ਮੋਗਾ (ਗੋਪੀ ਰਾਊੁਕੇ)—ਇਕ ਪਾਸੇ ਜਿਥੇ ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਵਿਚੋਂ ਬੇਸਹਾਰਾ ਪਸ਼ੂ ਫੜ ਕੇ ਸਰਕਾਰੀ ਗਊਸ਼ਾਲਾ ਵਿਚ ਪੁੱਜਦਾ ਕਰਨ ਲਈ ਦਾਅਵੇ ਕੀਤੇ ਜਾ ਰਹੇ ਹਨ ਉਥੇ ਦੂਜੇ ਪਾਸੇ ਸਰਕਾਰੀ ਦੇਖ-ਰੇਖ ਹੇਠ ਚਲਦੀ ਚੜਿੱਕ ਰੋਡ ਸਥਿਤ ਸਰਕਾਰੀ ਗਊਸ਼ਾਲਾ ਵਿਚ ਸੇਵਾ ਕਰ ਰਹੀ ਸੋਸਾਇਟੀ ਨੂੰ ਸਮੇਂ ਸਿਰ ਲੋੜੀਂਦੀਆਂ ਵਸਤਾਂ ਨਗਰ ਨਿਗਮ ਮੋਗਾ ਅਤੇ ਪ੍ਰਸ਼ਾਸਨ ਵੱਲੋਂ ਮੁਹੱਈਆ ਨਾ ਕਰਵਾਏ ਜਾਣ ਕਰ ਕੇ ਇਥੇ ਪ੍ਰਬੰਧਾਂ ਦੀ ਵੱਡੀ ਘਾਟ ਕਰ ਕੇ ਬੇਸਹਾਰਾ ਪਸ਼ੂਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
26 ਰੁਪਏ ਪ੍ਰਤੀ ਗਊ ਨਿਗਮ ਤੋਂ ਲੈ ਕੇ ਸੇਵਾ ਕਰ ਰਹੀ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਭਾਵੇਂ ਆਪਣੇ ਪੱਧਰ 'ਤੇ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਨਿਗਮ ਵੱਲੋਂ ਬਣਦਾ ਸਹਿਯੋਗ ਕਥਿਤ ਤੌਰ 'ਤੇ ਨਾ ਕਰਨ ਕਰ ਕੇ ਗਊਸ਼ਾਲਾ ਵਿਚ ਗਊਆਂ ਲਈ ਲੋੜੀਂਦੀਆਂ ਸਹੁਲਤਾਂ ਨਹੀਂ ਮਿਲ ਰਹੀਆਂ ਹਨ।
'ਜਗ ਬਾਣੀ' ਵੱਲੋਂ ਅੱਜ ਜਦੋਂ ਗਊਸ਼ਾਲਾ ਦਾ ਦੌਰਾ ਕੀਤਾ ਗਿਆ ਤਾਂ ਗਊਸ਼ਾਲਾ ਦੇ ਨੀਵੇਂ ਇਲਾਕੇ ਵਿਚ ਵੱਡੇ ਪੱਧਰ 'ਤੇ ਪਾਣੀ ਭਰਿਆ ਹੋਇਆ ਸੀ, ਇਥੇ ਹੀ ਬੱਸ ਨਹੀਂ ਪਤਾ ਲੱਗਾ ਹੈ ਕਿ 3 ਦਿਨਾਂ ਤੋਂ ਰੁਕ-ਰੁਕ ਪੈ ਰਹੇ ਮੀਂਹ ਕਰ ਕੇ 12 ਗਊਆਂ ਦੀ ਮੌਤ ਵੀ ਹੋ ਚੁੱਕੀ ਹੈ। ਗਊਸ਼ਾਲਾ ਦੀ ਗਰਾਊਂਡ ਵਿਚ ਭਰੇ ਬਰਸਾਤੀ ਪਾਣੀ ਕਰ ਕੇ ਗਊਆਂ ਨੂੰ ਬੈਠਣ ਲਈ ਸਾਫ਼-ਸੁਥਰੇ ਥਾਂ ਦੀ ਕਮੀ ਪੇਸ਼ ਆ ਰਹੀ ਹੈ। ਗਊੁਸ਼ਾਲਾ ਵਿਚ ਬਰਸਾਤ ਦੇ ਭਰੇ ਪਾਣੀ ਵਿਚ ਗੋਹਾ-ਗਾਰ ਰਲ ਚੁੱਕਾ ਹੈ ਅਤੇ ਬੇਸਹਾਰਾ ਪਸ਼ੁ ਇਸ ਚਿੱਕੜ ਵਿਚ ਹੀ ਖੜ੍ਹੇ ਹਨ।
ਗਊਸ਼ਾਲਾ ਦੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਗਊਸ਼ਾਲਾ ਦੇ ਚਿੱਕੜ ਵਿਚ ਪਸ਼ੂ ਖੜ੍ਹਨ ਕਰ ਕੇ ਗਊਆਂ ਦੇ ਖੁਰ ਖਰਾਬ ਹੋਣ ਲੱਗੇ ਹਨ ਅਤੇ ਕਈ ਗਊਆਂ ਦੇ ਖੁਰਾ ਨੂੰ ਬੀਮਾਰੀਆਂ ਵੀ ਲੱਗ ਗਈਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਪੱਧਰ 'ਤੇ ਪਿਛਲੇ ਤਿੰਨ ਦਿਨਾਂ ਤੋਂ ਗਊਸ਼ਾਲਾ ਵਿਚ ਸਾਫ਼-ਸਫ਼ਾਈ ਦੇ ਪ੍ਰਬੰਧ ਮੁਕੰਮਲ ਕਰਵਾਉਣ ਲਈ ਉਨ੍ਹਾਂ ਨੇ ਨਿਗਮ (ਮੋਗਾ) ਦੇ ਅਧਿਕਾਰੀਆਂ ਅਤੇ ਮੇਅਰ ਨੂੰ ਕਈ ਦਫ਼ਾ ਜਾਣੂ ਕਰਵਾਇਆ ਹੈ ਪਰ ਤਿੰਨ ਦਿਨਾਂ ਬਾਅਦ ਹੀ ਬਰਸਾਤੀ ਪਾਣੀ ਕੱਢਣ ਲਈ ਪ੍ਰਬੰਧ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਤਿੰਨ ਦਿਨ ਪਹਿਲਾਂ ਨਗਰ ਨਿਗਮ ਇਹ ਸਹਿਯੋਗ ਦਿੰਦਾ ਤਾਂ ਪਸ਼ੂ ਅਣਆਈ ਮੌਤ ਨਾ ਮਰਦੇ।
ਨਗਰ ਨਿਗਮ ਨੂੰ ਤਿੰਨ-ਚਾਰ ਦਫ਼ਾ ਕੀਤੀਆਂ ਸ਼ਿਕਾਇਤਾਂ ਕਿੱਧਰੇ ਨਹੀਂ ਹੋਈ ਸੁਣਵਾਈ : ਜੱਗਾ ਪੰਡਿਤ
ਗਊਸ਼ਾਲਾ ਦਾ ਮੁੱਖ ਸੇਵਾਦਾਰ ਜੱਗਾ ਪੰਡਿਤ ਦਾ ਕਹਿਣਾ ਸੀ ਕਿ ਨਗਰ ਨਿਗਮ ਨੂੰ ਗਊਸ਼ਾਲਾ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਤਿੰਨ-ਚਾਰ ਦਫ਼ਾ ਸ਼ਿਕਾਇਤਾਂ ਕੀਤੀਆਂ ਹਨ ਪਰ ਕਿਧਰੇ ਕੋਈ ਸੁਣਵਾਈ ਸਮੇਂ ਸਿਰ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ 26 ਰੁਪਏ ਪ੍ਰਤੀ ਗਊ ਮਿਲਦੇ ਹਨ ਜਦੋਂਕਿ ਗਊਆਂ ਦੀ ਸਹੀ ਸੇਵਾ ਲਈ 50 ਰੁਪਏ ਪ੍ਰਤੀ ਗਊ ਚਾਹੀਦੇ ਹਨ।
ਨਿਗਮ ਕਮਿਸ਼ਨਰ ਦਾ ਪੱਖ
ਇਸ ਮਾਮਲੇ ਸਬੰਧੀ ਜਦੋਂ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅੱਜ ਜਦੋਂ ਬਰਸਾਤੀ ਪਾਣੀ ਖੜ੍ਹਨ ਸਬੰਧੀ ਗਊੁਸ਼ਾਲਾ ਪ੍ਰਬੰਧਕਾਂ ਨੇ ਦੱਸਿਆ ਤਾਂ ਤੁਰੰਤ ਨਿਗਮ ਮੁਲਾਜ਼ਮ ਭੇਜ ਕੇ ਪਾਣੀ ਦੀ ਨਿਕਾਸੀ ਸ਼ੁਰੂ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ ਗਊਆਂ ਦੇ ਮਰਨ ਸਬੰਧੀ ਪ੍ਰਬੰਧਕਾਂ ਨੇ ਉਨ੍ਹਾਂ ਦੇ ਧਿਆਨ ਵਿਚ ਨਹੀਂ ਲਿਆਂਦਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਫੌਰੀ ਤੌਰ 'ਤੇ ਪੜਤਾਲ ਕਰਵਾਈ ਜਾ ਰਹੀ ਹੈ।
ਅਬੋਹਰ 'ਚ ਮੀਂਹ ਦੇ ਪਾਣੀ ਦਾ ਕਹਿਰ, ਕਦੋਂ ਲੈਣਗੇ ਕੈਪਟਨ ਸਾਹਿਬ ਸਾਰ (ਵੀਡੀਓ)
NEXT STORY