ਭਵਾਨੀਗਡ਼੍ਹ, (ਕਾਂਸਲ)- ਪਿੰਡ ਮੱਟਰਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਉਪਰੋਂ ਲੰਘਦੀਆਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ’ਚੋਂ ਸਕੂਲ ਟਾਈਮ ਦੌਰਾਨ ਇਕ ਤਾਰ ਅਚਾਨਕ ਟੁੱਟ ਕੇ ਸਕੂਲ ਦੇ ਗਰਾਊਂਡ ਅਤੇ ਇਮਾਰਤ ਦੀ ਛੱਤ ਉਪਰ ਡਿੱਗ ਗਈ ਅਤੇ ਇਸ ਸਮੇਂ ਹੋਏ ਜ਼ੋਰਦਾਰ ਧਮਾਕੇ ਨਾਲ ਸਕੂਲ ਸਟਾਫ ਅਤੇ ਬੱਚਿਆਂ ਨੂੰ ਦਹਿਲਾ ਕੇ ਰੱਖ ਦਿੱਤਾ, ਜਦਕਿ ਕੋਈ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਹਾਦਸੇ ਦੌਰਾਨ ਸਾਰੇ ਸਕੂਲੀ ਬੱਚੇ ਅਤੇ ਅਧਿਆਪਕ ਵਾਲ-ਵਾਲ ਬਚ ਗਏ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਅਧਿਆਪਕਾਂ, ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਨੇ ਬਿਜਲੀ ਬੋਰਡ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕ ਦਲਜੀਤ ਕੌਰ ਤੇ ਹੋਰ ਸਟਾਫ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਇਮਾਰਤ ਅਤੇ ਗਰਾਊਂਡ ਉਪਰੋਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਲੰਘਦੀਆਂ ਹਨ, ਜੋ ਕਿ ਬਹੁਤ ਹੀ ਢਿੱਲੀਆਂ ਅਤੇ ਨੀਵੀਆਂ ਹੋਣ ਕਾਰਣ ਹਰ ਸਮੇਂ ਸਟਾਫ ਅਤੇ ਬੱਚਿਆਂ ਲਈ ਜਾਨ ਦਾ ਖਤਰਾ ਬਣੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਸਕੂਲ ਟਾਈਮ ਦੌਰਾਨ ਦੁਪਹਿਰ ਕਰੀਬ 12 ਵਜੇ ਉਕਤ ਲਾਈਨ ਦੀਆਂ ਤਾਰਾਂ ਦੇ ਆਪਸ ’ਚ ਜੁਡ਼ ਜਾਣ ਕਾਰਣ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਅਤੇ ਇਸ ਦੌਰਾਨ ਹੀ ਇਸ ਲਾਈਨ ਦੀ ਇਕ ਤਾਰ ਸਕੂਲ ਦੀ ਇਮਾਰਤ ਦੀ ਛੱਤ ਉਪਰ ਅਤੇ ਗਰਾਊਂਡ ’ਚ ਆ ਡਿੱਗੀ, ਜਿਸ ਕਾਰਣ ਸਕੂਲ ਵਿਚ ਸਾਰੇ ਬੱਚਿਆਂ ਅਤੇ ਸਟਾਫ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ।
ਉਨ੍ਹਾਂ ਦੱਸਿਆ ਕਿ ਤਾਰ ਵਿਚ ਕਰੰਟ ਦਾ ਖਤਰਾ ਹੋਣ ਕਾਰਣ ਸਭ ਨੂੰ ਇਹ ਡਰ ਸੀ ਕਿ ਕਿਤੇ ਇਮਾਰਤ ’ਚ ਕਰੰਟ ਨਾ ਆ ਜਾਵੇ। ਉਨ੍ਹਾਂ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਪਰ ਅਫਸੋਸ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਨ੍ਹਾਂ ਤਾਰਾਂ ਨੂੰ ਚੁੱਕਣ ਲਈ ਨਹੀਂ ਆਇਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਇਥੇ ਸਕੂਲ ਵਿਚ ਪਿੰਡ ਦੀ ਸਰਪੰਚ ਗੁਰਮੇਲ ਕੌਰ ਦੇ ਪੁੱਤਰ ਜਗਤਾਰ ਸਿੰਘ ਸਮੇਤ ਪਿੰਡ ਵਾਸੀ ਵੀ ਪਹੁੰਚ ਗਏ, ਜਿਨ੍ਹਾਂ ਰੋਸ ਵਜੋਂ ਬਿਜਲੀ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸਕੂਲ ਸਟਾਫ ਨੇ ਦੱਸਿਆ ਕਿ ਬਿਜਲੀ ਦੀ ਮੁਰੰਮਤ ਕਰਨ ਲਈ ਬਿਜਲੀ ਵਿਭਾਗ ਦੇ ਕਰਮਚਾਰੀ ਸਕੂਲ ਵਿਚ ਛੁੱਟੀ ਹੋਣ ਉਪਰੰਤ ਹੀ ਪਹੁੰਚੇ ਅਤੇ ਸਕੂਲ ਸਟਾਫ ਅਤੇ ਪਿੰਡ ਵਾਸੀਆਂ ਨੇ ਬਹੁਤ ਹੀ ਸੇਫਟੀ ਨਾਲ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢਿਆ। ਸਕੂਲ ਸਟਾਫ ਨੇ ਮੰਗ ਕੀਤੀ ਕਿ ਜਾਨ ਦਾ ਖਤਰਾ ਬਣੀ ਇਸ ਲਾਈਨ ਨੂੰ ਤੁਰੰਤ ਸਕੂਲ ਤੋਂ ਬਾਹਰ ਕੱਢਿਆ ਜਾਵੇ।
ਪਿੰਡ ਦੀ ਸਰਪੰਚ ਨੇ ਦੱਸਿਆ ਕਿ ਪਿਛਲੀਆਂ ਪੰਚਾਇਤਾਂ ਸਮੇਤ ਨਵੀਂ ਬਣੀ ਪੰਚਾਇਤ ਵੱਲੋਂ ਵੀ ਇਸ ਲਾਈਨ ਨੂੰ ਸਕੂਲ ’ਚ ਹੋਰ ਜਗ੍ਹਾ ਉਪਰ ਸ਼ਿਫਟ ਕਰਨ ਸਬੰਧੀ ਸਬੰਧਤ ਵਿਭਾਗ ਨੂੰ ਕਈ ਵਾਰ ਮਤੇ ਪਾ ਕੇ ਦਿੱਤੇ ਜਾ ਚੁੱਕੇ ਹਨ ਪਰ ਵਿਭਾਗ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਤੋਂ ਇਹ ਲਗਦਾ ਹੈ ਕਿ ਵਿਭਾਗ ਇਥੇ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ।
ਇਸ ਸਬੰਧੀ ਵਿਭਾਗ ਦੇ ਜੇ. ਈ. ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਈ ਨਵੀਂ ਸਕੀਮ ਤਹਿਤ ਸਕੂਲਾਂ ’ਚੋਂ ਲੰਘਦੀਆਂ ਬਿਜਲੀ ਸਪਲਾਈ ਦੀਆਂ ਲਾਈਨਾਂ ਨੂੰ ਵਿਭਾਗ ਵਲੋਂ ਆਪਣੇ ਖਰਚੇ ਉਪਰ ਹੋਰ ਜਗ੍ਹਾ ਸ਼ਿਫਟ ਕਰਨ ਦੀ ਸਕੀਮ ਤਹਿਤ ਇਸ ਲਾਈਨ ਦਾ ਐਸਟੀਮੇਟ ਸਮੇਤ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ ਜਲਦ ਹੀ ਇਸ ਲਾਈਨ ਨੂੰ ਹੋਰ ਜਗ੍ਹਾ ਸ਼ਿਫਟ ਕਰ ਦਿੱਤਾ ਜਾਵੇਗਾ।
ਕੰਪਨੀ ਨਾਲ ਕੀਤੀ 1.50 ਲੱਖ ਰੁਪਏ ਦੀ ਹੇਰ-ਫੇਰ, ਮਾਮਲਾ ਦਰਜ
NEXT STORY