ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਨੇੜਲੇ ਪਿੰਡ ਚੱਕੀ ਵਿਖੇ ਅੱਧੀ ਰਾਤ ਨੂੰ ਚੱਲਦੇ ਰੇਤ ਦੇ ਨਾਜਾਇਜ਼ ਟੱਕ ’ਤੇ ਛਾਪਾ ਮਾਰ ਕੇ 6 ਟਰੈਕਟਰ-ਟਰਾਲੀਆਂ ਪੁਲਸ ਦੇ ਸਪੁਰਦ ਕੀਤੀਆਂ, ਜਿਨ੍ਹਾਂ ਨੂੰ ਫਿਲਹਾਲ ਮਾਈਨਿੰਗ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਚੱਕੀ ਵਿਖੇ ਨਾਜਾਇਜ਼ ਮਾਈਨਿੰਗ ਦੀਆਂ ਉਨ੍ਹਾਂ ਕੋਲ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਸਨ। ਕਰੀਬ 11 ਵਜੇ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਨੇੜੇ ਮਜ਼ਦੂਰਾਂ ਦੀ ਮਦਦ ਨਾਲ ਰੇਤ ਦੀ ਨਾਜਾਇਜ਼ ਮਾਈਨਿੰਗ ਕਰਕੇ ਟਰੈਕਟਰ-ਟਰਾਲੀਆਂ ਭਰੀਆਂ ਜਾ ਰਹੀਆਂ ਹਨ ਤਾਂ ਉਹ ਮਾਛੀਵਾੜਾ ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੂੰ ਨਾਲ ਲੈ ਕੇ ਪੁੱਜੇ ਅਤੇ ਉਥੇ ਰੇਤ ਦਾ ਨਾਜਾਇਜ਼ ਟੱਕ ਬੰਦ ਕਰਵਾਇਆ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਉਹ ਆਪਣੇ ਇਲਾਕੇ 'ਚ ਕਿਤੇ ਵੀ ਨਾਜਾਇਜ਼ ਮਾਈਨਿੰਗ ਜਾਂ ਗਲਤ ਕਾਰੋਬਾਰ ਨਹੀਂ ਹੋਣ ਦੇਣਗੇ, ਜਿਸ ਨਾਲ ਸਰਕਾਰ ਦੀ ਸਾਖ਼ ਨੂੰ ਧੱਕਾ ਲੱਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿੱਧਰੇ ਇਲਾਕੇ ਵਿੱਚ ਕੋਈ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਜਾਂ ਪੁਲਸ ਦੇ ਧਿਆਨ 'ਚ ਲਿਆਉਣ, ਜਿਸ ’ਤੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਰਿਲਾਇੰਸ ਜੀਓ ਨੇ ਚੰਡੀਗੜ੍ਹ ਟ੍ਰਾਈਸਿਟੀ ਸਮੇਤ 11 ਸ਼ਹਿਰਾਂ 'ਚ ਕੀਤਾ 5G ਸੇਵਾਵਾਂ ਦਾ ਮੈਗਾ ਰੋਲਆਊਟ
ਪਰਚਾ ਦਰਜ ਕਰਨ ਦੀ ਬਜਾਏ ਮਾਈਨਿੰਗ ਵਿਭਾਗ ਟਰੈਕਟਰ-ਟਰਾਲੀਆਂ ਦੇ ਮਾਲਕਾਂ ਤੋਂ ਵਸੂਲੇਗਾ 1-1 ਲੱਖ ਜੁਰਮਾਨਾ
ਮਾਛੀਵਾੜਾ ਪੁਲਸ ਵੱਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਦੀਆਂ 6 ਟਰੈਕਟਰ-ਟਰਾਲੀਆਂ ਮਾਈਨਿੰਗ ਵਿਭਾਗ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਨਵੀਂ ਪਾਲਿਸੀ ਤਹਿਤ ਹੁਣ ਜੋ ਵੀ ਵਿਅਕਤੀ ਨਾਜਾਇਜ਼ ਮਾਈਨਿੰਗ ਕਰੇਗਾ, ਉਸ ਦੇ ਮਾਲਕ ’ਤੇ ਪਰਚਾ ਦਰਜ ਕਰਨ ਦੀ ਬਜਾਏ ਹੁਣ ਵਾਹਨ ਜ਼ਬਤ ਕਰ ਲਿਆ ਜਾਵੇਗਾ। ਮਾਈਨਿੰਗ ਵਿਭਾਗ ਹਰੇਕ ਟਰੈਕਟਰ-ਟਰਾਲੀ ਦੇ ਮਾਲਕ ਤੋਂ 1-1 ਲੱਖ ਰੁਪਏ ਜੁਰਮਾਨੇ ਵਜੋਂ ਵਸੂਲੇਗਾ ਤਾਂ ਹੀ ਉਸ ਦਾ ਵਾਹਨ ਵਾਪਸ ਮਿਲੇਗਾ, ਨਹੀਂ ਤਾਂ ਸਰਕਾਰੀ ਹਦਾਇਤਾਂ ਅਨੁਸਾਰ ਜੇਕਰ ਜੁਰਮਾਨਾ ਨਹੀਂ ਅਦਾ ਕਰਦਾ ਤਾਂ ਉਸ ਦਾ ਇਹ ਜ਼ਬਤ ਕੀਤਾ ਵਾਹਨ ਵੇਚ ਕੇ ਰਿਕਵਰੀ ਕੀਤੀ ਜਾਵੇਗੀ। ਜਦੋਂ ਇਸ ਸਬੰਧੀ ਐੱਸਡੀਓ ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ ਸਿਰਫ 6 ਟਰੈਕਟਰ-ਟਰਾਲੀਆਂ ਸੌਂਪੀਆਂ ਹਨ, ਜਿਨ੍ਹਾਂ ਦੇ ਮਾਲਕਾਂ ਦਾ ਸਾਡੇ ਕੋਲ ਕੋਈ ਵੇਰਵਾ ਨਹੀਂ ਹੈ। ਜਦੋਂ ਇਨ੍ਹਾਂ ਵਾਹਨਾਂ ਦੇ ਮਾਲਕ ਜੁਰਮਾਨਾ ਅਦਾ ਕਰਨ ਆਉਣਗੇ ਤਾਂ ਉਨ੍ਹਾਂ ਦੀ ਸਨਾਖ਼ਤ ਹੋ ਸਕੇਗੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੀ ਨਵੀਂ ਪਾਲਿਸੀ ਤਹਿਤ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ’ਤੇ ਪਰਚਾ ਨਹੀਂ ਸਗੋਂ ਉਨ੍ਹਾਂ ਪਾਸੋਂ ਨਿਯਮਾਂ ਅਨੁਸਾਰ ਜੁਰਮਾਨਾ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ : ਮਾਮਲਾ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ, ਪਿੰਡ ਦੇ ਇਕ ਨੌਜਵਾਨ ਦੀ ਹੋਈ ਮੌਤ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਰਿਲਾਇੰਸ ਜੀਓ ਨੇ ਚੰਡੀਗੜ੍ਹ ਟ੍ਰਾਈਸਿਟੀ ਸਮੇਤ 11 ਸ਼ਹਿਰਾਂ 'ਚ ਕੀਤਾ 5G ਸੇਵਾਵਾਂ ਦਾ ਮੈਗਾ ਰੋਲਆਊਟ
NEXT STORY