ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਪੰਜਾਬ ਵਿਚ ਵਧਦੇ ਨਸ਼ਿਆਂ ਦੇ ਰੁਝਾਨ ਕਾਰਨ ਜਿਥੇ ਮੌਤ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਹਨ, ਉਥੇ ਹੀ ਹੁਣ ਨਸ਼ੇ ਵਿਚ ਧੁੱਤ ਪਿੰਡ ਭੱਟੀਆਂ ਦੇ ਨੌਜਵਾਨ ਵਲੋਂ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕੀਤੇ ਕਤਲ ਦਾ ਮਾਮਲਾ ਵੀ ਲੋਕਾਂ ਨੂੰ ਖੌਫ਼ਜ਼ਦਾ ਕਰ ਗਿਆ। ਪ੍ਰਗਟ ਸਿੰਘ ਨਾਂ ਦੇ ਨੌਜਵਾਨ ਨੇ ਨਸ਼ੇ ਦੀ ਹਾਲਤ ਵਿਚ ਦੀਵਾਲੀ ਵਾਲੇ ਦਿਨ ਲਾਲ ਬਾਬੂ ਭਗਤ ਨੂੰ ਤੇਜ਼ਧਾਰ ਗੰਡਾਸੇ ਨਾਲ ਅਨੇਕਾਂ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰਕੇ ਇਕ ਘਰ ਦਾ ਚਿਰਾਗ ਬੁਝਾ ਦਿੱਤਾ ਤੇ ਹੁਣ ਜਦੋਂ ਉਸਦਾ ਨਸ਼ਾ ਉਤਰਿਆ ਤਾਂ ਉਹ ਆਪ ਵੀ ਆਪਣੇ ਆਪ ਨੂੰ ਉੱਜਡ਼ਿਆ ਮਹਿਸੂਸ ਕਰ ਰਿਹਾ ਸੀ। ਪਿੰਡ ਭੱਟੀਆਂ ਦਾ ਪ੍ਰਗਟ ਸਿੰਘ, ਜਿਸ ’ਤੇ ਪਹਿਲਾਂ ਵੀ ਲਡ਼ਾਈ-ਝਗਡ਼ੇ ਤੇ ਇਕ ਚੋਰੀ ਦਾ ਮਾਮਲਾ ਦਰਜ ਹੈ ਤੇ ਉਸ ’ਚੋਂ ਉਹ ਅਦਾਲਤ ਵਲੋਂ ਬਰੀ ਵੀ ਹੋ ਚੁੱਕਾ ਹੈ, ਜਿਸ ਕਾਰਨ ਉਸਦੇ ਹੌਸਲੇ ਵਧ ਗਏ ਤੇ ਉਪਰੋਂ ਨਸ਼ਿਆਂ ਦੀ ਭੈਡ਼ੀ ਆਦਤ ਕਾਰਨ ਪਿੰਡ ਦੇ ਲੋਕ ਉਸ ਨੂੰ ਮਾਡ਼ਾ ਹੀ ਸਮਝਦੇ ਸਨ। 7 ਨਵੰਬਰ ਨੂੰ ਦੀਵਾਲੀ ਵਾਲੀ ਸ਼ਾਮ ਉਹ ਨਸ਼ੇ ਵਿਚ ਐਨਾ ਧੁੱਤ ਸੀ ਕਿ ਸੀ. ਸੀ. ਟੀ. ਵੀ. ਕੈਮਰੇ ’ਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਹੱਥ ਵਿਚ ਗੰਡਾਸਾ ਫਡ਼ ਕੇ ਬੇਖੌਫ਼ ਹੋਇਆ ਬਡ਼ੇ ਦਲੇਰਾਨਾ ਢੰਗ ਨਾਲ ਦਰਸ਼ਨ ਸਿੰਘ ਦੀ ਦੁਕਾਨ ’ਤੇ ਆਇਆ ਤੇ ਉਥੇ ਉਸਨੇ ਸਾਮਾਨ ਲੈਣ ਖਡ਼੍ਹੇ ਲਾਲ ਬਾਬੂ ਭਗਤ ’ਤੇ ਕੁਝ ਸਕਿੰਟਾਂ ਦੀ ਤਕਰਾਰਬਾਜ਼ੀ ਤੋਂ ਬਾਅਦ ਹਮਲਾ ਕਰ ਦਿੱਤਾ। ਪ੍ਰਗਟ ਸਿੰਘ ਨੇ ਨਸ਼ਾ ਇਸ ਹੱਦ ਤਕ ਕੀਤਾ ਸੀ ਕਿ ਉਹ ਲਾਲ ਬਾਬੂ ਭਗਤ ’ਤੇ ਲਗਾਤਾਰ ਵਾਰ ਕਰਦਾ ਰਿਹਾ ਤੇ ਜਦੋਂ ਉਹ ਮਰ ਵੀ ਗਿਆ ਤਾਂ ਵੀ ਉਸਨੇ ਤਿੱਖੇ ਗੰਡਾਸੇ ਨਾਲ ਉਸ ਉਪਰ ਵਾਰ ਕਰਨੇ ਬੰਦ ਨਾ ਕੀਤੇ, ਜਿਸ ਕਾਰਨ ਮ੍ਰਿਤਕ ਲਾਲ ਬਾਬੂ ਭਗਤ ਦੀ ਲਾਸ਼ ਦੇ ਚੀਥਡ਼ੇ ਉਡ ਗਏ। ਪੁਲਸ ਥਾਣੇ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪ੍ਰਗਟ ਸਿੰਘ ਦਾ ਨਸ਼ਾ ਉਤਰਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਹੱਥੋਂ ਕਤਲ ਹੋ ਗਿਆ ਪਰ ਉਦੋਂ ਤਕ ਉਹ ਜਿਥੇ ਤਿੰਨ ਮਾਸੂਮ ਬੱਚਿਆਂ ਨੂੰ ਯਤੀਮ ਕਰ ਕੇ ਇਕ ਘਰ ਉਜਾਡ਼ ਚੁੱਕਾ ਸੀ, ਉਥੇ ਹੀ ਹੁਣ ਹਵਾਲਾਤ ਦੀਆਂ ਸਲਾਖ਼ਾਂ ਪਿੱਛੇ ਪਛਤਾ ਰਿਹਾ ਸੀ ਤੇ ਪੁਲਸ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਮੁਆਫ਼ ਕਰ ਦਿਓ ਨਸ਼ੇ ਵਿਚ ਉਸ ਕੋਲੋਂ ਇਹ ਘਿਨੌਣਾ ਕਾਰਾ ਹੋ ਗਿਆ। ਪੁਲਸ ਵਲੋਂ ਅੱਜ ਕਥਿਤ ਦੋਸ਼ੀ ਪ੍ਰਗਟ ਸਿੰਘ ਨੂੰ ਅਦਾਲਤ ’ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ। ਨਸ਼ੇ ਕਾਰਨ ਬੇਰਹਿਮੀ ਨਾਲ ਹੋਏ ਇਹ ਕਤਲ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਤੇ ਇਸ ਖੌਫ਼ਨਾਕ ਮੰਜ਼ਰ ਨੂੰ ਦੇਖਣ ਵਾਲਾ ਹਰੇਕ ਵਿਅਕਤੀ ਚਿੰਤਤ ਸੀ ਕਿ ਅੱਜ ਨਸ਼ੇ ਕਰਨ ਵਾਲੇ ਨਸ਼ੇਡ਼ੀ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ, ਉਥੇ ਹੀ ਇਹ ਨਸ਼ੇ ਆਮ ਲੋਕਾਂ ਦੀ ਜ਼ਿੰਦਗੀ ਲਈ ਵੀ ਖਤਰਨਾਕ ਸਾਬਿਤ ਹੋ ਰਹੇ ਹਨ।
ਸੜਕ ਹਾਦਸੇ ’ਚ ਇਕ ਦੀ ਮੌਤ ਤੇ ਇਕ ਜ਼ਖ਼ਮੀ
NEXT STORY