ਜਲਾਲਾਬਾਦ (ਸੇਤੀਆ)— ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸੰਭਾਵਿਤ ਹੜ੍ਹਾਂ ਦੇ ਮੌਸਮ ਨੂੰ ਵੇਖਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੁਣ ਤੱਕ ਹੋਏ ਪ੍ਰਬੰਧਾਂ ਤੇ ਹੋਰ ਕੀਤੇ ਜਾਣ ਵਾਲੇ ਢੁੱਕਵੇ ਕੰਮਾਂ ਸਬੰਧੀ ਰਿਵਿਊ ਮੀਟਿੰਗ ਕੀਤੀ ਗਈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ ਬੈਠਕ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਅਗਾਊਂ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਹੜ੍ਹਾਂ ਦੀ ਸਥਿਤੀ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਸਬੰਧਤ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਪਟਵਾਰੀਆਂ, ਨੰਬਰਦਾਰਾਂ ਤੇ ਹੋਰ ਮੈਬਰਾਂ ਨਾਲ ਲਗਾਤਾਰ ਤਾਲਮੇਲ ਕਾਇਮ ਰੱਖਣ ਤਾਂ ਜੋ ਲੋੜ ਪੈਣ 'ਤੇ ਮਦਦ ਲਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਸੰਕਟ ਦੀ ਸਥਿਤੀ ਨਜਿੱਠਣ ਲਈ ਉਨ੍ਹਾਂ ਲਈ ਪਹਿਲਾਂ ਹੀ ਕਿਸੇ ਸੁਰੱਖਿਅਤ ਸਥਾਨ ਦੀ ਚੌਣ ਕਰਕੇ ਖਾਣ-ਪੀਣ, ਰਹਿਣ-ਸਹਿਣ ਆਦਿ ਦੇ ਅਗਾਊਂ ਪ੍ਰਬੰਧ ਕਰ ਲਏ ਜਾਣ ਤਾਂ ਜੋ ਲੋਕਾਂ ਨੂੰ ਸੰਕਟ ਦੀ ਸਥਿਤੀ 'ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪਸ਼ੂ-ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਸ਼ੂਆਂ ਦੇ ਚਾਰੇ, ਤੂੜੀ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਜਾਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਸ ਜਗ੍ਹਾਂ 'ਤੇ ਰਿਲੀਫ ਕੈਂਪ ਬਣਾਏ ਜਾਣੇ ਹਨ ਉਹ ਜਗ੍ਹਾ ਨੂੰ ਵੀ ਸੁਰੱਖਿਅਤ ਹੋਣੀ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਨੇ ਪੁਲਸ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਉਣ ਕਿ ਹੜ੍ਹਾਂ ਦੀ ਸਥਿਤੀ 'ਚ ਕਿਸ਼ਤੀ ਚਲਾਉਣ ਵਾਲੇ, ਗੋਤਾਖੋਰਾਂ ਆਦਿ ਦੀ ਸ਼ਨਾਖਤ ਕਰ ਲਈ ਜਾਵੇ ਤਾਂ ਜੋ ਮੌਕੇ 'ਤੇ ਉਨ੍ਹਾਂ ਦੀ ਮਦਦ ਲਈ ਜਾ ਸਕੇ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਮਾਹਰ ਡਾਕਟਰੀ ਟੀਮਾਂ ਦਾ ਗਠਨ ਅਤੇ ਲੋੜੀਂਦੀਆਂ ਦਵਾਈਆਂ ਆਦਿ ਦੇ ਵੀ ਅਗਾਊਂ ਪ੍ਰਬੰਧ ਕਰ ਲਏ ਜਾਣ।
ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਕਿਹਾ ਕਿ ਹੜ੍ਹਾਂ ਦੀ ਸਥਿਤੀ ਵਿੱਚ ਨਿਪਟਣ ਲਈ ਜ਼ਿਲਾ ਪੱਧਰ ਤੇ ਸਬ ਡਵੀਜ਼ਨ ਪੱਧਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ ਜੋ ਕਿ 24 ਘੰਟੇ ਖੁੱਲ੍ਹਾ ਰਹੇਗਾ ਤੇ ਸੰਕਟ ਦੀ ਘੜੀ ਵਿੱਚ ਲੋੜਵੰਦ ਲੋਕ ਕਿਸੇ ਵੀ ਸਮੇਂ ਇਸ 'ਤੇ ਸੰਪਰਕ ਕਰ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਆਪੋ-ਆਪਣੇ ਵਿਭਾਗ ਵਿਖੇ ਨੋਡਲ ਅਫਸਰ ਵੀ ਨਿਯੁਕਤ ਕਰਨ ਦੀ ਵੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਬਲਬੀਰ ਰਾਜ ਸਿੰਘ, ਐਸ.ਪੀ.ਡੀ. ਸ੍ਰੀ ਵਿਨੋਦ ਕੁਮਾਰ, ਐਸ.ਡੀ.ਐਮ. ਅਬੋਹਰ
ਪੂਨਮ ਸਿੰਘ,ਐਸ.ਡੀ.ਐਮ.ਜਲਾਲਾਬਾਦ ਪ੍ਰਿਥੀ ਸਿੰਘ, ਜ਼ਿਲ੍ਹਾ ਮਾਲ ਅਫਸਰ ਮੈਡਮ ਪਰਮਜੀਤ ਕੌਰ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਰਾਜੇਸ਼ ਸ਼ਰਮਾ ਤੋਂ ਇਲਾਵਾ ਬੀ.ਐਸ.ਐਫ. ਤੇ ਫੌਜ ਦੇ ਅਧਿਕਾਰੀ, ਸਮੂਹ ਬੀ.ਡੀ.ਪੀ.ਓਜ਼ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਨਸ਼ੀਲੀਆਂ ਗੋਲੀਆਂ ਸਣੇ 3 ਵਿਅਕਤੀ ਕਾਬੂ
NEXT STORY