ਕੋਟ ਈਸੇ ਖਾਂ, (ਗਾਂਧੀ/ਗਰੋਵਰ)- ਨਗਰ ਦੀਆਂ ਸਡ਼ਕਾਂ ਤੇ ਬਾਜ਼ਾਰਾਂ ’ਚ ਅਸਥਾਈ ਰੂਪ ਵਿਚ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾ ਕੇ ਸੁਚਾਰੂ ਢੰਗ ਨਾਲ ਟ੍ਰੈਫਿਕ ਵਿਵਸਥਾ ਚਾਲੂ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਠੰਡੇ ਬਸਤੇ ’ਚ ਚਲੀ ਗਈ ਹੈ। ਇੱਥੋਂ ਦੇ ਬਹੁਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ 10-15 ਫੁੱਟ ਤੱਕ ਸਾਮਾਨ ਲਾ ਕੇ ਆਵਾਜਾਈ ਵਿਚ ਸ਼ਰੇਆਮ ਵਿਘਨ ਪਾਇਆ ਜਾ ਰਿਹਾ ਹੈ। ਇੱਥੇ ਹੀ ਬਸ ਨਹੀਂ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਰੇਹਡ਼ੀਆਂ ਵੀ ਲਵਾ ਰਹੇ ਹਨ। ਇਸ ਤੋਂ ਇਲਾਵਾ ਲੋਕ ਗਲਤ ਤਰੀਕੇ ਨਾਲ ਗੱਡੀਆਂ ਪਾਰਕ ਕਰ ਕੇ ਬਾਜ਼ਾਰ ’ਚ ਖ਼ਰੀਦੋ-ਫ਼ਰੋਖ਼ਤ ਕਰਨ ਚਲੇ ਜਾਂਦੇ ਹਨ, ਜਿਸ ਨਾਲ ਵੀ ਟ੍ਰੈਫਿਕ ਵਿਚ ਵਿਘਨ ਪੈਂਦਾ ਹੈ ਅਤੇ ਹਮੇਸ਼ਾ ਲੰਮਾ ਜਾਮ ਲੱਗਿਆ ਰਹਿੰਦਾ ਹੈ ਅਤੇ ਆਮ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਹਿੰਦਾ ਹੈ। ਪਹਿਲਾਂ ਕਸਬੇ ਦਾ ਗੋਲ ਚੌਕ ਵੱਡਾ ਹੋਣ ਕਾਰਨ ਇੱਥੇ ਜਾਮ ਲਗਦਾ ਸੀ ਪਰ ਕਸਬੇ ਦਾ ਗੋਲ ਚੌਕ ਛੋਟਾ ਹੋਣ ਦੇ ਬਾਵਜੂਦ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ, ਸਗੋਂ ਗੋਲ ਚੌਕ ਜਿੰਨਾ ਛੋਟਾ ਕੀਤਾ ਗਿਆ ਸੀ ਉਸ ਦੀ ਜਗ੍ਹਾ ’ਤੇ ਇੰਟਰਲਾਕ ਟਾਈਲਾਂ ਲਾ ਦਿੱਤੀਆਂ ਗਈਆਂ ਸਨ ਉਸ ਜਗ੍ਹਾ ਨੂੰ ਵੀ ਲੋਕ ਸਰਕਾਰੀ ਪਾਰਕਿੰਗ ਲਈ ਤੌਰ ’ਤੇ ਵਰਤ ਰਹੇ ਹਨ ਅਤੇ ਉਥੇ ਆਪਣੀਆਂ ਗੱਡੀਆਂ ਖਡ਼੍ਹੀਆਂ ਕਰ ਜਾਂਦੇ ਹਨ, ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਦਿਨੋ-ਦਿਨ ਬਦ ਤੋਂ ਬਦਤਰ ਹੋ ਰਹੀ ਹੈ। ਸਥਾਨਕ ਅੰਮ੍ਰਿਤਸਰ ਰੋਡ, ਜ਼ੀਰਾ ਰੋਡ, ਮਸੀਤਾਂ ਰੋਡ ਅਤੇ ਧਰਮਕੋਟ ਰੋਡ ਦੀ ਹਾਲਤ ਹਰ ਸਮੇਂ ਦੇਖਣਯੋਗ ਹੁੰਦੀ ਹੈ ਅਤੇ ਹਰ ਪਲ ਕੋਈ ਨਾ ਕੋਈ ਦੁਰਘਟਨਾ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ। ਕਈ ਵਾਰ ਤਾਂ ਇਨ੍ਹਾਂ ਰੋਡਾਂ ’ਤੇ ਅੱਧੇ ਘੰਟੇ ਤੋਂ ਲੈ ਕੇ ਇਕ ਘੰਟੇ ਦਾ ਲੰਮਾ ਜਾਮ ਲੱਗ ਜਾਂਦਾ ਹੈ, ਜਿਸ ਨਾਲ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਨਗਰ ਪੰਚਾਇਤ ਵੱਲੋਂ ਕਈ ਵਾਰ ਕਸਬੇ ਦੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਇਕ ਹੱਦ ਅੰਦਰ ਲਾਉਣ ਲਈ ਕਿਹਾ ਗਿਆ ਹੈ, ਸਡ਼ਕ ਵਿਚਕਾਰ ਲੱਗਿਆ ਸਾਮਾਨ ਚੁੱਕਿਆ ਵੀ ਗਿਆ ਹੈ, ਇੱਥੋਂ ਤੱਕ ਕਿ ਦੁਕਾਨਦਾਰਾਂ ਨੂੰ ਸਾਮਾਨ ਲਾਉਣ ਲਈ ਇਕ ਹਦ ਬੰਨ੍ਹ ਕੇ ਸਡ਼ਕ ਉੱਪਰ ਚਿੱਟੀ ਪੱਟੀ ਵੀ ਲਾ ਦਿੱਤੀ ਗਈ ਸੀ ਪਰ ਫਿਰ ਵੀ ਦੁਕਾਨਦਾਰ ਆਪਣਾ ਸਾਮਾਨ ਪਹਿਲਾਂ ਦੀ ਤਰ੍ਹਾਂ ਹੀ ਲਾਉਣ ਤੋਂ ਨਹੀਂ ਹਟੇ। ਜ਼ਿਕਰਯੋਗ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਵੀ ਕਈ ਵਾਰ ਕਸਬੇ ਦੇ ਦੁਕਾਨਦਾਰਾਂ ਨਾਲ਼ ਇਸ ਸਬੰਧੀ ਮੀਟਿੰਗ ਕੀਤੀ ਗਈ ਕਿ ਦੁਕਾਨਦਾਰ ਆਪਣਾ ਸਾਮਾਨ ਇਕ ਹੱਦ ਤੱਕ ਹੀ ਲਾਉਣ ਪਰ ਫਿਰ ਵੀ ਪਰਨਾਲਾ ਉਥੇ ਦਾ ਉੱਥੇ ਹੀ ਹੈ। ਇਸੇ ਤਰ੍ਹਾਂ ਦੀ ਸਥਿਤੀ ਹੀ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਵੀ ਦੇਖਣ ਨੂੰ ਮਿਲਦੀ ਹੈ ਜਿਥੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਾਮਾਨ ਲਾਇਆ ਜਾਂਦਾ ਹੈ। ਮੇਨ ਬਾਜ਼ਾਰ, ਕ੍ਰਿਸ਼ਨਾ ਮਾਰਕੀਟ, ਚਾਂਦਨੀ ਮਾਰਕੀਟ ਆਦਿ ਵਿਚ ਰਾਹਗੀਰਾਂ ਨੂੰ ਲੰਘਣ ਲਈ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਦੀਆਂ ਸਮੁੱਚੀਆਂ ਸਡ਼ਕਾਂ, ਬਾਜ਼ਾਰਾਂ, ਗਲੀਆਂ ਆਦਿ ਤੋਂ ਨਾਜਾਇਜ਼ ਕਬਜ਼ੇ ਹਟਵਾਏ ਜਾਣ ਤਾਂ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲਦਾ ਰਹੇ।
ਕੀ ਕਹਿਣੈ ਥਾਣਾ ਮੁਖੀ ਦਾ
ਇਸ ਸਬੰਧੀ ਥਾਣਾ ਮੁਖੀ ਕੋਟ ਈਸੇ ਖਾਂ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਦੁਕਾਨਦਾਰਾਂ ਨੂੰ ਕਹਿ ਚੁੱਕੇ ਹਾਂ ਕਿ ਉਹ ਸਾਮਾਨ ਆਪਣੀ ਹੱਦ ਅੰਦਰ ਲਾਉਣ, ਜੇਕਰ ਹੁਣ ਉਨ੍ਹਾਂ ਨੇ ਆਪਣਾ ਸਾਮਾਨ ਆਪਣੀ ਦੁਕਾਨ ਦੀ ਹੱਦ ਤੋਂ ਬਾਹਰ ਲਾਇਆ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਸਤੌਲ ਦੀ ਨੋਕ ’ਤੇ ਮਿਲਕ ਪਲਾਂਟ ਸੰਚਾਲਕਾਂ ਤੋਂ ਖੋਹੀ ਗੱਡੀ
NEXT STORY