ਪਾਇਲ (ਵਿਨਾਇਕ) : ਪਾਇਲ ਦੇ ਨਿਵਾਸੀ ਜੱਥੇਦਾਰ ਹਰਮਹਿੰਦਰ ਸਿੰਘ ਵੱਲੋਂ ਕੌਮਾਤਰੀ ਮਹਾਮਾਰੀ ਕੋਰੋਨਾ ਦੇ ਖਾਤਮੇ ਲਈ ਪੰਜ ਤਖਤਾਂ ਸਮੇਤ 12 ਜੋਤੀ ਲਿੰਗਾਂ ਦੀ ਪੈਦਲ ਯਾਤਰਾ 12 ਜੁਲਾਈ ਤੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਦੋਰਾਹਾ (ਲੁਧਿਆਣਾ) ਤੋਂ ਆਰੰਭ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜੱਥੇਦਾਰ ਹਰਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਯਾਤਰਾ ਦੌਰਾਨ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਸ੍ਰੀ ਪਟਨਾ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸ੍ਰੀ ਨੰਦੇੜ ਸਾਹਿਬ, ਤਖਤ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਤੋਂ ਇਲਾਵਾ ਹਿੰਦੂ ਧਰਮ ਦੇ ਪਵਿੱਤਰ ਅਤੇ ਪੂਜਣਯੋਗ ਤੀਰਥ ਕਾਸ਼ੀ, ਗੰਗਾ ਸਾਗਰ, ਜਗਨਨਾਥ ਪੁਰੀ ਤੋਂ ਇਲਾਵਾਂ ਨਾਨਕ ਝੀਰਾਂ ਤੇ ਹੋਰਨਾਂ ਗੁਰੂ ਘਰਾਂ ਤੇ ਮੰਦਰਾਂ ਦੇ ਦਰਸਨ ਵੀ ਕਰਨਗੇ।
ਅੱਜ ਇੱਥੇ ਗੱਲਬਾਤ ਕਰਦਿਆਂ ਜੱਥੇਦਾਰ ਹਰਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਪੈਦਲ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ, ਸ੍ਰੀ ਪਟਨਾ ਸਾਹਿਬ ਲਈ ਸਵੇਰੇ 8 ਵਜੇ ਰਵਾਨਾ ਹੋਣਗੇ ਅਤੇ ਉਥੋਂ ਹੁੰਦੇ ਹੋਏ ਖਾਲਸਾ ਪੰਥ ਦੇ ਪੰਜਵੇਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸ੍ਰੀ ਨੰਦੇੜ ਸਾਹਿਬ ਤੋਂ ਇਲਾਵਾ ਤਖਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪੁੱਜ ਕੇ ਯਾਤਰਾ ਦੀ ਸਮਾਪਤੀ ਕਰਨਗੇ। ਜੱਥੇਦਾਰ ਹਰਮਹਿੰਦਰ ਸਿੰਘ ਨੇ ਕੌਮਾਤਰੀ ਮਹਾਮਾਰੀ ਕੋਰੋਨਾ ਦੇ ਖਾਤਮੇ ਲਈ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਉਦਾਸੀਆਂ ਬਾਰੇ ਜਾਨਣ ਲਈ ਖੁਦ ਹੀ ਗੁਰੂ ਸਾਹਿਬ ਦੇ ਰਸਤੇ ‘ਤੇ ਪੈਦਲ ਚੱਲਣਾ ਤੈਅ ਕੀਤਾ ਤਾਂ ਜੋ ਉਹ ਗੁਰੂ ਜੀ ਦੀਆਂ ਉਦਾਸੀਆਂ ਬਾਰੇ ਲੋਕਾਂ ਨੂੰ ਦੱਸ ਸਕਣ ਤੇ ਗੁਰੂ ਜੀ ਵੱਲੋਂ ਦੱਸੇ ਗਏ ਜੀਵਨ ਦੇ ਰਾਹ ‘ਤੇ ਚੱਲਣ ਦੇ ਸੰਦੇਸ਼ ਦੇ ਸਕਣ।
ਜੱਥੇਦਾਰ ਹਰਮਹਿੰਦਰ ਸਿੰਘ, ਇਸ ਪੈਦਲ ਯਾਤਰਾ 'ਚ ਲਗਭਗ 12 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਨਗੇ ਅਤੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਸਰਬਤ ਦੇ ਭਲੇ ਦੀ ਅਰਦਾਸ ਕਰਨਗੇ। ਦੱਸਣਯੋਗ ਹੈ ਕਿ ਜੱਥੇਦਾਰ ਹਰਮਹਿੰਦਰ ਸਿੰਘ ਇਸ ਤੋਂ ਪਹਿਲਾ ਪੰਜ ਵਾਰ ਪੰਜਾਂ ਤਖਤਾਂ ਤੋਂ ਇਲਾਵਾ ਇੱਕ ਵਾਰ 12 ਜੋਤੀ ਲਿੰਗਾਂ ਅਤੇ 2 ਵਾਰ ਬਾਬਾ ਬਰਫਾਨੀ ਅਮਰਨਾਥ ਜੀ ਦੀ ਪੈਦਲ ਯਾਤਰਾ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ 10 ਵਾਰ ਪਾਇਲ ਦੇ ਪ੍ਰਾਚੀਨ ਸ੍ਰੀ ਮਹਾਂਦੇਵ ਮੰਦਰ ‘ਚ ਕਾਂਵਡ ਯਾਤਰਾ ਤੋਂ ਪਵਿੱਤਰ ਗੰਗਾ ਜਲ ਵੀ ਲਿਆ ਚੁੱਕੇ ਹਨ, ਜਿਨ੍ਹਾਂ 'ਚ 9 ਵਾਰ ਹਰਿਦੁਆਰ ਤੋਂ ਅਤੇ ਇੱਕ ਵਾਰ ਗੋਮੁੱਖ ਤੋਂ ਲਿਆਂਦਾ ਗਿਆ ਸੀ।
ਜੱਥੇਦਾਰ ਹਰਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਕਰੀਬ ਡੇਢ ਸਾਲ ‘ਚ ਪੂਰੀ ਹੋਵੇਗੀ। ਇਸ ਦੌਰਾਨ ਉਹ ਬੰਗਾਲ, ਬਿਹਾਰ , ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਓੜੀਸਾ, ਕਰਨਾਟਕ, ਛਤੀਸਗੜ੍ਹ, ਅਸਾਮ, ਆਧਰਾ ਪ੍ਰਦੇਸ਼ ਅਤੇ ਪੰਜਾਬ ਰਾਜਾ ਦੀ ਯਾਤਰਾ ਕਰਨਗੇ। ਜੱਥੇਦਾਰ ਹਰਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਗੁਰੂ ਸਾਹਿਬ ਜੀ ਦੇ ਦਿੱਤੇ ਸੰਦੇਸ਼ ਉੱਪਰ ਚੱਲ ਕੇ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਸੰਦੇਸ਼ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ ਸਰਬੱਤ ਦੇ ਭਲੇ ਲਈ ਕੌਮਾਤਰੀ ਮਹਾਮਾਰੀ ਕੋਰੋਨਾ ਦੇ ਖਾਤਮੇ ਲਈ ਯਤਨਸ਼ੀਲ ਹਨ।
ਪੰਜਾਬ 'ਚ ਪ੍ਰਵੇਸ਼ ਕਰਨ ਜਾਂ ਲੰਘਣ ਵਾਲੇ ਯਾਤਰੀ ਇਸ ਤਰ੍ਹਾਂ ਕਰ ਸਕਦੇ ਹਨ ਈ-ਰਜਿਸਟ੍ਰੇਸ਼ਨ
NEXT STORY