਾਂ ਅਤੇ ਬੀਬਾ ਬਾਦਲ ਵੱਲੋਂ ਪਿਛਲੇ 10 ਸਾਲ ਵਿਚ ਬਠਿੰਡਾ 'ਚ ਲਾਏ ਪ੍ਰਾਜੈਕਟ 'ਤੇ ਲੋਕ ਖੁੱਲ੍ਹ ਕੇ ਆਪਣੇ ਸੁਝਾਅ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਤਾਂ ਪੂਰਾ ਨਹੀਂ ਕੀਤਾ ਉਲਟਾ ਸ਼ਹਿਰਾਂ ਦਾ ਵਿਕਾਸ ਠੱਪ ਕਰ ਦਿੱਤਾ। ਇਸ ਵਾਰ ਬਠਿੰਡਾ 'ਚ ਬੀਬਾ ਹਰਸਿਮਰਤ ਕੌਰ ਬਾਦਲ ਵੱਡੇ ਅੰਤਰ ਨਾਲ ਜਿੱਤ ਹਾਸਲ ਕਰੇਗੀ। ਬਿਕਰਮ ਮਜੀਠੀਆ ਨੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਦੀ ਬੈਠਕ ਨੂੰ ਵੀ ਸੰਬੋਧਨ ਕੀਤਾ। ਇਸ ਵਿਚ ਹਜ਼ਾਰਾਂ ਸਟੂਡੈਂਟ ਨੇ ਹਿੱਸਾ ਲਿਆ।
ਰਾਹੁਲ ਗਾਂਧੀ ਦੀ ਰੈਲੀ ਸਥਾਨ ਦਾ ਆਸ਼ਾ ਕੁਮਾਰੀ ਨੇ ਲਿਆ ਜਾਇਜ਼ਾ
NEXT STORY