ਤਪਾ ਮੰਡੀ (ਸ਼ਾਮ, ਗਰਗ) : ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਤਪਾ ਪੁਲਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਸਵਿਫਟ ਡਿਜ਼ਾਇਰ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ 1 ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਤਪਾ ਦੇ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਤਪਾ ਜਸਕਰਨ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਤਾਜੋਕੇ ਰੋਡ ਨੇੜੇ ਅਨਾਜ ਮੰਡੀ ਤਪਾ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਪਿੰਡ ਤਾਜੋਕੇ ਵੱਲੋਂ ਇੱਕ ਸਵਿਫਟ ਡਿਜ਼ਾਇਰ ਕਾਰ ਤੇਜ਼ ਰਫ਼ਤਾਰ ਨਾਲ ਤਪਾ ਵੱਲ ਆਉਂਦੀ ਦਿਖਾਈ ਦਿੱਤੀ। ਪੁਲਸ ਨਾਕਾ ਦੇਖ ਕੇ ਕਾਰ ਸਵਾਰਾਂ ਨੇ ਘਬਰਾ ਕੇ ਅਚਾਨਕ ਬਰੇਕ ਲਗਾ ਦਿੱਤੀ ਅਤੇ ਕਾਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ। ਪੁਲਸ ਮੁਲਾਜ਼ਮਾਂ ਨੇ ਸ਼ੱਕ ਦੇ ਆਧਾਰ ’ਤੇ ਕਾਰ ਨੂੰ ਰੋਕ ਕੇ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਯੂਥ ਕਾਂਗਰਸ ਪ੍ਰਧਾਨ ਖ਼ਿਲਾਫ਼ ਪਰਚਾ ਦਰਜ! 'ਲੁੱਕ ਆਊਟ ਸਰਕੂਲਰ' ਨੋਟਿਸ ਜਾਰੀ
ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਨਰਿੰਦਰ ਬਿਸ਼ਨੋਈ ਪੁੱਤਰ ਮਨੀ ਰਾਮ ਬਿਸ਼ਨੋਈ ਵਾਸੀ ਘਟੂ, ਜ਼ਿਲ੍ਹਾ ਬੀਕਾਨੇਰ (ਰਾਜਸਥਾਨ), ਗਣੇਸ਼ ਮੁੰਡੀਆ ਪੁੱਤਰ ਅਮੀ ਲਾਲ ਵਾਸੀ ਨੀਮਲਾ, ਜ਼ਿਲ੍ਹਾ ਸਿਰਸਾ (ਹਰਿਆਣਾ) ਅਤੇ ਅੰਕਿਤ ਕੁਮਾਰ ਪੁੱਤਰ ਰਘੁਵੀਰ ਮਾਚਰਾ ਵਾਸੀ ਰਾਵਤਸਰ, ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਵਜੋਂ ਹੋਈ। ਪੁਲਸ ਵੱਲੋਂ ਕਾਰ ਦੀ ਤਲਾਸ਼ੀ ਲੈਣ ’ਤੇ ਡੈਸ਼ਬੋਰਡ ਵਿੱਚੋਂ ਲਿਫ਼ਾਫ਼ੇ ਵਿੱਚ ਲਪੇਟੀ ਹੋਈ ਅਫੀਮ ਬਰਾਮਦ ਹੋਈ। ਵਜ਼ਨ ਕਰਨ ’ਤੇ ਅਫੀਮ ਦੀ ਮਾਤਰਾ 1 ਕਿਲੋਗ੍ਰਾਮ ਨਿਕਲੀ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਪੁਲਸ ਵੱਲੋਂ ਇਹ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅਫੀਮ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ। ਇਸ ਮੌਕੇ ਸਹਾਇਕ ਥਾਣੇਦਾਰ ਜਗਪਾਲ ਸਿੰਘ, ਹੌਲਦਾਰ ਸੁਪਿੰਦਰਜੀਤ ਸਿੰਘ ਸਮੇਤ ਹੋਰ ਪੁਲਸ ਮੁਲਾਜ਼ਮ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਨੇੜੀ ਗੇਟ ਨੇੜੇ ਸੜਕ ਹਾਦਸਾ: ਭੱਠਾ ਮਜ਼ਦੂਰ ਦੀ ਮੌਕੇ 'ਤੇ ਮੌਤ, ਟੱਕਰ ਮਾਰਨ ਵਾਲਾ ਮੋਟਰਸਾਈਕਲ ਸਵਾਰ ਫ਼ਰਾਰ
NEXT STORY