ਕੋਟਕਪੂਰਾ, (ਨਰਿੰਦਰ)- ਬੀਤੀ 19 ਅਕਤੂਬਰ ਨੂੰ ਕੋਟਕਪੂਰਾ ਅਨਾਜ ਮੰਡੀ ਦੇ ਕੀਤੇ ਦੌਰੇ ਦੌਰਾਨ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵੱਲੋ ਕਿਸਾਨਾਂ ਦੀ ਫ਼ਸਲ ’ਤੇ 3 ਤੋਂ 5 ਕਿਲੋ ਤੱਕ ਦੇ ਕਰੀਬ ਦੀ ਕਾਟ ਕੱਟੇ ਜਾਣ ਦੇ ਲਗਾਏ ਗਏ ਦੋਸ਼ਾਂ ਖਿਲਾਫ ਦਾਣਾ ਮੰਡੀ ਦੇ ਵੱਡੀ ਗਿਣਤੀ ’ਚ ਆਡ਼੍ਹਤੀਆਂ ਨੇ ਰੋਸ ਜਾਹਰ ਕਰਦੇ ਹੋਏ। ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਡ਼੍ਹਤੀਆਂ ਨੇ ਨਾਅਰੇਬਾਜ਼ੀ ਦੌਰਾਨ ਧਨਜੀਤ ਸਿੰਘ ਧਨੀ ਵਿਰਕ ’ਤੇ ਕਿਸਾਨਾਂ ਤੇ ਆਡ਼ਤੀਆਂ ਦੇ ਭਾਈਚਾਰੇ ਵਿਚ ਫ਼ਰਕ ਉਪਾਣ ਦਾ ਦੋਸ਼ ਲਗਾਇਆ। ਇਸ ਸਮੇਂ ਆਡ਼੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਸੋਹਣ ਸਿੰਘ ਬਰਗਾਡ਼ੀ, ਜ਼ਿਲਾ ਪ੍ਰਧਾਨ ਉਧਮ ਸਿੰਘ ਅੌਲਖ, ਮਿੰਕੂ ਮੱਕਡ਼, ਗੁਰਮੀਤ ਸਿੰਘ ਮੀਤਾ ਮੱਕਡ਼, ਬਸੰਤ ਸਿੰਘ ਢਿੱਲੋ, ਮਲਕੀਤ ਸਿੰਘ ਬਰਾਡ਼, ਗੋਰਾਗਿੱ ਲ, ਮਨਦੀਪ ਵਡ਼ਿੰਗ, ਰਾਜੇਸ਼ ਮਿੱਤਲ, ਭੂਸ਼ਨ ਸ਼ਰਮਾ, ਮੁਨੀਸ਼ ਸ਼ਰਮਾ, ਰਾਜੇਸ਼ ਕਾਂਸਲ, ਸੰਦੀਪ ਸਿੰਪਾ, ਕਿਸ਼ਨ ਕਾਲਾ, ਬਿੱਟੂ ਬਾਂਸਲ, ਜਸਬੀਰ ਢਿੱਲੋ, ਗੁਲਸ਼ਨ ਕੁਮਾਰ, ਧਰਮਿੰਦਰ ਸਿੰਘ, ਜਗਦੀਸ਼ ਕੁਮਾਰ, ਗਗਨ ਧਿੰਗਡ਼ਾ, ਰਾਜੇਸ਼ ਮਿੱਤਲ ਅਤੇ ਕਰਨੈਲ ਸਿੰਘ ਬਰਾਡ਼ ਆਦਿ ਆਡ਼ਤੀਆਂ ਨੇ ਇਕ ਹੰਗਾਮੀ ਮੀਟਿੰਗ ਆਡ਼ਤੀ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਕੀਤੀ।
ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਊਧਮ ਸਿੰਘ ਅੌਲਖ ਅਤੇ ਕੋਟਕਪੂਰਾ ਦੇ ਪ੍ਰਧਾਨ ਸੋਹਣ ਸਿੰਘ ਬਰਗਾਡ਼ੀ ਦੀ ਅਗਵਾਈਂ ਵਿਚ ਸਮੂਹ ਆਡ਼ਤੀਆਂ ਨੇ ਕਿਹਾ ਕਿ ਬੀਤੇ ਦਿਨੀ, ਜਿਸ ਕਿਸਾਨ ਦੀ ਫਸਲ ਨਾ ਖਰੀਦਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੀ ਫ਼ਸਲ ’ਚ ਨਮੀ ਦੀ ਮਾਤਰਾ 17 ਫੀਸਦੀ ਦੀ ਬਜਾਏ 20 ਫ਼ੀਸਦੀ ਸੀ, ਜਿਸ ਕਾਰਨ ਖਰੀਦਦਾਰਾਂ ਨੇ ਫਸਲ ਨਹੀ ਖਰੀਦੀ ਪਰ ਬਾਅਦ ਵਿਚ ਆਡ਼ਤੀਆਂ ਵੱਲੋਂ 5 ਕਿਲੋ ਕਾਟ ਕੱਟਣ ਦਾ ਦੋਸ਼ ਲਗਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਡ਼ਤੀਆਂ ਤੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਤੱਕ ’ਤੇ ਵੀ ਕਾਟ ਕੱਟਣ ਵਿਚ ਕਥਿਤ ਮਿਲੀਭੁਗਤ ਦੇ ਦੋਸ਼ ਲਗਾ ਦਿੱਤੇ। ਆਡ਼ਤੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਭੇਜੀ ਗਈ ਟੀਮ ਜਾਂ ਹੋਰ ਨੁਮਾਇੰਦੇ ਅਨਾਜ ਮੰਡੀ ਵਿਚ ਕਿਸੇ ਸਮੇਂ ਵੀ ਫ਼ਸਲ ਦੀ ਖਰੀਦ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿਚ ਬਾਹਰੋਂ ਆ ਕੇ ਕੁਝ ਆਗੂ ਪਿਛਲੇ ਕਈ ਦਿਨਾਂ ਤੋਂ ਸ਼ਾਂਤਮਈ ਤਰੀਕੇ ਨਾਲ ਚੱਲ ਰਹੀ ਫ਼ਸਲ ਦੀ ਖਰੀਦ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸਨੂੰ ਆਡ਼ਤੀ ਭਾਈਚਾਰਾ ਹਰਗਿਜ਼ ਵੀ ਬਰਦਾਸ਼ਤ ਨਹੀ ਕਰੇਗਾ। ਉਨ੍ਹਾਂ ਦੱਸਿਆ ਕਿ ਉਕਤ ਅਨਾਜ ਦੀ ਢੇਰੀ ਦੀ ਚੈਕਿੰਗ ਤਹਿਸੀਲਦਾਰ ਕੋਟਕਪੂਰਾ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਤੇ ਹੋਰ ਅਧਿਕਾਰੀਆਂ ਨੇ ਵੀ ਕੀਤੀ ਜਿਸ ’ਚ ਨਮੀ ਦੀ ਮਾਤਰਾ 20 ਫੀਸਦੀ ਨਿਕਲੀ ਸੀ। ਆਡ਼ਤੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਵੀ ਸਿਆਸੀ ਆਗੂ ਨੂੰ ਅਨਾਜ ਮੰਡੀ ਵਿਚ ਕਿਸਾਨਾਂ ਤੇ ਆਡ਼ਤੀਆਂ ਦੇ ਨਹੁੰ ਮਾਸ ਵਾਲੇ ਰਿਸ਼ਤੇ ਵਿਚ ਦਰਾਰ ਪਾਉਣ ਦੇ ਕੰਮ ਕਰਨ ਦੀ ਇਜਾਜ਼ਤ ਨਾ ਜਾਵੇ।
ਇਸ ਤੋਂ ਬਾਅਦ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਕੱਤਰ ਹਾਕਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਕਿਸੇ ਵੀ ਕਿਸਾਨ ਨੇ ਫ਼ਸਲ ਦੀ 5 ਕਿਲੋ ਕਾਟ ਸਬੰਧੀ ਕੋਈ ਵੀ ਸ਼ਕਾਇਤ ਦਰਜ ਨਹੀ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਵਿਚ ਫ਼ਸਲ ਦੀ ਵਿਕਰੀ ਦਾ ਕੰਮ ਪੂਰੇ ਜੋਬਨ ’ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਕਿਸਾਨ ਦੀ ਫਸਲ ਦੀ ਗੱਲ ਕੀਤੀ ਜਾ ਰਹੀ ਹੈ, ਉਕਤ ਕਿਸਾਨ ਦੀ ਫ਼ਸਲ ਦੀ ਸਫ਼ਾਈ ਹੋਣੀ ਅਜੇ ਬਾਕੀ ਸੀ ਅਤੇ ਉਕਤ ਫ਼ਸਲ ਦੀ ਚੈਕਿੰਗ ਤਹਿਸੀਲਦਾਰ ਕੋਟਕਪੂਰਾ ਦੀ ਹਾਜ਼ਰੀ ਵਿਚ ਕੀਤੀ ਗਈ ਤਾਂ ਮਾਊਸਚਰ 20 ਫ਼ੀਸਦੀ ਸੀ ਜਿਸ ਤੋਂ ਬਾਅਦ ਕਾਟ ਕੱਟਣ ਦੇ ਦੋਸ਼ ਲਗਾ ਕੇ ਵੀਡੀਓ ਵਾਇਰਲ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਬਿਨਾਂ ਪਡ਼ਤਾਲ ਕੀਤੇ ਕਾਟ ਦਾ ਦੋਸ਼ ਲਗਾ ਕੇ ਸਰਕਾਰੀ ਖਰੀਦ ’ਚ ਵਿਘਨ ਪਾਇਆ ਗਿਆ।
ਇਸ ਸਬੰਧੀ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਅਨਾਜ ਮੰਡੀ ’ਚੋਂ ਕਿਸਾਨਾਂ ਨੇ ਸ਼ਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਫ਼ਸਲ ’ਚੋਂ 5 ਕਿਲੋ ਦੇ ਕਰੀਬ ਕਾਟ ਕੱਟੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਅਤੇ ਉਕਤ ਕਾਟ ਜਿਸ ਦੇ ਵੀ ਇਸ਼ਾਰੇ ਤੇ ਕੱਟੀ ਜਾ ਰਹੀ ਹੈ ਨੂੰ ਰੋਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਅਕਾਲੀ ਦਲ ਦੇ ਹਮਾਇਤੀਆਂ ਵੱਲੋ ਅਜਿਹਾ ਕੀਤਾ ਜਾ ਰਿਹਾ ਹੈ ਪ੍ਰੰਤੂ ਉਕਤ ਸਾਰਾ ਮਸਲਾ ਉਨ੍ਹਾਂ ਵੱਲੋ ਜਲਦ ਮੁਖ਼ ਮੰਤਰੀ ਪੰਜਾਬ ਪਾਸ ਲਿਜਾਇਆ ਜਾਵੇਗਾ।
ਪੈਰੋਲ ’ਤੇ ਆਏ ਕੈਦੀ ਨੇ ਬਦਫੈਲੀ ਕਰਨ ਤੋਂ ਬਾਅਦ ਸਾਥੀ ਮਜ਼ਦੂਰ ਨੂੰ ਮੌਤ ਦੇ ਘਾਟ ਉਤਾਰਿਆ, ਗ੍ਰਿਫਤਾਰ
NEXT STORY