ਲੁਧਿਆਣਾ, (ਜ.ਬ.)— ਲੁਧਿਆਣਾ-ਜਲੰਧਰ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਭੱਟੀਆਂ ਦੇ ਮੈਟਰੋ ਸਟੋਰ ਦੇ ਕੋਲ ਸ਼ਨੀਵਾਰ ਨੂੰ ਟਾਇਰ ਫਟ ਜਾਣ ਕਾਰਨ ਡਿਵਾਈਡਰ ਨਾਲ ਟਕਰਾ ਕੇ ਇਕ ਕਾਰ ਪਲਟ ਗਈ। ਹਾਦਸੇ ਵਿਚ ਕਾਰ ਚਾਲਕ ਦੀ ਮੌਤ ਹੋ ਗਈ, ਜਦੋਂਕਿ ਉਸ ਦਾ ਚਚੇਰਾ ਭਰਾ ਤੇ ਇਕ ਦੋਸਤ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਭਾਰਤ ਨਗਰ ਚੌਕ ਦੇ ਨੇੜੇ ਈ.ਐੱਸ.ਆਈ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਕ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਸਹਾਇਕ ਪੁਲਸ ਕਮਿਸ਼ਨਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਦੇ ਪਿੰਡ ਚੱਕੜ ਦਾ ਬਲਵਿੰਦਰ ਸਿੰਘ ਉਮਰ 34 ਸਾਲ, ਵਿਜੇ ਕੁਮਾਰ ਉੁਮਰ 32 ਸਾਲ ਅਤੇ ਪਿੰਡ ਸਿੰਬਲ ਦਾ ਕੁਲਦੀਪ ਸਿੰਘ ਉਮਰ 30 ਸਾਲ ਦਿੱਲੀ ਤੋਂ ਕਾਰ ਵਿਚ ਆਪਣੇ ਘਰ ਜਾ ਰਹੇ ਸਨ। ਕਾਰ ਬਲਵਿੰਦਰ ਚਲਾ ਰਿਹਾ ਸੀ। ਮੈਟਰੋ ਦੇ ਕੋਲ ਕਾਰ ਦਾ ਅਗਲਾ ਟਾਇਰ ਫਟ ਗਿਆ।
ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਲਕ ਹੋਇਆ ਕਿ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਹ ਕਈ ਕਲਾਬਾਜ਼ੀਆਂ ਖਾਂਦੀ ਹੋਈ ਸੜਕ ਦੇ ਦੂਜੇ ਪਾਸੇ ਚਲੀ ਗਈ। ਬਲਵਿੰਦਰ ਮੌਕੇ 'ਤੇ ਹੀ ਦਮ ਤੋੜ ਗਿਆ, ਜਦੋਂਕਿ ਉਸ ਦੇ ਚਚੇਰੇ ਭਰਾ ਵਿਜੇ ਅਤੇ ਦੋਸਤ ਕੁਲਦੀਪ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।
ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਜੇ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਐਮਰਜੈਂਸੀ ਰੂਮ ਵਿਚ ਉਸ ਨੂੰ ਇਲਾਜ ਲਈ ਰੱਖਿਆ ਗਿਆ ਹੈ। ਕੁਲਦੀਪ ਦੇ ਮੋਢੇ ਵਿਚ ਸੱਟ ਲੱਗੀ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਸਲੇਮ ਟਾਬਰੀ ਦੇ ਸਹਾਇਕ ਉਪ ਨਿਰੀਖਕ ਸੁਰਿੰਦਰ ਨੇ ਦੱਸਿਆ ਕਿ ਵਿਜੇ ਅਤੇ ਕੁਲਦੀਪ ਦਿੱਲੀ ਦੀ ਸਬਜ਼ੀ ਮੰਡੀ ਵਿਚ ਮੁਨਸ਼ੀ ਦਾ ਕੰਮ ਕਰਦੇ ਹਨ। ਬਲਵਿੰਦਰ ਦਾ ਵੀ ਇਹੀ ਕੰਮ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ।
SSP ਮਾਨਸਾ ਦੀ ਕੋਸ਼ਿਸ਼ ਸਦਕਾ ਨਵ ਵਿਆਹੀ ਧੀ ਨੂੰ ਪਹਿਲੀ ਵਾਰ ਵਿਆਹ ਤੋਂ ਬਾਅਦ ਮਿਲੇ ਮਾਪੇ
NEXT STORY