ਭਵਾਨੀਗੜ੍ਹ(ਕਾਂਸਲ,ਵਿਕਾਸ, ਸੰਜੀਵ) : ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਇੱਥੇ ਸੈਂਕੜੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਥਾਣੇ ਦਾ ਘਿਰਾਓ ਕਰਕੇ ਪੁਲਸ ਪ੍ਰਸ਼ਾਸਨ ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਖਿਲਾਫ਼ ਪ੍ਰਦਰਸ਼ਨ ਕਰਦਿਆਂ ਜੰਮਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਇਕਾਈ ਪ੍ਰਧਾਨ ਗੁਰਚਰਨ ਸਿੰਘ ਘਰਾਚੋਂ, ਮੱਘਰ ਸਿੰਘ ਤੇ ਮਿੱਠੂ ਸਿੰਘ ਨੇ ਕਿਹਾ ਕਿ ਘਰਾਚੋਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਰੱਦ ਕਰਾਉਣ ਲਈ ਦਲਿਤ ਲੋਕ ਪਿਛਲੇ ਚਾਰ ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਸ ਦਾ ਰਵੱਈਆ ਸ਼ੁਰੂ ਤੋਂ ਦਲਿਤ ਵਿਰੋਧੀ ਅਤੇ ਸਿਆਸੀ ਸ਼ਹਿ ਉੱਪਰ ਪਿੰਡਾਂ ਦੇ ਧਨਾਢ ਚੌਧਰੀਆਂ ਰਾਹੀਂ ਡੰਮੀ ਬੋਲੀਕਾਰਾਂ ਦੇ ਪੱਖ ਵਿੱਚ ਭੁੱਗਤਿਆ ਹੈ ਅਤੇ ਹੁਣ ਪੁਲਸ ਪ੍ਰਸ਼ਾਸਨ ਵੱਲੋਂ ਦਲਿਤਾਂ ਨੂੰ ਨੋਟਿਸ ਜਾਰੀ ਕਰਕੇ ਆਨੇ-ਬਹਾਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਕੇ ਥਾਣਿਆਂ 'ਚ ਹਾਜ਼ਰੀ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਅਾਗੂਆਂ ਤੇ ਵਰਕਰਾਂ ਨੂੰ ਦਬਾਉਣ ਲਈ ਉਨ੍ਹਾਂ ਉੱਪਰ ਪਰਚੇ ਦਰਜ ਕਰਨ ਅਤੇ ਗ੍ਰਿਫਤਾਰ ਕਰਕੇ ਜੇਲਾਂ 'ਚ ਡੱਕਣ ਦੀਆਂ ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਖਿਲਾਫ਼ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਦਲਿਤ ਭਵਾਨੀਗੜ੍ਹ ਪੁਲਸ ਥਾਣੇ ਦਾ ਘਿਰਾਓ ਕਰਨ ਲਈ ਮਜਬੂਰ ਹੋਏ ਹਨ।
ਆਗੂਆਂ ਨੇ ਕਿਹਾ ਕਿ ਦਲਿਤਾਂ ਦੇ ਪ੍ਰਦਰਸ਼ਨ ਦੌਰਾਨ ਵੀ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਪੁਲਸ ਪ੍ਰਸ਼ਾਸਨ ਵੱਲੋਂ ਥਾਣੇ ਦੇ ਮੁੱਖ ਗੇਟ ਨੂੰ ਜਿੰਦਰਾ ਮਾਰ ਕੇ ਬੰਦ ਕਰ ਲਿਆ ਗਿਆ। ਜਿਸ ਉਪਰੰਤ ਜਥੇਬੰਦੀ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਦਲਿਤ ਭਾਈਚਾਰੇ ਦਾ ਕੋਈ ਵੀ ਵਿਅਕਤੀ ਥਾਣੇ ਹਾਜ਼ਰੀ ਨਹੀਂ ਭਰੇਗਾ ਤੇ ਪੁਲਸ ਪ੍ਰਸ਼ਾਸਨ ਤੇ ਸਰਕਾਰ ਦੇ ਇਸ ਦਲਿਤ ਵਿਰੋਧੀ ਰਵੱਈਏ ਦਾ ਮੂੰਹ ਤੋੜ ਜਵਾਬ ਦੇਣ ਲਈ 15 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕੈਬਨਿਟ ਮੰਤਰੀ ਦੀ ਸ਼ਹਿ 'ਤੇ ਜੇਕਰ ਪੁਲਸ ਪ੍ਰਸ਼ਾਸਨ ਦਲਿਤਾਂ ਨੂੰ ਪ੍ਰੇਸ਼ਾਨ ਕਰਨ ਤੋਂ ਬਾਜ਼ ਨਹੀਂ ਆਇਆ ਤਾਂ ਦਲਿਤ ਥਾਣੇ ਅੱਗੇ ਪੱਕਾ ਮੋਰਚਾ ਲਗਾਉਣਗੇ।
ਇਸ ਸਮੇਂ ਸੁਖਵਿੰਦਰ ਸਿੰਘ ਬਟੜਿਆਣਾ, ਹਰਜਿੰਦਰ ਸਿੰਘ ਝਨੇੜੀ, ਸਰਪੰਚ ਬੇਅੰਤ ਸਿੰਘ ਤੋਲੇਵਾਲ ,ਚਰਨ ਸਿੰਘ ਬਾਲਦ ਕਲਾਂ, ਪਰਮਜੀਤ ਕੌਰ, ਚਰਨਜੀਤ ਕੌਰ, ਪ੍ਰਦੀਪ ਸਿੰਘ ਆਦਿ ਮੌਜੂਦ ਸਨ। ਓਧਰ ਦੂਜੇ ਪਾਸੇ ਡੀਅੈੱਸਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਕਾਨੂੰਨ ਮੁਤਾਬਕ ਅਪਣਾ ਕੰਮ ਕਰ ਰਿਹਾ ਹੈ ਕਿਸੇ ਨੂੰ ਵੀ ਨਜ਼ਾਇਜ਼ ਪ੍ਰੇਸ਼ਾਨ ਨਹੀ ਕੀਤਾ ਜਾ ਰਿਹਾ। ਅਧਿਕਾਰੀ ਨੇ ਕਿਹਾ ਕਿ ਧਰਨਾਕਾਰੀਆਂ ਨੂੰ ਪੁਲਸ ਨੇ ਗੱਲਬਾਤ ਰਾਹੀੰ ਮਸਲਾ ਹੱਲ ਕਰਨ ਲਈ ਅੰਦਰ ਬੁਲਾਇਆ ਹੈ। ਖਬਰ ਲਿਖੇ ਜਾਣ ਤੱਕ ਧਰਨਾਕਾਰੀ ਧਰਨੇ 'ਤੇ ਡਟੇ ਹੋਏ ਸਨ।
ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੇ ਵੀਕਐਂਡ ਲਾਕਡਾਊਨ ਹਟਾਏ ਜਾਣ ਦੀ ਕੀਤੀ ਮੰਗ
NEXT STORY