ਪਟਿਆਲਾ (ਬਲਜਿੰਦਰ)—17-18 ਮਾਰਚ ਦੀ ਦਰਮਿਆਨੀ ਰਾਤ ਨੂੰ ਘਲੋੜੀ ਗੇਟ ਪਟਿਆਲਾ ਮੜ੍ਹੀਆਂ ਵਿਖੇ ਇਕ ਚੌਕੀਦਾਰ ਦੇ ਅੰਨ੍ਹੇ ਕਤਲ ਦੇ ਕੇਸ ਨੂੰ ਸੁਲਝਾਉਂਦੇ ਹੋਏ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਇਹ ਵਾਰਦਾਤ 4 ਵਿਅਕਤੀਆਂ ਵੱਲੋਂ ਕੀਤੀ ਗਈ ਸੀ। ਇਨ੍ਹਾਂ 'ਚੋਂ 2 ਅਜੇ ਫਰਾਰ ਹਨ।
ਜਾਣਕਾਰੀ ਦਿੰਦਿਆਂ ਐੈੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਚੌਕੀਦਾਰ ਓਮ ਪ੍ਰਕਾਸ਼ ਪੁੱਤਰ ਪੂਰਨ ਚੰਦ ਵਾਸੀ ਸਨੌਰ ਪਿਛਲੇ 25 ਸਾਲਾਂ ਤੋਂ ਘਲੋੜੀ ਗੇਟ ਨੇੜੇ ਚੌਕੀਦਾਰੀ ਕਰਦਾ ਸੀ। ਉਸ ਦਾ 17-18 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ 'ਚ ਥਾਣਾ ਕੋਤਵਾਲੀ ਵਿਚ ਕਤਲ ਦਾ ਕੇਸ ਦਰਜ ਕਰ ਕੇ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਐੈੱਸ. ਪੀ. ਸਿਟੀ ਹਰਮਨਦੀਪ ਸਿੰਘ ਹਾਂਸ, ਡੀ. ਐੈੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ, ਸਪੈਸ਼ਲ ਬਰਾਂਚ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਐੈੱਸ. ਐੈੱਚ. ਓ. ਸੁਖਦੇਵ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਸੀ। ਉਕਤ ਟੀਮ ਵੱਲੋਂ ਤਕਨੀਕੀ ਤੌਰ 'ਤੇ ਜਾਂਚ ਕਰਨ ਤੋਂ ਬਾਅਦ ਇਸ ਮਾਮਲੇ ਵਿਚ 21 ਸਾਲਾਂ ਦੇ 10ਵੀਂ ਪਾਸ ਪੁਨੀਤ ਸਿੰਘ ਉਰਫ਼ ਗੁੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਮੂੰਗਫ਼ਲੀ ਫੈਕਟਰੀ ਮਥੁਰਾ ਕਾਲੋਨੀ ਤੇ 19 ਸਾਲਾ ਜਤਿੰਦਰ ਕੁਮਾਰ ਉਰਫ਼ ਗੰਜਾ ਪੁੱਤਰ ਰਮੇਸ਼ ਚੰਦ ਗੁਪਤਾ ਵਾਸੀ ਮਥੁਰਾ ਕਾਲੋਨੀ ਨੂੰ ਸਨੌਰ ਰੋਡ 'ਤੇ ਬਿਨਾਂ ਨੰਬਰ ਦੇ ਸਪਲੈਂਡਰ ਮੋਟਰਸਾਈਕਲ 'ਤੇ ਜਾਂਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ 2 ਸਾਥੀ ਪੰਜਵੀਂ ਪਾਸ ਮਨੀ (21) ਪੁੱਤਰ ਮਲਖਾਨ ਵਾਸੀ ਹੀਰਾ ਬਾਗ ਤੇ 12ਵੀਂ ਪਾਸ ਦੀਪਕ ਕੁਮਾਰ (26) ਪੁੱਤਰ ਸ਼ਿਵਦਾਨੀ ਵਾਸੀ ਕਪੂਰ ਚੌਕ ਮਥੁਰਾ ਕਾਲੋਨੀ ਪਟਿਆਲਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਐੈੱਸ. ਪੀ. ਹੁੰਦਲ ਨੇ ਦੱਸਿਆ ਕਿ ਇਹ ਚਾਰੇ ਜਣੇ ਇਕ ਗੈਂਗ ਬਣਾ ਕੇ ਵੱਡੀ ਨਦੀ ਬੰਨ੍ਹਾ, ਸਨੌਰ ਰੋਡ, ਟਰੱਕ ਯੂਨੀਅਨ, ਹੀਰਾ ਬਾਗ ਆਦਿ ਇਲਾਕਿਆਂ 'ਚ ਰਾਤ ਸਮੇਂ ਰਿਕਸ਼ਾ, ਰੇਹੜੀਆਂ ਅਤੇ ਰਾਹਗੀਰਾਂ ਕੋਲੋਂ ਪੈਸਿਆਂ ਦੀ ਲੁੱਟ-ਖੋਹ ਕਰਦੇ ਸਨ। ਇਹ ਹੁਣ ਤੱਕ 18 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ 'ਚੋਂ ਮਹਿੰਦਰਾ ਕਾਲਜ ਨੇੜਿਓਂ ਐੈੱਚ. ਪੀ. ਗੈਸ ਏਜੰਸੀ ਵਾਲੀ ਚੋਰੀ ਵੀ ਇਨ੍ਹਾਂ ਨੇ ਹੀ ਕੀਤੀ ਸੀ, ਜੋ ਹੁਣ ਹੱਲ ਹੋਈ ਹੈ। ਇਸ ਗੈਂਗ ਦੇ ਚਾਰੇ ਮੈਂਬਰ ਮੋਟਰਸਾਈਕਲ 'ਤੇ ਸਬਜ਼ੀ ਮੰਡੀ ਸਨੌਰ ਤੋਂ ਆਉਣ ਵਾਲੇ ਰਿਕਸ਼ਾ, ਰੇਹੜੀ ਵਾਲਿਆਂ ਤੋਂ ਲੁੱਟ-ਖੋਹ ਕਰਨ ਦੀ ਤਾਕ 'ਚ ਫ਼ਿਰ ਰਹੇ ਸਨ। ਇਸੇ ਦੌਰਾਨ ਇਨ੍ਹਾਂ ਨੇ ਘਲੋੜੀ ਗੇਟ ਮੜ੍ਹੀਆਂ ਵਿਖੇ ਚੌਕੀਦਾਰ ਓਮ ਪ੍ਰਕਾਸ਼ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਚੌਕੀਦਾਰ ਨੇ ਇਨ੍ਹਾਂ ਦਾ ਵਿਰੋਧ ਕੀਤਾ। ਇਸ 'ਤੇ ਇਨ੍ਹਾਂ ਨੇ ਉਸ ਉੱਪਰ ਮਾਰੂ ਹਥਿਆਰਾਂ ਤਲਵਾਰ ਤੇ ਦਾਤਰ ਆਦਿ ਨਾਲ ਵਾਰ ਕੀਤੇ, ਜਿਸ ਕਰ ਕੇ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਦੀਪਕ ਕੁਮਾਰ ਭਗੌੜਾ ਸੀ। ਜਦਕਿ ਪੁਨੀਤ ਕੁਮਾਰ ਵਿਰੁੱਧ 3 ਕੇਸ ਦਰਜ ਸਨ। ਇਹ ਰਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦੋਵਾਂ ਦਾ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਪੀ. ਹੁੰਦਲ ਨੇ ਦੱਸਿਆ ਕਿ ਪਟਿਆਲਾ ਪੁਲਸ ਪਿਛਲੇ 8 ਮਹੀਨਿਆਂ ਵਿਚ 23 ਅੰਨ੍ਹੇ ਕਤਲਾਂ ਦੇ ਮਾਮਲੇ ਹੱਲ ਕਰਨ 'ਚ ਸਫ਼ਲ ਰਹੀ ਹੈ। ਇਸ ਮੌਕੇ ਡੀ. ਐੈੱਸ. ਪੀ. ਸਿਟੀ-1 ਯੁਗੇਸ਼ ਸ਼ਰਮਾ, ਸਪੈਸ਼ਲ ਬਰਾਂਚ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਜੂਦ ਸਨ।
ਮੁਹੰਮਦ ਸਦੀਕ ਨੂੰ ਟਿਕਟ ਮਿਲਣ 'ਤੇ ਕਾਂਗਰਸੀਆਂ ਨੇ ਜਤਾਇਆ ਵਿਰੋਧ
NEXT STORY