ਸ੍ਰੀ ਮੁਕਤਸਰ ਸਾਹਿਬ,(ਪਵਨ,ਖੁਰਾਣਾ) - ਪਿਛਲੇ ਕਰੀਬ ਇਕ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਅਨਾਜ ਮੰਡੀਆਂ ’ਚ ਝੋਨੇ ਵਿੱਚ ਵੱਧ ਨਮੀ ਦੇ ਨਾਮ ’ਤੇ ਕਿਸਾਨਾਂ ਨਾਲ ਹੋ ਰਹੀ ਸ਼ਰੇਆਮ ਲੁੱਟ ਦੇ ਵਿਰੋਧ ਵਿਚ ਵੱਖ-ਵੱਖ ਅਧਿਕਾਰੀਆ ਕੋਲ ਪਹੁੰਚ ਕੀਤੀ ਜਾਂਦੀ ਰਹੀ ਹੈ ਪਰ ਭਰੋਸਿਆਂ ਦੇ ਬਾਵਜੂਦ ਮੰਡੀਆਂ ’ਚ ਕੋਈ ਸੁਧਾਰ ਨਜ਼ਰ ਨਹੀਂ ਆਇਆ। ਬੀਤੇ ਦਿਨ ਵੀ ਕਿਸਾਨ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਉਸ ’ਤੇ ਕੋਈ ਐਕਸ਼ਨ ਨਾ ਹੋਣ ਤੋਂ ਨਰਾਜ਼ ਹੋਏ ਕਿਸਾਨਾਂ ਨੇ ਅਚਾਨਕ ਬਣਾਏ ਪ੍ਰੋਗਰਾਮ ਅਨੁਸਾਰ ਜ਼ਿਲਾ ਫਰੀਦਕੋਟ ਅਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹੱਦ ’ਤੇ ਸਰਾਏ ਨਾਗਾ ਕੋਲ ਸਡ਼ਕ ਜਾਮ ਕਰ ਦਿੱਤੀ। ਜਿਸ ਨਾਲ ਟ੍ਰੈਫਿਕ ਇਕ ਦਮ ਰੁਕ ਗਿਆ। ਅਚਾਨਕ ਹੋਏ ਕਿਸਾਨਾਂ ਦੇ ਇਸ ਐਕਸ਼ਨ ਨਾਲ ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਸ਼ਾਸ਼ਨ ਹੱਥ ਪੈਰ੍ਹਾਂ ਵਿਚ ਆ ਗਿਆ। ਦੋਹਾਂ ਜ਼ਿਲਿਅਾਂ ਦੀ ਪੁਲਸ ਜਲਦੀ ਜਲਦੀ ਉਥੇ ਪਹੁੰਚੀ ਅਤੇ ਕਿਸਾਨਾਂ ਨੂੰ ਸਡ਼ਕ ਤੋਂ ਧਰਨਾ ਚੁੱਕਣ ਲਈ ਮਨਾਉਣ ਦੀ ਕੋਸਿਸ਼ ਕੀਤੀ। ਪਰ ਕਿਸਾਨ ਇਸ ਮੰਗ ’ਤੇ ਬਜਿੱਦ ਰਹੇ ਕਿ ਕੋਈ ਸਮਰੱਥ ਅਧਿਕਾਰੀ ਆਵੇ ਅਤੇ ਤੁਰੰਤ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇ।
ਉਨ੍ਹਾ ਕਿਹਾ ਕਿ ਵਪਾਰੀਆਂ ਵੱਲੋਂ ਝੋਨੇ ਦੀ ਨਮੀ ਵੱਧ ਦੱਸ ਕੇ ਪ੍ਰਤੀ ਕੁਵਿੰਟਲ ਅੱਠ ਤੋਂ ਦਸ ਕਿਲੋ ਝੋਨੇ ਦੀ ਕਾਟ ਲਾਈ ਜਾ ਰਹੀ ਹੈ, ਜਿਸ ਨੂੰ ਕਿਵੇਂ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਅਜਿਹੇ ਵਪਾਰੀਆਂ ਖਿਲਾਫ ਤੁਰੰਤ ਸਖਤ ਐਕਸ਼ਨ ਲਿਆ ਜਾਵੇ। ਕਿਸਾਨਾਂ ਵੱਲੋਂ ਧਰਨਾ ਨਾ ਚੁੱਕਣ ਦੀ ਸੂਰਤ ’ਚ ਟ੍ਰੈਫਿਕ ਨੂੰ ਪੇਂਡੂ ਸਡ਼ਕਾਂ ਵੱਲ ਮੋਡ਼ ਕੇ ਹਾਲਾਤ ਸੰਭਾਲੇ ਗਏ। ਇਸ ਨਾਲ ਬੇਸ਼ੱਕ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਆਈਆਂ ਪਰ ਕਿਸਾਨਾਂ ਆਪਣੀ ਪ੍ਰੇਸ਼ਾਨੀ ਸਰਕਾਰ ਤੱਕ ਪਹੁੰਚਾਉਣ ਲਈ ਹੋਰ ਕਈ ਰਸਤਾ ਨਜ਼ਰ ਨਹੀ ਆ ਰਿਹਾ ਸੀ। ਅਖੀਰ ’ਚ ਉੱਚ ਅਧਿਕਾਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਧਰਨਾ ਮੁਲਤਵੀ ਕਰ ਦਿੱਤਾ ਅਤੇ ਨਾਲ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਦਿੱਤੇ ਭਰੋਸੇ ਅਨੁਸਾਰ ਕਿਸਾਨਾਂ ਦੀ ਲੁੱਟ ਬੰਦ ਨਾ ਕਰਵਾਈ ਗਈ ਤਾਂ ਕਿਸਾਨ ਇਸ ਤੋਂ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੇ।
ਓਵਰਲੋਡਿਡ ਟਰੈਕਟਰ-ਟਰਾਲੀਆਂ ਕਾਰਨ ਲੋਕ ਪ੍ਰੇਸ਼ਾਨ
NEXT STORY