ਸ਼ੇਰਪੁਰ, (ਸਿੰਗਲਾ)– ਬਲਾਕ ਅਧੀਨ ਪੈਂਦੇ ਪਿੰਡ ਬਾਲੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ-1 ਦੀ ਤਰਸਯੋਗ ਹਾਲਤ ਸਬੰਧੀ ‘ਜਗ ਬਾਣੀ’ ਵੱਲੋਂ ਇਕ ਵਿਸ਼ੇਸ਼ ਖਬਰ 24 ਸਤੰਬਰ 2018 ਨੂੰ ‘105 ਵਿਦਿਆਰਥੀ ਮੌਤ ਦੇ ਸਾਏ ਹੇਠ ਪਡ਼੍ਹਨ ਲਈ ਮਜਬੂਰ’ ਸਿਰਲੇਖ ਹੇਠ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸਦਾ ਗੰਭੀਰ ਨੋਟਿਸ ਲੈਂਦਿਅਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਉਕਤ ਮਸਲੇ ਨੂੰ ਪਹਿਲ ਦੇ ਅਾਧਾਰ ’ਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਜਲਦੀ ਹੀ ਸਕੂਲ ਦਾ ਮੌਕਾ ਦੇਖਣ ਲਈ ਵੀ ਕਿਹਾ।
ਆਪਣੇ ਵਾਅਦੇ ਅਨੁਸਾਰ ਭਗਵੰਤ ਮਾਨ ਨੇ ‘ਜਗ ਬਾਣੀ’ ਖਬਰ ਦੀ ਪਿੱਠ ਪੂਰਦੇ ਹੋਏ ਸਕੂਲ ਦੀ ਤਰਸਯੋਗ ਹਾਲਤ ਦਾ ਮੌਕਾ ਦੇਖਿਆ ਅਤੇ ਇਸ ਗੰਭੀਰ ਮਸਲੇ ’ਤੇ ਵਿਚਾਰ ਕਰਨ ਲਈ ਮੌਕੇ ’ਤੇ ਹੀ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਪੰਜਾਬ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਪਰ ਕਿਸੇ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਸਕੂਲ ਵਿਚ ਦੋ ਕਮਰਿਆਂ ਸਣੇ 36 ਵਰਾਂਡੇ ਲੱਕਡ਼ ਦੇ ਬਾਲਿਆਂ ਅਤੇ ਸ਼ਤੀਰੀਆਂ ਨਾਲ ਬਣੇ ਹੋਏ ਹਨ ਅਤੇ ਇਨ੍ਹਾਂ ਦੀ ਇਸ ਸਮੇਂ ਹਾਲਤ ਇਹ ਹੈ ਕਿ ਇਹ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਜਨਮ ਦੇ ਸਕਦੇ ਹਨ। ਬੇਸ਼ੱਕ ਸਕੂਲ ਅਧਿਆਪਕਾਂ ਵੱਲੋਂ ਬੱਚਿਅਾਂ ਨੂੰ ਇਨ੍ਹਾਂ ਦੇ ਹੇਠੋਂ ਨਾ ਗੁਜ਼ਰਨ ਦੀ ਹਦਾਇਤ ਕੀਤੀ ਗਈ ਹੈ ਪਰ ਇਕ ਕਲਾਸ ਦਾ ਖਸਤਾਹਾਲ ਇਮਾਰਤ ਦੇ ਕਮਰੇ ਵਿਚ ਲੱਗਣਾ ਖਤਰੇ ਵਾਲੀ ਗੱਲ ਹੈ। ‘ਜਗ ਬਾਣੀ’ ਵੱਲੋਂ ਇਹ ਮਾਮਲਾ ਚੁੱਕਣ ’ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਸਕੂਲ ਦੀ ਅਤਿ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਬੱਚਿਆਂ ਅਤੇ ਅਧਿਆਪਕਾਂ ਦੀ ਜਾਨ ਬਚਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਾਲੀਆਂ-1 ਨੂੰ ਪੂਰੀ ਨਵੀਂ ਇਮਾਰਤ ਬਣਾਉਣ ਲਈ ਮੌਕੇ ’ਤੇ ਹੀ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਅਤੇ ਪਿੰਡ ਦੇ ਹਾਜ਼ਰ ਨੌਜਵਾਨਾਂ ਨੂੰ ਕਿਹਾ ਕਿ ਉਹ ਜਗ੍ਹਾ ਦੀ ਸ਼ਨਾਖਤ ਕਰ ਕੇ ਕਮਰੇ ਉਸਾਰਨ ਲਈ ਆਪਣੀ ਵਿਉਂਤਬੰਦੀ ਬਣਾ ਲੈਣ, ਤਾਂ ਜੋ ਖਾਤੇ ਵਿਚ ਪੈਸੇ ਆਉਂਦੇ ਹੀ ਕੰਮ ਦੀ ਸ਼ੁਰੂਆਤ ਕੀਤੀ ਜਾ ਸਕੇ। ਮਾਨ ਸਕੂਲ ਦੀ ਹਾਲਤ ਦੇਖਣ ਲਈ ਛੱਤ ’ਤੇ ਚਡ਼੍ਹ ਗਏ ਅਤੇ ਸਾਰੇ ਸਕੂਲ ਦਾ ਨਿਰੀਖਣ ਕੀਤਾ।
ਇਸ ਮੌਕੇ ਸ਼੍ਰੀ ਮਾਨ ਨੇ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਵਿਚ ਬਣਾਏ ਜਾ ਰਹੇ ਪਾਰਕ ਲਈ ਇਕ ਓਪਨ ਜਿਮ ਲਾਉਣ ਲਈ 2 ਲੱਖ 50 ਹਜ਼ਾਰ ਅਤੇ ਤਿੰਨ ਲੱਖ ਪਿੰਡ ਦੇ ਕਿਸੇ ਹੋਰ ਸਾਂਝੇ ਕੰਮ ਨੂੰ ਨੇਪਰੇ ਚਾਡ਼੍ਹਨ ਲਈ ਦਿੱਤੇ।
ਕੀ ਕਹਿੰਦੇ ਹਨ ਆਗੂ-ਪਿੰਡ ਬਾਲੀਆਂ ਵਿਖੇ ਕਲੱਬ ਦੇ ਆਗੂਆਂ, ਸੋਸਾਇਟੀ ਦੇ ਪ੍ਰਧਾਨ ਅਤੇ ਹੋਰ ਪਤਵੰਤਿਆਂ ਨੇ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ‘ਜਗ ਬਾਣੀ’ ਇਸ ਮਾਮਲੇ ’ਤੇ ਸਟੋਰੀ ਕਵਰ ਨਾ ਕਰਦੀ ਤਾਂ ਹੋ ਸਕਦਾ ਹੈ ਕਿ ਕੋਈ ਵੀ ਅਧਿਕਾਰੀ ਇਸ ਸਕੂਲ ਦੀ ਸਾਰ ਨਾ ਲੈਂਦਾ।
ਫੂਲਕਾ ਨੇ ਵਚਨ ਨਿਭਾਇਆ, ਹੁਣ 5 ਕਾਂਗਰਸੀ ਮੰਤਰੀ ਦੇਣ ਅਸਤੀਫੇ: ਹਰਪਾਲ ਚੀਮਾ
NEXT STORY