ਮਹਿਲ ਕਲਾਂ (ਹਮੀਦੀ) – ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ 26 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ–43 ਵਿੱਚ ਹੋਣ ਵਾਲੇ ਵੱਡੇ ਪ੍ਰੋਗਰਾਮ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਪ੍ਰੋਗਰਾਮ ਇਤਿਹਾਸਕ ਜੇਤੂ ਕਿਸਾਨ ਘੋਲ ਦੀ 5ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਜਨਰਲ ਸਕੱਤਰ ਜਗਰਾਜ ਸਿੰਘ ਹਰਦਾਸਪੁਰਾ, ਖ਼ਜ਼ਾਨਚੀ ਸਤਨਾਮ ਸਿੰਘ ਬਰਨਾਲਾ, ਬਲਾਕ ਮਹਿਲਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਅਤੇ ਜਨਰਲ ਸਕੱਤਰ ਸਤਨਾਮ ਸਿੰਘ ਮੂੰਮ ਨੇ ਦੱਸਿਆ ਕਿ 26 ਨਵੰਬਰ 2020 ਨੂੰ ਦਿੱਲੀ ਦੇ ਬਾਰਡਰਾਂ ’ਤੇ ਸ਼ੁਰੂ ਹੋਏ ਇਤਿਹਾਸਕ ਮੋਰਚੇ ਨੇ ਦੇਸ਼ ਦੀ ਕਿਸਾਨੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ ਸੀ। ਹੁਣ ਵਰ੍ਹੇਗੰਢ ਮੌਕੇ ਦਿੱਲੀ ਮੋਰਚੇ ਨਾਲ ਜੁੜੀਆਂ ਬਾਕੀ ਰਹਿੰਦੀ ਮੰਗਾਂ, ਅਤੇ ਪੰਜਾਬ ਸਰਕਾਰ ਨਾਲ ਸਬੰਧਤ ਮੁੱਦਿਆਂ ’ਤੇ ਦਬਾਅ ਬਣਾਉਣ ਲਈ ਦਹਾਕਿਆਂ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਤਿੰਨਾਂ ਬਲਾਕਾਂ – ਮਹਿਲਕਲਾਂ, ਬਰਨਾਲਾ ਅਤੇ ਸਹਿਣਾ – ਵਿੱਚੋਂ ਬਾਬੂ ਸਿੰਘ ਖੁੱਡੀ ਕਲਾਂ, ਭੋਲਾ ਸਿੰਘ ਛੰਨਾਂ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਸੈਂਕੜਿਆਂ ਕਿਸਾਨ ਵੱਡੇ ਜੋਸ਼ ਨਾਲ ਚੰਡੀਗੜ੍ਹ ਲਈ ਕੂਚ ਕਰਨਗੇ। ਇਸ ਮੌਕੇ ਸੂਬਾ ਖ਼ਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ ਅਤੇ ਸੂਬਾ ਸਲਾਹਕਾਰ ਬਲਵੰਤ ਸਿੰਘ ਉੱਪਲੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਪਾਏ ਗਏ ਕੇਸਾਂ ਨੂੰ ਵਾਪਸ ਲੈਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਬਿਜਲੀ ਸੋਧ ਬਿੱਲ–2025 ਅਤੇ ਸਮਾਰਟ ਮੀਟਰਾਂ ਰਾਹੀਂ ਪ੍ਰੀ–ਪੇਡ ਸਿਸਟਮ ਲਾਗੂ ਕਰਕੇ ਪਾਵਰਕਾਮ ਨੂੰ ਕਾਰਪੋਰੇਟ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੇਂਦਰ ਵੱਲੋਂ ਪੰਜਾਬ–ਹਰਿਆਣਾ ਦੀ ਭਰਾਵਾਂ ਵਾਲੀ ਸਾਂਝ ਨੂੰ ਪਾਣੀ, ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਬਹਾਨੇ ਖਿੰਡਾਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਕਦਾਚਿੱਤ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ–ਸੰਗਰੂਰ ਇਲਾਕੇ ਦੇ ਵੱਖ–ਵੱਖ ਪਿੰਡਾਂ ਤੋਂ ਨਿਕਲਣ ਵਾਲਾ ਕਿਸਾਨ ਕਾਫ਼ਲਾ 26 ਨਵੰਬਰ ਸਵੇਰੇ 8 ਵਜੇ ਮਸਤੂਆਣਾ ਸਾਹਿਬ ਤੋਂ ਰਵਾਨਾ ਹੋਵੇਗਾ।
ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਛੋਟੀ ਉਮਰ ਦੇ ਨੌਜਵਾਨ ਗ੍ਰਿਫ਼ਤਾਰ
NEXT STORY