ਤਲਵੰਡੀ ਸਾਬੋ (ਮੁਨੀਸ਼):ਪਿਛਲੇ ਸਾਲਾਂ ਵਿਚ ਨੇੜਲੇ ਪਿੰਡ ਭਾਗੀਵਾਂਦਰ ’ਚ ਕਥਿਤ ਨਸ਼ਾ ਸਮੱਗਲਰ ਦੱਸ ਕੇ ਕਤਲ ਕੀਤੇ ਗਏ ਮੋਨੂੰ ਅਰੋੜਾ ਦੇ ਅਪੰਗ ਪਿਤਾ ਨੂੰ ਅੱਜ ਤਲਵੰਡੀ ਸਾਬੋ ਨਗਰ ਵਿਖੇ ਦਿਨ-ਦਿਹਾੜੇ ਸਕਾਰਪੀਓ ਗੱਡੀ ਵਿਚ ਆਏ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਗੰਭੀਰ ਜ਼ਖਮੀ ਕਰ ਕੇ ਭਾਗੀਵਾਂਦਰ ਨਹਿਰ ਕੋਲ ਸੁੱਟ ਗਏ। ਜ਼ਖਮੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿਨ-ਦਿਹਾੜੇ ਵਾਪਰੀ ਅਜਿਹੀ ਘਟਨਾ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਦੱਸਣਾ ਬਣਦਾ ਹੈ ਕਿ 8 ਜੂਨ 2017 ਨੂੰ ਪਿੰਡ ਭਾਗੀਵਾਂਦਰ ਵਿਖੇ ਕੁਝ ਲੋਕਾਂ ਨੇ ਮੋਨੂੰ ਅਰੋੜਾ ਨਾਮੀ ਨੌਜਵਾਨ ’ਤੇ ਪਿੰਡ ਵਿਚ ਨਸ਼ਾ ਸਪਲਾਈ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਉਸਨੂੰ ਜਨਤਕ ਤੌਰ ’ਤੇ ਬੁਰੀ ਤਰ੍ਹਾਂ ਵੱਢ ਦਿੱਤਾ ਸੀ, ਜਿਸਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਈ.ਡੀ. ਦੀ ਰੇਡ ਨੇ ਚੰਨੀ ਦੇ ਰਿਸ਼ਤੇਦਾਰਾਂ ਦੇ ਰੇਤ ਮਾਫੀਆ ਨਾਲ ਸਬੰਧ ਕੀਤੇ ਜਗ ਜਾਹਿਰ : ਹਰਪਾਲ ਚੀਮਾ
ਮ੍ਰਿਤਕ ਦੀ ਬੁਰੀ ਤਰ੍ਹਾਂ ਵੱਢ ਟੁੱਕ ਦੀ ਵੀਡੀਓ ਵਾਇਰਲ ਹੋਣ ’ਤੇ ਇਹ ਮਾਮਲਾ ਕੌਮੀ ਪੱਧਰ ’ਤੇ ਮੀਡੀਆ ਵੱਲੋਂ ਚੁੱਕੇ ਜਾਣ ਕਾਰਨ ਪੁਲਸ ਨੇ ਪਿੰਡ ਭਾਗੀਵਾਂਦਰ ਦੇ ਕੁਝ ਮੋਹਤਬਰਾਂ ਸਮੇਤ ਇਕ ਦਰਜਨ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਸੀ ਅਤੇ ਗ੍ਰਿਫ਼ਤਾਰ ਲੋਕਾਂ ’ਚੋਂ ਅਜੇ ਬਹੁਤੇ ਜੇਲ੍ਹ ਵਿਚ ਹੀ ਹਨ। ਉਧਰ ਤਾਜ਼ਾ ਘਟਨਾਕ੍ਰਮ ਦੌਰਾਨ ਅੱਜ ਮ੍ਰਿਤਕ ਮੋਨੂੰ ਅਰੋੜਾ ਦਾ ਪਿਤਾ ਰਮੇਸ਼ ਕੁਮਾਰ ਉਰਫ ਵਿਜੈ ਅਰੋੜਾ ਆਪਣੀ ਮਾਰੂਤੀ ਜੈਨ ਕਾਰ ’ਤੇ ਬਾਜ਼ਾਰ ਕੋਈ ਸਾਮਾਨ ਲੈਣ ਜਾ ਰਿਹਾ ਸੀ ਤਾਂ ਸਥਾਨਕ ਮਾਈਸਰ ਮੁਹੱਲੇ ਕੋਲ ਇਕ ਸਕਾਰਪੀਓ ਗੱਡੀ ’ਤੇ ਆਏ ਕੁਝ ਨੌਜਵਾਨਾਂ ਨੇ ਗੱਡੀ ਨੂੰ ਰੋਕ ਕੇ ਸ਼ੀਸ਼ਾ ਭੰਨਦਿਆਂ ਵਿਜੈ ਅਰੋੜਾ ਨੂੰ ਅਗਵਾ ਕਰ ਕੇ ਆਪਣੀ ਗੱਡੀ ਵਿਚ ਸੁੱਟ ਲਿਆ ਅਤੇ ਜਦੋਂ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ, ਉਨ੍ਹਾਂ ਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਗੱਡੀ ਭਜਾ ਕੇ ਲੈ ਗਏ। ਕੁਝ ਸਮੇਂ ਬਾਅਦ ਵਿਜੈ ਅਰੋੜਾ ਨੂੰ ਗੰਭੀਰ ਜ਼ਖਮੀ ਕਰ ਕੇ ਭਾਗੀਵਾਂਦਰ ਨਹਿਰ ’ਤੇ ਸੁੱਟ ਕੇ ਚਲੇ ਗਏ।
ਇਹ ਵੀ ਪੜ੍ਹੋ : ਆਪਣੀ ਜਨਮ ਭੂਮੀ ਸਤੌਜ ਪਹੁੰਚ ਲੋਕਾਂ ਨੂੰ ਕੀਤੀ ਭਗਵੰਤ ਮਾਨ ਨੇ ਇਹ ਅਪੀਲ
ਪਤਾ ਲੱਗਦਿਆਂ ਹੀ ਤਲਵੰਡੀ ਸਾਬੋ ਪੁਲਸ ਉੱਥੇ ਪੁੱਜੀ ਅਤੇ ਉਨ੍ਹਾਂ ਨੇ ਵਿਜੈ ਅਰੋੜਾ ਨੂੰ ਬਠਿੰਡਾ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਪੀੜਤ ਵਿਜੈ ਅਰੋੜਾ ਦੀਆਂ ਦੋਵੇਂ ਲੱਤਾਂ ਅਤੇ ਇਕ ਬਾਂਹ ਬੁਰੀ ਤਰ੍ਹਾਂ ਤੋੜੀਆਂ ਦੱਸੀਆਂ ਜਾ ਰਹੀਆਂ ਹਨ। ਉਧਰ ਰਵਿੰਦਰ ਸਿੰਘ ਥਾਣਾ ਮੁਖੀ ਤਲਵੰਡੀ ਸਾਬੋ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੋਨੂੰ ਅਰੋੜਾ ਕਤਲਕਾਂਡ ਨਾਲ ਉਕਤ ਘਟਨਾ ਦਾ ਸਬੰਧ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅਜੇ ਜਾਂਚ ਚੱਲ ਰਹੀ ਹੈ ਅਤੇ ਜ਼ਖਮੀ ਦੇ ਬਿਆਨਾਂ ਤੋਂ ਬਾਅਦ ਪਤਾ ਲੱਗੇਗਾ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹੇਅਰ ਡਰੈਸਰ ਦੀ ਦੁਕਾਨ ’ਤੇ ਲੱਗੀ ਅੱਗ, ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ
NEXT STORY