ਜਲਾਲਾਬਾਦ, (ਗੁਲਸ਼ਨ)– ਗੁਰੂਆਂ ਅਤੇ ਪੀਰਾਂ ਦੀ ਚਰਨਛੋਹ ਪ੍ਰਾਪਤ ਪੰਜਾਬ ਭਵਿੱਖ ’ਚ ਬਡ਼ੇ ਡੂੰਘੇ ਸੰਕਟ ਦੇ ਦੌਰ ਵਿਚ ਲੰਘਣ ਵਾਲਾ ਹੈ। ਵੋਟ ਬੈਂਕ ਦੀ ਸਿਆਸਤ ਖਾਤਰ ਸਮੇਂ-ਸਮੇਂ ’ਤੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬਿਜਲੀ ਦੀ ਸਹੂਲਤ ਕਾਰਨ ਸੂਬੇ ਦਾ ਵਜੂਦ ਖਤਰੇ ’ਚ ਪੈ ਸਕਦਾ ਹੈ ਪਰ ਦੁੱਖਦਾਈ ਗੱਲ ਇਹ ਹੈ ਕਿ ਸਰਕਾਰ ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਫਿਕਰਮੰਦ ਵਿਖਾਈ ਨਹੀਂ ਦਿੰਦੀ ਹੈ। ਮੁਫਤ ਬਿਜਲੀ ਸਹੂਲਤ ਅਤੇ ਝੋਨੇ ਦੀ ਖੇਤੀ ’ਚ ਵੱਡੇ ਪੱਧਰ ’ਤੇ ਜ਼ਮੀਨੀ ਪੱਧਰ ਦੀ ਵਰਤੋਂ ਇਸ ਦਾ ਮੁੱਖ ਕਾਰਨ ਹੈ। ਸੂਬੇ ’ਚ ਟਿਊਬਵੈੱਲਾਂ ਦੀ ਵਧਦੀ ਗਿਣਤੀ ਕਾਰਨ ਖੇਤੀ ਪ੍ਰਧਾਨ ਸੂਬਾ ਡਾਰਕ ਜ਼ੋਨ ’ਚ ਚਲਾ ਗਿਆ ਹੈ। ਸੂਬੇ ’ਚ 73 ਫੀਸਦੀ ਸਿੰਚਾਈ ਵਿਵਸਥਾ ਟਿਊਬਵੈੱਲਾਂ ’ਤੇ ਹੀ ਨਿਰਭਰ ਹੈ ਅਤੇ ਸੂਬੇ ’ਚ 14 ਲੱਖ ਟਿਊਬਵੈੱਲ ਧਰਤੀ ਹੇਠਲਾ ਪਾਣੀ ਖਿੱਚ ਰਹੇ ਹਨ। ਪਾਣੀ ਮਾਹਿਰਾਂ ਦੀ ਮੰਨੀਏ ਤਾਂ ਜੇਕਰ ਇਹੀ ਹਾਲ ਰਿਹਾ ਤਾਂ ਅਗਲੇ 20 ਸਾਲਾਂ ਦੌਰਾਨ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋਣਗੇ। ਸੈਂਟਰਲ ਗਰਾਊਂਡ ਵਾਟਰ ਰਿਪੋਰਟ ਅਨੁਸਾਰ ਸੂਬੇ ਦੇ 147 ’ਚੋਂ 112 ਬਲਾਕ ਪਾਣੀ ਦੀ ਜ਼ਿਆਦਾ ਖਪਤ ਕਾਰਨ ਡੀਪ ਡਾਰਕ ਜ਼ੋਨ ’ਚ ਚਲੇ ਗਏ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ 300 ਫੁੱਟ ਅਤੇ ਪੀਣ ਵਾਲੇ ਪਾਣੀ ਦਾ ਪੱਧਰ 500 ਫੁੱਟ ਤੱਕ ਡੂੰਘਾ ਚਲਾ ਗਿਆ ਹੈ।
ਪਾਣੀ ਦੀ ਇਸ ਸਮੱਸਿਆ ਨੂੰ ਵੇਖਦੇ ਹੋਏ ਮਾਹਿਰਾਂ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਸਾਲ 2025 ਤੱਕ ਵਿਸ਼ਵ ਦੀ ਅੱਧੀ ਆਬਾਦੀ ਨੂੰ ਭਿਆਨਕ ਪਾਣੀ ਦੀ ਕਿੱਲਤ ਦੀ ਮਾਰ ਝੱਲਣੀ ਪੈ ਸਕਦੀ ਹੈ। ਧਰਤੀ ਹੇਠਲੇ ਪਾਣੀ ਦੀ ਵਰਤੋਂਂ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਭ ਤੋਂ ਅੱਗੇ ਹਨ। ਤਿੰਨਾਂ ਸੂਬਿਆਂ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ 75 ਫੀਸਦੀ ਤੱਕ ਥੱਲੇ ਚਲਾ ਗਿਆ ਹੈ। ਦੇਸ਼ ਦੇ ਹੋਰਨਾਂ ਸੂਬਿਆਂ ਦੇ ਹਾਲਾਤ ਵੀ ਵਧੀਆ ਨਹੀਂ ਹੈ। ਮੁਫਤ ਬਿਜਲੀ ਦੀ ਸਹੂਲਤ ਕਾਰਨ ਕਿਸਾਨਾਂ ਨੂੰ ਟਿਊਬਵੈੱਲ ਲਾਉਣਾ ਜ਼ਿਆਦਾ ਸੌਖਾ ਲੱਗਦਾ ਹੈ।
ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਹਾਲਾਤ ਚਿੰਤਾਜਨਕ
ਜਿਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ, ਉਸ ਨੂੰ ਵੇਖਦੇ ਹੋਏ ਭਵਿੱਖ ’ਚ ਪੰਜਾਬ ’ਚ ਪਾਣੀ ਦੀ ਗੰਭੀਰ ਕਿੱਲਤ ਪੈਦਾ ਹੋ ਸਕਦੀ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਾਰਨ 41 ਲੱਖ ਖੇਤੀ ਹੈਕਟੇਅਰ ’ਚੋਂ 30 ਲੱਖ ਹੈਕਟੇਅਰ ਵਾਹੀਯੋਗ ਜ਼ਮੀਨ ਸਿੰਚਾਈ ਲਈ ਟਿਊਬਵੈੱਲ ’ਤੇ ਨਿਰਭਰ ਹੈ। ਮਾਹਿਰਾਂ ਦੀ ਮੰਨੀਏ ਤਾਂ ਅਗਲੇ ਦੋ ਦਹਾਕਿਆਂ ਦੌਰਾਨ ਹਾਲਾਤ ਕਾਫੀ ਖਰਾਬ ਹੋਣਗੇ। ਸੂਬੇ ’ਚ ਧਰਤੀ ਹੇਠਲੇ ਪਾਣੀ ਦਾ 78 ਫੀਸਦੀ ਹਿੱਸਾ ਸਿੰਚਾਈ ਲਈ ਵਰਤੋਂ ’ਚ ਆਉਂਦਾ ਹੈ। ਸੂਬੇ ’ਚ ਟਿਊਬਵੈੱਲਾਂ ਦੀ ਗਿਣਤੀ 14 ਲੱਖ ਹੈ, ਜਦਕਿ 48 ਹਜ਼ਾਰ ਨਵੇਂ ਟਿਊਬਵੈੱਲ ਕੁਨੈਕਸ਼ਨ ਲੈਣ ਲਈ ਅਰਜ਼ੀਆਂ ਵਿਭਾਗ ਕੋਲ ਸੁਣਵਾਈ ਲਈ ਬਕਾਇਆ ਪਈਆਂ ਹਨ। ਇਨ੍ਹਾਂ ’ਚੋਂ 1.5 ਲੱਖ ਟਿਊਬਵੈੱਲ ਡੀਜ਼ਲ ਵਾਲੇ ਹਨ, ਜਦਕਿ 2 ਲੱਖ ਟਿਊਬਵੈੱਲ ਸ਼ਹਿਰਾਂ ਨੂੰ ਪਾਣੀ ਦੀ ਸਪਲਾਈ ਕਰ ਰਹੇ ਹਨ। ਜੇਕਰ ਪਾਣੀ ਦੀ ਬਰਬਾਦੀ ਨਾ ਰੋਕੀ ਗਈ ਤਾਂ ਅਗਲੇ 20 ਸਾਲਾਂ ’ਚ ਪੰਜਾਬ ਰੇਗਿਸਤਾਨ ਬਣ ਜਾਵੇਗਾ। ਸਾਲ 2000 ਤੋਂ ਹਰੇਕ ਸਾਲ ਧਰਤੀ ਹੇਠਲੇ ਪਾਣੀ ਦਾ ਪੱਧਰ 3 ਫੁੱਟ ਥੱਲੇ ਡਿੱਗ ਰਿਹਾ ਹੈ।
ਝੋਨੇ ਦੀ ਬੀਜਾਈ ’ਚ ਖਰਚ ਹੁੰਦੈ ਇੰਨਾ ਪਾਣੀ
ਖੇਤੀਬਾਡ਼ੀ ਮਾਹਿਰਾਂ ਅਨੁਸਾਰ 1 ਕਿਲੋ ਝੋਨੇ ਦੀ ਬੀਜਾਈ ਲਈ 10 ਲਿਟਰ ਪਾਣੀ ਖਰਚ ਹੁੰਦਾ ਹੈ। ਮਤਲਬ ਜੇਕਰ ਲੱਖਾਂ ਮੀਟਰ ਝੋਨਾ ਲਾਇਆ ਤਾਂ ਕਈ ਕਰੋਡ਼ ਲਿਟਰ ਪਾਣੀ ਖਰਚ ਹੋ ਜਾਂਦਾ ਹੈ। ਪੰਜਾਬ ’ਚ ਡਿੱਗ ਰਹੇ ਪਾਣੀ ਦੇ ਪੱਧਰ ਲਈ ਚੌਲਾਂ ਦੀ ਖੇਤੀ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। 1980 ਦੇ ਦਹਾਕੇ ’ਚ ਪੰਜਾਬ ’ਚ ਚੌਲਾਂ ਦੀ ਖੇਤੀ 18 ਫੀਸਦੀ ਰਕਬੇ ’ਚ ਹੁੰਦੀ ਸੀ। ਸਾਲ 2012-13 ’ਚ ਸੂਬੇ ’ਚ ਚੌਲਾਂ ਦੀ ਖੇਤੀ ਦਾ ਰਕਬਾ ਵੱਧ ਕੇ 36 ਫੀਸਦੀ ਹੋ ਗਿਆ। ਚੌਲਾਂ ਦੀ ਖੇਤੀ ’ਚ ਗੰਨੇ ਦੇ ਮੁਕਾਬਲੇ 45 ਫੀਸਦੀ ਅਤੇ ਮੱਕੀ ਦੀ ਫਸਲ ਦੇ ਮੁਕਾਬਲੇ 88 ਫੀਸਦੀ ਤੱਕ ਜ਼ਿਆਦਾ ਪਾਣੀ ਦੀ ਖਪਤ ਹੁੰਦੀ ਹੈ। ਸੂਬੇ ’ਚ ਸਮੇਂ-ਸਮੇਂ ’ਤੇ ਸੱਤਾ ਸੁੱਖ ਦਾ ਅਾਨੰਦ ਮਾਣਨ ਵਾਲੀਆਂ ਸਰਕਾਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਖੇਤੀ ਤੋਂ ਪ੍ਰਹੇਜ਼ ਕਰ ਕੇ ਖੇਤੀ ਵਿਭਿੰਨਤਾ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਬੂਰ ਨਹੀਂ ਪੈ ਸਕਿਆ।
ਪਾਣੀ ਦੀ ਵਰਤੋਂ ’ਚ ਸੰਗਰੂਰ ਸਭ ਤੋਂ ਅੱਗੇ
ਸੈਂਟਰਲ ਵਾਟਰ ਬੋਰਡ ਦੀ ਰਿਪੋਰਟ ਅਨੁਸਾਰ ਜ਼ਮੀਨ ’ਚੋਂ ਪਾਣੀ ਕੱਢਣ ਦੇ ਮਾਮਲੇ ’ਚ ਸੰਗਰੂਰ ਜ਼ਿਲਾ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਜਲੰਧਰ, ਮੋਗਾ, ਕਪੂਰਥਲਾ, ਬਰਨਾਲਾ, ਫਤਿਹਗਡ਼੍ਹ ਸਾਹਿਬ ਅਤੇ ਲੁਧਿਆਣਾ ਜ਼ਿਲੇ ਦਾ ਨੰਬਰ ਆਉਂਦਾ ਹੈ। ਇਹ ਸਾਰੇ ਜ਼ਿਲੇ ਜ਼ਮੀਨ ਦੇ ਵਾਧੂ ਪਾਣੀ ਦੀ ਵਰਤੋਂ ਕਰਦੇ ਹਨ, ਜਦਕਿ ਜ਼ਮੀਨ ’ਚੋਂ ਪਾਣੀ ਕੱਢਣ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਸਭ ਤੋਂ ਅੱਗੇ ਹੈ। ਦੂਜੇ ਪਾਸੇ ਸਾਡੇ ਦੇਸ਼ ਦੇ ਮੁਕਾਬਲੇ ਗੁਆਂਢੀ ਮੁਲਕ ਪਾਕਿਸਤਾਨ ਚੌਥਾ ਹਿੱਸਾ ਹੀ ਪਾਣੀ ਜ਼ਮੀਨ ’ਚੋਂ ਕੱਢਦਾ ਹੈ। ਵਿਭਾਗ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਪਾਣੀ ਦੀ ਦੁਰਵਰਤੋਂ ਰੋਕਣ ਲਈ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ 2025 ਤੱਕ 15 ਫੀਸਦੀ ਸਿੰਚਾਈ ਦਾ ਖੇਤਰ ਘੱਟ ਹੋ ਸਕਦਾ ਹੈ। ਵਿਸ਼ਵ ਬੈਂਕ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਮੌਜੂਦਾ ਟਰੈਂਡ ਨੂੰ ਬਣਾਈ ਰੱਖਿਆ ਤਾਂ ਅਗਲੇ 20 ਸਾਲਾਂ ਤੱਕ ਖੇਤੀ ਯੋਗ ਜ਼ਮੀਨ ਦਾ 60 ਫੀਸਦੀ ਇਲਾਕਾ ਬੰਜਰ ਹੋ ਜਾਵੇਗਾ।
ਇਥੇ ਵਧਿਆ ਹੈ ਪਾਣੀ ਦਾ ਪੱਧਰ
ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜ਼ਿਲਿਆਂ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਸੁਧਾਰ ਹੋਇਆ ਹੈ। ਖਾਰਾ ਪਾਣੀ ਹੋਣ ਕਾਰਨ ਲੋਕ ਇਥੇ ਜ਼ਮੀਨੀ ਪਾਣੀ ਦੀ ਵਰਤੋਂ ਕਰਨ ਤੋਂ ਬਚ ਰਹੇ ਹਨ, ਜਿਸ ਕਾਰਨ ਇਨ੍ਹਾਂ ਇਲਾਕਿਆਂ ਵਿਚ ਪਾਣੀ ਦੇ ਪੱਧਰ ’ਚ ਸੁਧਾਰ ਹੋਇਆ ਹੈ।
ਪਾਣੀ ਦੇ ਪੱਧਰ ਸਬੰਧੀ ਪੰਜਾਬ ਦੇ ਬਲਾਕਾਂ ਦੀ ਸਥਿਤੀ
>> 105 ਬਲਾਕਾਂ ’ਚ ਲੋਡ਼ ਤੋਂ ਜ਼ਿਆਦਾ ਪਾਣੀ ਦੀ ਨਿਕਾਸੀ
>> 4 ਅਤਿ ਸੰਵੇਦਨਸ਼ੀਲ ਬਲਾਕ
>> 3 ਸੰਵੇਦਨਸ਼ੀਲ ਬਲਾਕ
>> 26 ਸੁਰੱਖਿਅਤ ਬਲਾਕ ਕਿਉਂਕਿ ਇਨ੍ਹਾਂ ਦਾ ਜ਼ਮੀਨੀ ਪਾਣੀ ਬਹੁਤ ਜ਼ਿਆਦਾ ਖਰਾਬ ਹੈ
ਪਾਣੀ ਦੀ ਬੱਚਤ ਲਈ ਇਹ ਤਰੀਕਾ ਅਪਣਾਓ
>> ਪਾਣੀ ਦੀ ਬਰਬਾਦੀ ਨੂੰ ਰੋਕੋ।
>> ਸਬਜ਼ੀਆਂ ਅਤੇ ਫਲਾਂ ਨੂੰ ਧੋਣ ਲਈ ਵਰਤੋਂ ’ਚ ਲਿਆਂਦੇ ਪਾਣੀ ਨੂੰ ਫੁੱਲਾਂ ਅਤੇ ਸਜਾਵਟੀ ਪੌਦਿਆਂ ਨੂੰ ਸਿੰਜਣ ’ਚ ਵਰਤੋਂ ਕਰੋ।
>> ਨਹਾਉਣ ਅਤੇ ਬਰੱਸ਼ ਕਰਨ ਲਈ ਫਾਲਤੂ ਪਾਣੀ ਨਾ ਵਹਾਓ।
>> ਬੂਟੇ ਲਾਓ ਇਹ ਮੀਂਹ ਲਈ ਮਦਦਗਾਰ ਹੁੰਦੇ ਹਨ। ਮੀਂਹ ਪਵੇਗਾ ਤਾਂ ਨਦੀਆਂ, ਨਾਲੇ ਭਰ ਜਾਣਗੇ।
>> ਬਗੀਚੇ ਨੂੰ ਸਵੇਰੇ-ਸ਼ਾਮ ਪਾਣੀ ਦਿਓ, ਦੁਪਹਿਰ ਨੂੰ ਇਹ ਅਜਾਈ ਹੈ ਕਿਉਂਕਿ ਭਾਫ ਬਣ ਕੇ ਉੱਡ ਜਾਂਦਾ ਹੈ।
ਗੰਦਗੀ ਦੇ ਢੇਰਾਂ ’ਚ ਤਬਦੀਲ ਹੋਇਆ ਸੁੱਕਿਆ ਸਤਲੁਜ ਦਰਿਆ
NEXT STORY