ਲੁਧਿਆਣਾ (ਰਾਜ): ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਇਲਾਕੇ ਵਿਚ ਉਸ ਸਮੇਂ ਫਿਲਮੀ ਮੰਜ਼ਰ ਦੇਖਣ ਨੂੰ ਮਿਲਿਆ, ਜਦੋਂ ਇਕ ਸ਼ਖ਼ਸ ਨੇ ਆਪਣੀ ਚੋਰੀ ਹੋਈ ਐਕਟਿਵਾ ਨੂੰ ਖ਼ੁਦ ਹੀ ਲੱਭ ਲਿਆ। ਮਹਿਜ਼ ਕੁਝ ਮਿੰਟਾਂ ਦੇ ਅੰਦਰ ਹੋਈ ਇਸ ਬਰਾਮਦਗੀ ਨੇ ਨਾ ਸਿਰਫ਼ ਚੋਰਾਂ ਦੇ ਹੋਸ਼ ਉਡਾ ਦਿੱਤੇ, ਸਗੋਂ ਇਲਾਕੇ ਵਿਚ ਭਾਰੀ ਹੰਗਾਮਾ ਵੀ ਖੜ੍ਹਾ ਕਰ ਦਿੱਤਾ। ਮਾਮਲਾ ਉਦੋਂ ਹੋਰ ਗਰਮਾ ਗਿਆ ਜਦੋਂ ਗੁੱਸੇ ਵਿਚ ਆਏ ਲੋਕਾਂ ਨੇ ਐਕਟਿਵਾ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਜੰਮ ਕੇ ਛਿੱਤਰ-ਪਰੇਡ ਕਰ ਦਿੱਤੀ। ਇਸ ਪੂਰੇ ਡਰਾਮੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ, ਚੰਦਰ ਨਗਰ ਦਾ ਰਹਿਣ ਵਾਲਾ ਇਕ ਵਿਅਕਤੀ, ਜੋ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ, ਆਪਣੀ ਪਤਨੀ ਨਾਲ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਗਿਆ ਸੀ। ਜਦੋਂ ਉਹ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ, ਉਦੋਂ ਹੀ ਉਸ ਨੂੰ ਫ਼ੋਨ 'ਤੇ ਸੂਚਨਾ ਮਿਲੀ ਕਿ ਘਰ ਦੇ ਬਾਹਰ ਖੜ੍ਹੀ ਉਸ ਦੀ ਐਕਟਿਵਾ ਚੋਰੀ ਹੋ ਗਈ ਹੈ। ਚੋਰੀ ਦੀ ਖ਼ਬਰ ਸੁਣ ਕੇ ਉਹ ਪਰੇਸ਼ਾਨ ਹੋ ਗਿਆ ਅਤੇ ਤੇਜ਼ੀ ਨਾਲ ਘਰ ਵੱਲ ਨਿਕਲਿਆ। ਪਰ ਕੁਦਰਤ ਦਾ ਕਰਿਸ਼ਮਾ ਦੇਖੋ, ਜਿਵੇਂ ਹੀ ਉਹ ਜਲੰਧਰ ਬਾਈਪਾਸ ਦੇ ਕੋਲ ਦਾਣਾ ਮੰਡੀ ਇਲਾਕੇ ਵਿਚ ਪਹੁੰਚਿਆ, ਉਸ ਦੀ ਨਜ਼ਰ ਸੜਕ ਕਿਨਾਰੇ ਖੜ੍ਹੀ ਆਪਣੀ ਹੀ ਐਕਟਿਵਾ 'ਤੇ ਪੈ ਗਈ। ਐਕਟਿਵਾ ਦੇ ਕੋਲ ਹੀ ਇਕ ਨੌਜਵਾਨ ਅਤੇ ਇਕ ਮਹਿਲਾ ਸ਼ੱਕੀ ਹਾਲਤ ਵਿਚ ਮੌਜੂਦ ਸਨ। ਜਿਵੇਂ ਹੀ ਪੀੜਤ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਦੋਵਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਰੌਲਾ ਸੁਣਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪਿੱਛਾ ਕਰਕੇ ਦੋਵਾਂ ਨੂੰ ਦਬੋਚ ਲਿਆ। ਫਿਰ ਕੀ ਸੀ, ਬੇਖੌਫ਼ ਹੋ ਕੇ ਚੋਰੀ ਕਰਨ ਵਾਲੇ ਨੌਜਵਾਨ 'ਤੇ ਲੋਕਾਂ ਦਾ ਗੁੱਸਾ ਫੁੱਟ ਪਿਆ ਅਤੇ ਮੌਕੇ 'ਤੇ ਹੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਮਗਰੋਂ ਨੌਜਵਾਨ ਅਤੇ ਉਸ ਦੀ ਮਹਿਲਾ ਸਾਥੀ ਨੇ ਤੁਰੰਤ ਕਬੂਲ ਕਰ ਲਿਆ ਕਿ ਐਕਟਿਵਾ ਉਨ੍ਹਾਂ ਨੇ ਹੀ ਚੋਰੀ ਕੀਤੀ ਸੀ।
ਹੰਗਾਮੇ ਦੌਰਾਨ ਉੱਥੇ ਕਾਫ਼ੀ ਭੀੜ ਜਮ੍ਹਾਂ ਹੋ ਗਈ ਅਤੇ ਕਈ ਲੋਕਾਂ ਨੇ ਆਪਣੇ ਮੋਬਾਈਲ ਕੈਮਰਿਆਂ ਵਿਚ ਇਸ ਪੂਰੀ ਘਟਨਾ ਨੂੰ ਕੈਦ ਕਰ ਲਿਆ। ਹਾਲਾਂਕਿ, ਬਾਅਦ ਵਿਚ ਮੌਕੇ 'ਤੇ ਮੌਜੂਦ ਕੁਝ ਲੋਕਾਂ ਦੇ ਵਿਚੋਲੇ ਬਣਨ ਅਤੇ ਰਹਿਮ ਦਿਖਾਉਣ 'ਤੇ ਈ-ਰਿਕਸ਼ਾ ਚਾਲਕ ਨੇ ਪੁਲਸ ਕਾਰਵਾਈ ਦੇ ਝਮੇਲੇ ਵਿਚ ਪੈਣ ਦੀ ਬਜਾਏ ਦੋਵਾਂ ਨੂੰ ਛੱਡ ਦਿੱਤਾ। ਜਲੰਧਰ ਬਾਈਪਾਸ 'ਤੇ ਕਾਫ਼ੀ ਦੇਰ ਤੱਕ ਚੱਲੇ ਇਸ ਹੰਗਾਮੇ ਦੀ ਚਰਚਾ ਹੁਣ ਪੂਰੇ ਸ਼ਹਿਰ ਵਿਚ ਹੋ ਰਹੀ ਹੈ ਅਤੇ ਲੋਕ ਈ-ਰਿਕਸ਼ਾ ਚਾਲਕ ਦੀ ਕਿਸਮਤ ਦੀ ਦਾਦ ਦੇ ਰਹੇ ਹਨ ਜਿਸ ਨੂੰ ਚੋਰੀ ਹੋਈ ਚੀਜ਼ ਅੱਧੇ ਘੰਟੇ ਦੇ ਅੰਦਰ ਹੀ ਖ਼ੁਦ-ਬ-ਖ਼ੁਦ ਮਿਲ ਗਈ।
ਨਸ਼ਾ ਤਸਕਰੀ ਮਡਿਊਲ ਦਾ ਕੀਤਾ ਪਰਦਾਫਾਸ਼, 2 ਕਿਲੋ ਤੋਂ ਵੱਧ ਹੈਰੋਇਨ ਸਮੇਤ ਤਸਕਰ ਕਾਬੂ
NEXT STORY