ਮੌਡ਼ ਮੰਡੀ, (ਪ੍ਰਵੀਨ)- 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 31 ਜਨਵਰੀ ਨੂੰ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਮੌਡ਼ ਚੋਣ ਜਲਸੇ ’ਚ ਹੋਏ ਬੰਬ ਬਲਾਸਟ ਨੂੰ ਭਾਵੇਂ ਤਿੰਨ ਸਾਲ ਬੀਤ ਚੁੱਕੇ ਹਨ ਪਰ ਦੋਸ਼ੀ ਅਜੇ ਤੱਕ ਪੁਲਸ ਦੀ ਪਕਡ਼ ਤੋਂ ਬਾਹਰ ਹਨ।
ਪੁਲਸ ਵਿਭਾਗ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੋ ਕੇ ਪੀਡ਼ਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸਮਾਜ ਸੇਵੀ ਗੁਰਜੀਤ ਸਿੰਘ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਕੋਰਟ ਦਾ ਦਰਵਾਜ਼ਾ ਖਡ਼ਕਾਇਆ ਸੀ, ਜਿਸ ਕਾਰਣ ਮਾਣਯੋਗ ਅਦਾਲਤ ਨੇ ਡੀ. ਆਈ. ਜੀ. ਰਣਬੀਰ ਸਿੰਘ ਖਟਡ਼ਾ ਦੀ ਪੁਰਾਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਭੰਗ ਕਰ ਕੇ ਨਵੀਂ ਟੀਮ ਦਾ ਗਠਨ ਕਰਨ ਲਈ ਡੀ. ਜੀ. ਪੀ. ਨੂੰ ਨਿਰਦੇਸ਼ ਦਿੱਤੇ ਹਨ ਕਿ ਇਕ ਹਫ਼ਤੇ ’ਚ ਟੀਮ ਦਾ ਗਠਨ ਕੀਤਾ ਜਾਵੇ ਅਤੇ 30 ਜਨਵਰੀ 2020 ਤੱਕ ਚਲਾਨ ਪੇਸ਼ ਕੀਤਾ ਜਾਵੇ।
ਮਾਣਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅੱਜ ਸਿੱਟ ਦੇ ਮੈਂਬਰ ਆਈ. ਜੀ. ਬਠਿੰਡਾ ਅਰੁਣ ਮਿੱਤਲ ਅਤੇ ਐੱਸ. ਐੱਸ. ਪੀ. ਬਠਿੰਡਾ ਨਾਨਕ ਸਿੰਘ ਪੁਲਸ ਟੀਮ ਸਮੇਤ ਮੌਡ਼ ਬੰਬ ਘਟਨਾ ਸਥਾਨ ’ਤੇ ਪੁੱਜੇ ਅਤੇ ਹਰਮਿੰਦਰ ਸਿੰਘ ਜੱਸੀ ਦਾ ਚੋਣ ਜਲਸਾ ਕਰਵਾਉਣ ਵਾਲੇ ਰਜਨੀਸ਼ ਕੁਮਾਰ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਟੀਮ ਨੇ ਥਾਣਾ ਮੌਡ਼ ਵਿਖੇ ਪੁੱਜ ਕੇ ਬੰਬ ਬਲਾਸਟ ’ਚ ਮਰਨ ਵਾਲਿਆਂ ਦੇ ਪਰਿਵਾਰਾਂ, ਬਲਾਸਟ ਦੇ ਜ਼ਖਮੀਆਂ ਅਤੇ ਮੌਡ਼ ਬੰਬ ਕਮੇਟੀ ਦੇ ਮੈਂਬਰਾਂ ਦੇ ਬਿਆਨ ਲਏ ਤਾਂ ਜੋ ਜਾਂਚ ਸਬੰਧੀ ਕੋਈ ਹੋਰ ਸੁਰਾਗ ਲੱਭੇ ਜਾ ਸਕਣ।
ਇਸ ਮੌਕੇ ਬੰਬ ਕਾਂਡ ’ਚ ਮਾਰੇ ਗਏ ਬੱਚੇ ਰਿਪਨਦੀਪ ਸਿੰਘ ਦੇ ਰਿਸ਼ਤੇਦਾਰ ਮਾਸਟਰ ਨਛੱਤਰ ਸਿੰਘ ਨੇ ਸਿੱਟ ਕੋਲ ਰੋਣਾ ਰੋਇਆ ਕਿ ਮੈਂ ਪਹਿਲਾਂ ਵੀ ਬਿਆਨ ਦਰਜ ਕਰਵਾ ਚੁੱਕਾ ਹਾਂ ਕਿ ਉਕਤ ਚੋਣ ਜਲਸੇ ਦੌਰਾਨ ਹਰਮਿੰਦਰ ਸਿੰਘ ਜੱਸੀ ਦੇ ਭਰਾ ਗੋਪਾਲ ਜੱਸੀ ਨੂੰ ਅਸੀਂ ਖੁਦ ਕਾਰ ਸਵਾਰਾਂ ਨਾਲ ਹੱਥ ਮਿਲਾਉਂਦੇ ਅਤੇ ਗੱਲਬਾਤ ਕਰਦੇ ਦੇਖਿਆ ਸੀ ਅਤੇ ਉਹ ਕਹਿ ਰਿਹਾ ਸੀ ਕਿ ਮੇਰੀ ਗੱਡੀ ਤਾਂ ਅੱਗੇ ਖਡ਼੍ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਸਿਆਸੀ ਦਬਾਅ ਦੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਬੱਚਿਆਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ।
ਇਸ ਸਬੰਧੀ ਐਡਵੋਕੇਟ ਰਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਟੀਮ ਜਾਂਚ ਦੇ ਨਾਂ ’ਤੇ ਪੰਦਰਾਂ ਦਿਨਾਂ ’ਚ ਸਿਰਫ਼ ਖਾਨਾਪੂਰਤੀ ਕਰਨਾ ਚਾਹੁੰਦੀ ਹੈ । ਆਖਿਰ ਪੰਦਰਾਂ ਦਿਨਾਂ ’ਚ ਇੰਨੇ ਵੱਡੇ ਮਾਮਲੇ ਦੀ ਸਹੀ ਜਾਂਚ ਕਿਵੇ ਹੋਵੇਗੀ? ਇਸ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਅਜੇ ਵੀ ਪੁਲਸ ਸਿਰਫ਼ ਜਾਂਚ ਦੇ ਨਾਂ ’ਤੇ ਦਿਖਾਵਾ ਕਰ ਰਹੀ ਹੈ।
ਇਸ ਮੌਕੇ ਮੌਡ਼ ਬੰਬ ਕਾਂਡ ਸੰਘਰਸ਼ ਕਮੇਟੀ ਦੇ ਮੈਂਬਰਾਂ ਸੁਸ਼ੀਲ ਕੁਮਾਰ ਸ਼ੀਲੀ, ਨਵੀਨ ਸਟਾਰ, ਰਾਜਿੰਦਰ ਕਾਲਾ, ਗਿਆਨ ਚੰਦ, ਦੇਵ ਰਾਜ ਜੇ. ਈ., ਦਲੀਪ ਕੁਮਾਰ, ਪਾਲਾ ਸਿੰਘ ਮੌਡ਼, ਜਗਦੀਸ਼ ਰਾਏ ਸ਼ਰਮਾ, ਗੁਰਮੇਲ ਸਿੰਘ ਮੇਲਾ, ਭੁਪਿੰਦਰ ਸਿੰਘ ਮੌਡ਼ ਕਲਾਂ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਪੁਲਸ ਵਿਭਾਗ ਤੋਂ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਪੀਡ਼ਤਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਤਿੰਨ ਨਾਮਜ਼ਦ ਵਿਅਕਤੀਆਂ ਡੇਰਾ ਪ੍ਰੇਮੀ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਤੇ ਅਵਤਾਰ ਸਿੰਘ ਦੇ ਸਾਫ਼ ਤਸਵੀਰਾਂ ਵਾਲੇ ਪੋਸਟਰ ਜਾਰੀ ਕਰ ਕੇ ਵੱਖ-ਵੱਖ ਸਥਾਨਾਂ ’ਤੇ ਲਾਏ ਜਾਣ ਤਾਂ ਜੋ ਇਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕੇ ਅਤੇ ਬੰਬ ਕਾਂਡ ਦੀ ਸਾਜ਼ਿਸ਼ ਕਰਨ ਵਾਲਿਆਂ ਤੋਂ ਪਰਦਾ ਉੱਠ ਸਕੇ।
AETC ਅਤੇ ਡਰਾਈਵਰ ਰਿਸ਼ਵਤ ਦੇ 5 ਲੱਖ ਸਮੇਤ ਗ੍ਰਿਫ਼ਤਾਰ
NEXT STORY