ਚੰਡੀਗੜ੍ਹ,(ਅਸ਼ਵਨੀ, ਕਮਲ)- ਪੰਜਾਬ ਦੇ ਵਣ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਹੈ ਕਿ ਵਣ ਨਿਗਮ 'ਚ ਪ੍ਰਮੋਸ਼ਨ ਘਪਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਉਹ ਵਣ ਨਿਗਮ ਦੀ ਪ੍ਰਮੋਸ਼ਨ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਦੀ ਨਿਯੁਕਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੱਧਰ 'ਤੇ ਕੀਤੀ ਜਾਂਦੀ ਹੈ ਅਤੇ ਵਣ ਨਿਗਮ ਵਿਚ ਪ੍ਰਾਜੈਕਟ ਅਫ਼ਸਰ ਅਤੇ ਹੇਠਲੇ ਸਟਾਫ਼ ਦੀ ਪ੍ਰਮੋਸ਼ਨ ਅਤੇ ਬਦਲੀਆਂ ਲਈ ਮੈਨੇਜਿੰਗ ਡਾਇਰੈਕਟਰ ਵਣ ਨਿਗਮ ਸਮਰੱਥ ਅਧਿਕਾਰੀ ਹਨ। ਧਰਮਸੌਤ ਨੇ ਕਿਹਾ ਕਿ ਮੈਨੇਜਿੰਗ ਡਾਇਰੈਕਟਰ ਵਲੋਂ ਵਣ ਨਿਗਮ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਪੱਧਰ 'ਤੇ ਸਿਰਫ਼ ਯੋਗ ਕਰਮਚਾਰੀਆਂ ਦੀ ਪ੍ਰਮੋਸ਼ਨ ਅਤੇ ਬਦਲੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਣ ਨਿਗਮ ਦੀਆਂ ਤਰੱਕੀਆਂ ਵਿਚ ਵਣ ਮੰਤਰੀ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਦੱਸਿਆ ਕਿ ਵਣ ਨਿਗਮ ਦੇ ਚੇਅਰਮੈਨ ਸਾਧੂ ਸਿੰਘ ਸੰਧੂ ਹੈ, ਇਸ ਲਈ ਹਮਨਾਮ ਹੋਣ ਕਾਰਣ ਪ੍ਰਮੋਸ਼ਨ ਵਿਚ ਉਨ੍ਹਾਂ ਦਾ ਨਾਂ ਉਛਾਲਿਆ ਜਾ ਰਿਹਾ ਹੈ।
ਸਵਾਲ ਕਾਇਮ, ਬਾਈਲਾਜ ਦੀ ਹੋਈ ਅਣਦੇਖੀ?
ਇਸ ਪੂਰੇ ਸਪੱਸ਼ਟੀਕਰਨ ਵਿਚ ਬੇਸ਼ੱਕ ਵਣ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਪ੍ਰਮੋਸ਼ਨ ਘਪਲੇ ਵਿਚ ਆਪਣੀ ਭੂਮਿਕਾ ਨੂੰ ਨਕਾਰ ਦਿੱਤਾ ਹੋਵੇ ਪਰ ਘਪਲੇ ਦੀ ਪੂਰੀ ਗੇਂਦ ਮੁੱਖ ਮੰਤਰੀ ਦੇ ਪਾਲੇ ਵਿਚ ਪਾ ਦਿੱਤੀ ਹੈ। ਪੂਰੇ ਸਪੱਸ਼ਟੀਕਰਨ ਵਿਚ ਧਰਮਸੌਤ ਨੇ ਇਕ ਵੀ ਜਗ੍ਹਾ ਨਿਯਮ-ਕਾਇਦਿਆਂ ਨੂੰ ਤਾਕ 'ਤੇ ਰੱਖ ਕੇ ਦਿੱਤੀ ਗਈ ਪ੍ਰਮੋਸ਼ਨ ਦੀ ਗੱਲ ਨੂੰ ਨਹੀਂ ਨਕਾਰਿਆ ਹੈ। ਦੱਸਣਯੋਗ ਹੈ ਕਿ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਟਿਡ ਦੀ ਵਿਭਾਗੀ ਤਰੱਕੀ ਕਮੇਟੀ ਨੇ 19 ਅਗਸਤ, 2020 ਨੂੰ ਬੈਠਕ ਕੀਤੀ ਸੀ, ਜਿਸ ਵਿਚ ਸਿਰਫ਼ ਸੀਨੀਆਰਤਾ ਦੇ ਆਧਾਰ 'ਤੇ ਹੀ ਫੀਲਡ ਸੁਪਰਵਾਈਜ਼ਰ ਨੂੰ ਸਿੱਧੇ ਪ੍ਰਾਜੈਕਟ ਅਫ਼ਸਰ ਤਾਇਨਾਤ ਕਰਨ ਨੂੰ ਹਰੀ ਝੰਡੀ ਦਿਖਾਈ ਗਈ। ਇਸ ਆਧਾਰ 'ਤੇ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਗਰੇਵਾਲ ਨੇ 25 ਅਗਸਤ ਨੂੰ ਫੀਲਡ ਸੁਪਰਵਾਈਜ਼ਰਾਂ ਨੂੰ ਸਿੱਧੇ ਪ੍ਰਾਜੈਕਟ ਅਫ਼ਸਰ ਬਣਾਉਣ ਦਾ ਪੱਤਰ ਜਾਰੀ ਕਰ ਦਿੱਤਾ। ਉਧਰ, ਬਾਈਲਾਜ ਦੀ ਗੱਲ ਕਰੀਏ ਤਾਂ ਫੀਲਡ ਸੁਪਰਵਾਈਜ਼ਰ ਨੂੰ ਪਹਿਲਾਂ ਡਿਪਟੀ ਪ੍ਰਾਜੈਕਟ ਅਫ਼ਸਰ ਪ੍ਰਮੋਸ਼ਨ ਮਿਲਦੀ ਹੈ ਅਤੇ 7 ਸਾਲ ਡਿਪਟੀ ਪ੍ਰਾਜੈਕਟ ਅਫ਼ਸਰ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਉਸ ਨੂੰ ਪ੍ਰਾਜੈਕਟ ਅਫ਼ਸਰ ਬਣਾਇਆ ਜਾ ਸਕਦਾ ਹੈ। ਇਸ ਦੇ ਠੀਕ ਉਲਟ, ਬਾਈਲਾਜ ਨੂੰ ਅਣਦੇਖਿਆ ਕਰਦਿਆਂ ਤਮਾਮ ਫੀਲਡ ਸੁਪਰਵਾਈਜ਼ਰਾਂ ਨੂੰ ਸਿੱਧੇ ਪ੍ਰਾਜੈਕਟ ਅਫ਼ਸਰ ਪ੍ਰਮੋਟ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਗਏ ਹਨ।
ਕਾਫ਼ੀ ਸਮੇਂ ਤੋਂ ਪ੍ਰਮੋਸ਼ਨ ਨਾ ਹੋਣ ਦਾ ਦਿੱਤਾ ਹਵਾਲਾ:
ਆਪਣੇ ਸਪੱਸ਼ਟੀਕਰਨ ਵਿਚ ਸਰਕਾਰ ਨੇ ਵਣ ਨਿਗਮ ਵਿਚ ਕਾਫ਼ੀ ਸਮੇਂ ਤੋਂ ਪ੍ਰਮੋਸ਼ਨ ਨਾ ਹੋਣ ਦਾ ਹੀ ਹਵਾਲਾ ਦਿੱਤਾ ਹੈ। ਦੱਸਿਆ ਗਿਆ ਹੈ ਕਿ ਵਣ ਨਿਗਮ ਵਿਚ ਪਿਛਲੇ 4 ਸਾਲਾਂ ਤੋਂ ਪ੍ਰਾਜੈਕਟ ਅਫਸਰ ਅਤੇ ਡਿਪਟੀ ਪ੍ਰਾਜੈਕਟ ਅਫ਼ਸਰ ਦੀ ਕੋਈ ਪ੍ਰਮੋਸ਼ਨ ਨਹੀਂ ਹੋਈ ਸੀ। ਕਾਫ਼ੀ ਸਮੇਂ ਤੋਂ ਵਣ ਨਿਗਮ ਵਿਚ ਪ੍ਰਾਜੈਕਟ ਅਫ਼ਸਰਾਂ ਅਤੇ ਡਿਪਟੀ ਪ੍ਰਾਜੈਕਟ ਅਫ਼ਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੋਂ ਇਨ੍ਹਾਂ ਕਰਮਚਾਰੀਆਂ ਤੋਂ ਅਸਥਾਈ ਤੌਰ 'ਤੇ ਕੰਮ ਲਿਆ ਜਾ ਰਿਹਾ ਸੀ। ਪ੍ਰਾਜੈਕਟ ਅਫ਼ਸਰ ਅਤੇ ਡਿਪਟੀ ਪ੍ਰਾਜੈਕਟ ਅਫਸਰ ਨੂੰ ਪ੍ਰਮੋਟ ਕਰਨ ਸਬੰਧੀ ਕਾਰਵਾਈ ਵਿਭਾਗੀ ਤਰੱਕੀ ਕਮੇਟੀ ਕੋਲ ਲਗਭਗ ਜੂਨ, 2020 ਤੋਂ ਵਿਚਾਰ ਅਧੀਨ ਸੀ। ਵਿਭਾਗੀ ਤਰੱਕੀ ਕਮੇਟੀ ਵਲੋਂ ਪ੍ਰਾਜੈਕਟ ਅਫ਼ਸਰਾਂ ਦਾ ਰਿਕਾਰਡ ਵਿਚਾਰਿਆ ਗਿਆ ਹੈ ਅਤੇ ਤਰੱਕੀਆਂ ਦਾ ਫੈਸਲਾ ਵੀ ਵਿਭਾਗੀ ਤਰੱਕੀ ਕਮੇਟੀ ਵਲੋਂ ਹੀ ਕੀਤਾ ਗਿਆ ਹੈ। ਵਿਭਾਗੀ ਤਰੱਕੀ ਕਮੇਟੀ ਵਲੋਂ 30 ਸਤੰਬਰ, 2020 ਅਤੇ 30 ਨਵੰਬਰ, 2020 ਤੋਂ ਖਾਲੀ ਹੋਣ ਵਾਲੇ ਅਹੁਦਿਆਂ 'ਤੇ ਸੀਨੀਅਰਤਾ ਅਨੁਸਾਰ ਬਣਦੇ ਕਰਮਚਾਰੀਆਂ ਦਾ ਰਿਕਾਰਡ ਵਿਚਾਰਿਆ ਗਿਆ ਸੀ। ਵਣ ਨਿਗਮ ਦੇ ਕੰਮ-ਕਾਜ ਨੂੰ ਮੁੱਖ ਰੱਖਦਿਆਂ ਅਤੇ ਨਿਗਮ ਦੇ ਕੰਮ ਨੂੰ ਸੁੰਚਾਰੂ ਢੰਗ ਨਾਲ ਚਲਾਉਣਣ ਲਈ ਉਪਰੋਕਤ ਤਰੀਕਾਂ ਤੋਂ ਖਾਲੀ ਹੋ ਰਹੇ ਅਹੁਦਿਆਂ 'ਤੇ ਵਿਭਾਗੀ ਤਰੱਕੀ ਕਮੇਟੀ ਵਲੋਂ ਹੀ ਯੋਗ ਪਾਏ ਗਏ ਕਰਮਚਾਰੀਆਂ ਨੂੰ ਪ੍ਰਮੋਟ ਕੀਤਾ ਗਿਆ ਹੈ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ 19 ਮਰੀਜ਼ਾਂ ਦੀ ਮੌਤ, 224 ਦੀ ਰਿਪੋਰਟ ਪਾਜ਼ੇਟਿਵ
NEXT STORY