ਬਾਲਿਆਂਵਾਲੀ, (ਸ਼ੇਖਰ)- ਪਿੰਡ ਝੰਡੂਕੇ ਵਿਖੇ ਬੀਤੇ ਦਿਨੀਂ ਹੋਏ ਇਕ ਵਿਅਕਤੀ ਦੇ ਕਤਲ ਦੇ ਮਾਮਲੇ ’ਚ ਬਾਲਿਆਂਵਾਲੀ ਦੀ ਪੁਲਸ ਨੇ ਕਾਮਯਾਬੀ ਹਾਸਲ ਕਰਦਿਆਂ ਮ੍ਰਿਤਕ ਦੇ ਛੋਟੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਵੀਰ ਸਿੰਘ ਐੱਸ. ਐੱਚ. ਓ. ਨੇ ਦੱਸਿਆ ਕਿ ਮਿਤੀ 5 ਅਪ੍ਰੈਲ ਨੂੰ ਉਨ੍ਹਾਂ ਨੂੰ ਪਿੰਡ ਝੰਡੂਕੇ ਦੇ ਨੇੜੇ ਖੇਤਾਂ ’ਚ ਇਕ ਲਾਸ਼ ਬਰਾਮਦ ਹੋਈ ਸੀ ਜੋ ਕਿ ਹਰਦੀਪ ਸਿੰਘ ਭਿੰਦਾ (38) ਪੁੱਤਰ ਸੌਦਾਗਰ ਸਿੰਘ ਵਾਸੀ ਝੰਡੂਕੇ ਦੀ ਸੀ।
ਲਾਸ਼ ਦੇ ਸਿਰ ਅਤੇ ਹੋਰ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ਦੇ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਕੇਸ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਹਰਦੀਪ ਸਿੰਘ ਦਾ ਕਤਲ ਉਸ ਦੇ ਛੋਟੇ ਭਰਾ ਬੇਅੰਤ ਸਿੰਘ (30) ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਦੇ ਦੱਸਣ ਮੁਤਾਬਕ ਹਰਦੀਪ ਸਿੰਘ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਇਸ ਤੋਂ ਪਹਿਲਾਂ ਹਰਦੀਪ ਸਿੰਘ ਆਪਣੇ ਇਕ ਹੋਰ ਭਰਾ ਦਾ ਕਤਲ ਵੀ ਕਰ ਚੁੱਕਾ ਸੀ, ਜਿਸ ਦੇ ਕੇਸ ਵਿਚ ਉਸ ਨੂੰ ਸਜਾ ਵੀ ਹੋ ਗਈ ਸੀ।
ਇਸ ਗੱਲ ਤੋਂ ਡਰਦਿਆਂ ਕਿ ਹਰਦੀਪ ਸਿੰਘ ਉਸ ਨੂੰ ਵੀ ਜਾਨੋਂ ਨਾ ਮਾਰ ਦੇਵੇ, ਉਸ ਨੇ 4 ਤਾਰੀਖ ਦੀ ਰਾਤ ਨੂੰ 11 ਵਜੇ ਖੇਤਾਂ ਵਾਲੇ ਰਾਹ ’ਤੇ ਹਰਦੀਪ ਸਿੰਘ ਦੇ ਸਿਰ ਵਿਚ ਲੋਹੇ ਦਾ ਟੋਕਾ ਮਾਰ ਕੇ ਕਤਲ ਕਰ ਦਿੱਤਾ। ਜਸਵੀਰ ਸਿੰਘ ਐੱਸ. ਐੱਚ. ਓ. ਨੇ ਕਿਹਾ ਕਿ ਬੇਅੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਕੋਵਿਡ 19: ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੀਤੀ ਇਹ ਵੱਡੀ ਮੰਗ
NEXT STORY