ਜਲੰਧਰ (ਪਾਹਵਾ)-‘ਅਸੀਂ ਜਦੋਂ ਵੀ ਤੁਹਾਡੇ ਸਾਹਮਣੇ ਆਏ, ਛੋਟੇ ਭਰਾ ਦੀ ਭੂਮਿਕਾ ਵਿਚ ਆਏ ਪਰ ਹੁਣ ਅਸੀਂ 2027 ਵਿਚ ਆਪਣੀ ਸਰਕਾਰ ਬਣਾਉਣ ਦੀ ਲੜਾਈ ਲੜਾਂਗੇ।’ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਹ ਸ਼ਬਦ ਮੋਗਾ ਦੀ 'ਬਦਲਾਅ ਰੈਲੀ' ਰਾਹੀਂ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਵਜੋਂ ਵੇਖੇ ਜਾ ਰਹੇ ਹਨ। ਰੈਲੀ ਵਿਚ ਜੁੜੇ ਹਜ਼ਾਰਾਂ ਸਮਰਥਕਾਂ ਦੇ ਸਾਹਮਣੇ 'ਵੱਡੇ ਭਰਾ' ਦੀ ਭੂਮਿਕਾ ਵਿਚ ਆਉਣ ਦੀ ਗੱਲ ਕਹਿ ਕੇ ਅਮਿਤ ਸ਼ਾਹ ਨੇ ਜਿੱਥੇ ਪਾਰਟੀ ਵਰਕਰਾਂ ਨੂੰ ਇਹ ਸਪੱਸ਼ਟ ਸੰਦੇਸ਼ ਦੇ ਦਿੱਤਾ ਕਿ ਹਾਈਕਮਾਂਡ ਇਕੱਲਿਆਂ ਚੋਣ ਲੜਨ ਨੂੰ ਲੈ ਕੇ ਗੰਭੀਰ ਹੈ, ਉੱਥੇ ਹੀ ਪੁਰਾਣੇ ਸਿਆਸੀ ਸਹਿਯੋਗੀਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਹੁਣ ਭਾਜਪਾ 2020 ਦੇ ਟੁੱਟੇ ਗਠਜੋੜ ਵਾਲੀ ਭਾਜਪਾ ਨਹੀਂ ਰਹੀ। ਸਿਆਸੀ ਗੱਠਜੋੜ ਹੁਣ ਪੁਰਾਣੇ ‘ਨਹੁੰ-ਮਾਸ’ ਵਰਗੇ ਰਿਸ਼ਤੇ ਦੀ ਭਾਵਨਾ ਨਾਲ ਨਹੀਂ, ਸਗੋਂ ਪੰਜਾਬ ਦੀਆਂ ਨਵੀਆਂ ਸਿਆਸੀ ਹਕੀਕਤਾਂ ਦੇ ਆਧਾਰ ’ਤੇ ਤੈਅ ਹੋਣਗੇ। ਇਸ ਦੀ ਭੂਮਿਕਾ ਮੋਗਾ ਦੀ ਇਸ ਵਿਸ਼ਾਲ ਰੈਲੀ ਨੇ ਲਿਖ ਦਿੱਤੀ ਹੈ।
ਰੈਲੀ ਵਿਚ ਭੀੜ ਨੂੰ ਲੈ ਕੇ ਕੋਈ ਗਿਣਤੀ 75,000 ਦੱਸ ਰਿਹਾ ਹੈ ਤਾਂ ਕੋਈ ਸਵਾ ਲੱਖ ਤੋਂ ਡੇਢ ਲੱਖ ਤੱਕ। ਹਾਲਾਂਕਿ ਗਿਣਤੀ ਕਿੰਨੀ ਸੀ, ਇਸ ਬਹਿਸ ਤੋਂ ਵੱਖ ਇਕ ਗੱਲ ਸਪੱਸ਼ਟ ਹੈ ਕਿ ਮੋਗਾ ਰੈਲੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਜਪਾ ਹੁਣ ਪਿਛਲੱਗੂ ਪਾਰਟੀ ਨਹੀਂ, ਸਗੋਂ ਸੂਬੇ ਦੀ ਮੋਹਰੀ ਸਿਆਸੀ ਤਾਕਤ ਬਣਨ ਦੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਉਸ ਕੋਲ ਆਪਣੇ ਦਮ ’ਤੇ 117 ਸੀਟਾਂ ’ਤੇ ਉਮੀਦਵਾਰ ਉਤਾਰਨ ਦੀ ਸਮਰੱਥਾ ਹੈ ਅਤੇ ਜ਼ਮੀਨ ’ਤੇ ਮਜ਼ਬੂਤ ਸੰਗਠਨ ਵੀ, ਜਿਸ ਦੀ ਝਲਕ ਇਸ ਰੈਲੀ ਵਿਚ ਸਾਫ਼ ਦਿਖਾਈ ਦਿੱਤੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ 3 ਸਕੂਲਾਂ ਸਣੇ ਦਿੱਲੀ ਟਰੇਨ ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮੋਗਾ ਰੈਲੀ ਨੇ ਸਪੱਸ਼ਟ ਕਰ ਦਿੱਤਾ ਕਿ ਹੁਣ ਭਾਜਪਾ 23 ਸੀਟਾਂ ’ਤੇ ਚੋਣ ਲੜਨ ਵਾਲੀ ਅਤੇ ਸਿਰਫ਼ ਸ਼ਹਿਰੀ ਹਿੰਦੂ ਪ੍ਰਭਾਵ ਵਾਲੀ ਪਾਰਟੀ ਤੱਕ ਸੀਮਤ ਨਹੀਂ ਰਹੀ, ਸਗੋਂ ਪੂਰੇ ਪੰਜਾਬ ਦੀ ਪਾਰਟੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿਚ ਹਰ ਵਰਗ ਦੇ ਲੋਕ ਸ਼ਾਮਲ ਹਨ। ਉਸ ਦਾ ਆਧਾਰ ਹੁਣ ਪਿੰਡਾਂ ਤੱਕ ਫੈਲ ਚੁੱਕਾ ਹੈ। ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਪਿੰਡਾਂ ਵਿਚ ਭਾਜਪਾ ਆਗੂਆਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ ਸੀ, ਉੱਥੋਂ ਹੀ ਮੋਗਾ ਰੈਲੀ ਲਈ ਬੱਸਾਂ ਭਰ ਕੇ ਲੋਕ ਪਹੁੰਚੇ। ਇਸ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਿਸਾਨਾਂ ਨਾਲ ਭਾਜਪਾ ਦੇ ਰਿਸ਼ਤੇ ਕੁਝ ਹੱਦ ਤੱਕ ਸਹਿਜ ਹੋ ਰਹੇ ਹਨ ਅਤੇ ਜ਼ਮੀਨ ’ਤੇ ਪਾਰਟੀ ਦਾ ਸੰਗਠਨਾਤਮਕ ਢਾਂਚਾ ਮਜ਼ਬੂਤ ਹੋਇਆ ਹੈ।
ਇਸ ਸਥਿਤੀ ਨੂੰ ਪੇਸ਼ ਕਰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਰੈਲੀ ਦੌਰਾਨ ਕਹੇ ਸ਼ਬਦ ਵੀ ਜ਼ਿਕਰਯੋਗ ਹਨ। ਜਾਖੜ ਨੇ ਕਿਹਾ ,‘ਜਦੋਂ ਮਾਘੀ ਮੇਲੇ ਵਿਚ ਭਾਜਪਾ ਨੇ ਇਕੱਲਿਆਂ ਸਿਆਸੀ ਕਾਨਫਰੰਸ ਕੀਤੀ ਸੀ, ਉਦੋਂ ਮੈਂ ਕਿਹਾ ਸੀ ਕਿ ਅਸੀਂ ਇਕੱਲੇ ਹੀ ਸਟੇਜ ਗੱਡਾਂਗੇ। ਕਿਲੀ ਚਾਹਲਾਂ ਦਾ ਇਹ ਜਨਸਮੂਹ ਦੱਸ ਰਿਹਾ ਹੈ ਕਿ ਭਾਜਪਾ ਨੇ ਉਹ ਸਟੇਜ ਗੱਡ ਦਿੱਤੀ ਹੈ। ਹੁਣ ਦੇਖਦੇ ਹਾਂ ਕਿ ਇਸ ਨੂੰ ਕੌਣ ਉਖਾੜਦਾ ਹੈ।’
ਇਹ ਵੀ ਪੜ੍ਹੋ: ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ ਗੈਂਗਸਟਰ ਖ਼ਤਮ ਕਰਨੇ ਪੈਣਗੇ : ਸੁਖਬੀਰ ਬਾਦਲ

ਇਸੇ ਤਰ੍ਹਾਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬੀਆਂ ਦੇ ਦਰਦ ’ਤੇ ਮਲ੍ਹਮ ਲਾਉਂਦਿਆਂ ਕਿਹਾ ਕਿ ਪੰਜਾਬ ਨੂੰ ਗੈਂਗਸਟਰਵਾਦ ਅਤੇ ਨਸ਼ਿਆਂ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਸਿਰਫ ਭਾਜਪਾ ਹੀ ਦਿਵਾ ਸਕਦੀ ਹੈ। ਸੁਨੀਲ ਜਾਖੜ ਵਾਂਗ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਸ਼ਬਦ ਵੀ ਭਾਜਪਾ ਦੇ ਵਿਸਥਾਰ ਵੱਲ ਸੰਕੇਤ ਕਰਦੇ ਹਨ। ਉਨ੍ਹਾਂ ਕਿਹਾ, ‘ਅੱਜ ਦੀ ਰੈਲੀ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਪੂਰਾ ਪੰਜਾਬ ਅਮਿਤ ਸ਼ਾਹ ਨੂੰ ਦੇਖਣ ਆ ਗਿਆ ਹੋਵੇ। ਇਸ ਰੈਲੀ ਨੂੰ ਦੇਖ ਕੇ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਪੰਜਾਬ ਕਿਸ ਦੇ ਨਾਲ ਹੈ।’
ਮੋਗਾ ਦੀ ਇਸ ਰੈਲੀ ਦਾ ਦਿਨ 14 ਮਾਰਚ ਸੀ, ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਲ ਦਾ ਪਹਿਲਾ ਦਿਨ ਵੀ ਸੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਵਰ੍ਹੇ ਦੀ ਵਧਾਈ ਦੇ ਕੇ ਅਮਿਤ ਸ਼ਾਹ ਨੇ ਭਾਜਪਾ ਦੇ ਪੰਥਕ ਝੁਕਾਅ ਵੱਲ ਵੀ ਸੰਕੇਤ ਦਿੱਤਾ ਅਤੇ ਨਾਲ ਹੀ ਸਰਕਾਰ ਬਣਨ ’ਤੇ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਲਿਆਉਣ ਦਾ ਵਾਅਦਾ ਕਰਕੇ ਇਕ ਨਵਾਂ ਪੰਥਕ ਏਜੰਡਾ ਵੀ ਸਾਹਮਣੇ ਰੱਖਿਆ।
ਭਾਜਪਾ ਨੇ ਮਾਲਵਾ ਵਿਚ ਪਕੜ ਮਜ਼ਬੂਤ ਕਰਨ ਦੀ ਰਣਨੀਤੀ ਕੀਤੀ ਸਪੱਸ਼ਟ
ਰੈਲੀ ਦੌਰਾਨ ਆਪਣੇ ਭਾਸ਼ਣ ਵਿਚ ਅਮਿਤ ਸ਼ਾਹ ਨੇ ਸਿੱਖ ਗੁਰੂ ਸਾਹਿਬਾਨ ਦਾ ਕਈ ਵਾਰ ਜ਼ਿਕਰ ਕੀਤਾ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੀ ਯਾਤਰਾ ਦੌਰਾਨ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਣ ਦੇ ਫੈਸਲੇ ਨੂੰ ਵੀ ਵਿਸ਼ੇਸ਼ ਤੌਰ ’ਤੇ ਰੇਖਾਂਕਿਤ ਕੀਤਾ। ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਅਤੇ ਗੁਰੂ ਰਵਿਦਾਸ ਜੀ ਦਾ ਵੀ ਜ਼ਿਕਰ ਕੀਤਾ। ਇਸ ਨੂੰ ਭਾਜਪਾ ਵੱਲੋਂ ਰਵਾਇਤੀ ਉੱਚੀਆਂ ਜਾਤੀਆਂ ਦੀਆਂ ਹੱਦਾਂ ਤੋਂ ਅੱਗੇ ਵਧ ਕੇ ਦਲਿਤ ਭਾਈਚਾਰੇ ਵਿਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਹੀ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਜਪਾ ਨੇ ਮੋਗਾ ਰੈਲੀ ਰਾਹੀਂ ਜਿੱਥੇ ਖ਼ੁਦ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੱਗੂ ਪਾਰਟੀ ਦੇ ਅਕਸ ਤੋਂ ਬਾਹਰ ਕੱਢ ਕੇ ਮੋਹਰੀ ਭੂਮਿਕਾ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਪੰਥਕ ਅਤੇ ਦਲਿਤ ਮੁੱਦਿਆਂ ਨੂੰ ਪ੍ਰਮੁੱਖਤਾ ਦੇ ਕੇ ਪਾਰਟੀ ਦਾ ਨਵਾਂ ਸਿਆਸੀ ਸਰੂਪ ਵੀ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਦੋਆਬਾ ਅਤੇ ਮਾਝਾ ਦੇ ਸੀਮਤ ਦਾਇਰੇ ਤੋਂ ਬਾਹਰ ਨਿਕਲ ਕੇ ਮਾਲਵਾ ਵਿਚ ਆਪਣੀ ਪਕੜ ਮਜ਼ਬੂਤ ਕਰਨ ਦੀ ਰਣਨੀਤੀ ਵੀ ਸਪੱਸ਼ਟ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬੱਚਿਆਂ ਨੂੰ ਜ਼ਰੂਰ ਵਿਖਾਓ ਇਹ Funny ਵੀਡੀਓ, ਆਸਾਨੀ ਨਾਲ ਯਾਦ ਹੋਣਗੇ ਹਫ਼ਤੇ ਦੇ ਦਿਨਾਂ ਦੇ ਨਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੁਧਿਆਣਾ 'ਚ SBI ਬੈਂਕ ਦਾ ATM ਲੁੱਟਣ ਦੀ ਕੋਸ਼ਿਸ਼
NEXT STORY