ਪਟਿਆਲਾ, ਬਾਰਨ (ਇੰਦਰ)—ਕਿਸੇ ਵੀ ਲੋਕਤੰਤਰ ਪ੍ਰਣਾਲੀ ਵਾਲੇ ਦੇਸ਼ ਵਿਚ ਪੰਚਾਇਤੀ ਰਾਜ ਲੋਕਤੰਤਰ ਦੀ ਪਹਿਲੀ ਪੌੜੀ ਹੁੰਦਾ ਹੈ। ਪੰਚਾਇਤੀ ਚੋਣ ਨੂੰ ਅੰਤਿਮ ਮੰਨਿਆਂ ਜਾਂਦਾ ਹੈ। ਸਰਪੰਚ-ਪੰਚ ਦੀ ਚੋਣ ਲੜਨ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਹਨ, ਚਾਹੇ ਉਹ ਕਾਨੂੰਨ ਦੇ ਉਲਟ ਹੀ ਕਿਉਂ ਨਾ ਚੱਲਣ, ਪੈਸਾ, ਨਸ਼ਾ ਇਨ੍ਹਾਂ ਵੋਟਾਂ ਵਿਚ ਵੋਟਰਾਂ ਨੂੰ ਭਰਮਾਉਣ ਲਈ ਅਹਿਮ ਕੜੀ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਆਪਸੀ ਧੜੇਬਾਜੀਆਂ ਵਿਚ ਇਕ ਦੂਜੇ ਪ੍ਰਤੀ ਭਾਈਚਾਰਕ ਸਾਂਝ ਨੂੰ ਖਤਮ ਕਰ ਦਿੰਦੀਆਂ ਹਨ। ਭਾਵੇਂ ਕਿ ਕੁੱਝ ਸੂਝਵਾਨ ਪਿੰਡ ਵਾਸੀ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਚੋਣਾ ਨਾ ਕਰਵਾ ਕੇ ਸਰਬ ਸੰਮਤੀ ਨੂੰ ਪਹਿਲ ਦਿੰਦੇ ਹਨ। ਇਸ ਵਾਰ ਪੰਚਾਇਤੀ ਚੋਣਾਂ ਵਿਚ ਕੁੱਝ ਵੱਖਰਾ ਹੀ ਵੇਖਣ ਨੂੰ ਮਿਲ ਰਿਹਾ, ਜਿਥੇ ਪਹਿਲਾਂ ਕਾਂਗਰਸ ਤੇ ਅਕਾਲੀਆਂ ਵਿਚ ਚੋਣਾਂ ਨੂੰ ਲੈ ਕੇ ਟੱਕਰ ਹੁੰਦੀ ਸੀ ਪਰ ਇਸ ਵਾਰ ਜ਼ਿਆਦਾਤਰ ਕਾਂਗਰਸੀਆਂ ਵਿਚ ਆਹਮੋ ਸਾਹਮਣੇ ਕਾਂਟੇ ਦੀ ਟੱਕਰ ਹੋਣ ਦੇ ਜ਼ਿਆਦਾ ਆਸਾਰ ਨਜ਼ਰ ਆ ਰਹੇ ਹਨ। ਪਿੰਡ ਵਿਚ ਕਾਂਗਰਸ ਦੇ ਦੋ ਧੜੇ ਉਭਰ ਕੇ ਸਾਹਮਣੇ ਆ ਰਹੇ ਹਨ। ਇਕ ਟਕਸਾਲੀ ਕਾਂਗਰਸੀ ਤੇ ਦੂਜੇ ਨਵੇਂ ਪਰ ਜਨ੍ਹਾਂ ਨੇ ਕਾਂਗਰਸ ਸਰਕਾਰ ਬਣਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਇਨ੍ਹਾਂ ਧੜਿਆਂ ਦੀ ਆਪਸੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਪਾਰਟੀ ਆਗੂ ਵੀ ਅਸਮਰਥ ਦਿਖਾਈ ਦੇ ਰਹੇ ਹਨ। ਉਹ ਦੋਵੇਂ ਧੜਿਆਂ ਦੇ ਪੱਲੇ ਵਿਚ ਗੇਂਦ ਸੁੱਟ ਰਹੇ ਹਨ ਪਰ ਪਾਰਟੀ ਖਿਲਾਫ਼ ਚਲ ਰਹੀਆਂ ਗਤੀਵਿਧੀਆਂ ਨੂੰ ਵਿਰੋਧੀ ਧਿਰ ਦੇਖ-ਦੇਖ ਅੰਦਰੋਂ ਅੰਦਰੀ ਖੁਸ਼ ਨਜ਼ਰ ਆ ਰਹੇ ਹਨ।
ਨਾਮਜ਼ਦਗੀਆਂ ਰੱਦ ਹੋਣ ਦੇ ਖਦਸੇ ਤੋਂ ਘਬਰਾਏ ਉਮੀਦਵਾਰ
ਦੇਰ ਰਾਤ ਤੱਕ ਲਗਾਉਂਦੇ ਰਹੇ ਦਫ਼ਤਰਾਂ ਦੇ ਚੱਕਰ :
ਪੰਚਾਇਤੀ ਚੋਣਾਂ ਦੇ ਚਲਦਿਆਂ ਪਹਿਲਾਂ ਤਾਂ ਉਮੀਦਵਾਰਾਂ ਨੂੰ ਐਨ. ਓ. ਸੀ. ਅਤੇ ਹੋਰ ਲੋੜੀਂਦੇ ਦਸਤਾਵੇਜ਼ ਨਾ ਮਿਲਣ ਕਾਰਨ ਉਮੀਦਵਾਰਾਂ ਵਿਚ ਬੇਭਰੋਸਗੀ ਦਾ ਆਲਮ ਰਿਹਾ। ਹੁਣ ਜਦੋਂ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਲੰਘ ਚੁੱਕੀ ਹੈ ਤਾਂ ਜਨ੍ਹਾਂ ਉਮੀਦਵਾਰਾ ਨੇ ਨਾਮਜ਼ਦਗੀਆਂ ਭਰੀਆਂ ਸਨ ਨੂੰ ਵੀ ਆਪਣੀਆਂ ਨਾਮਜ਼ਦਗੀਆਂ ਰੱਦ ਹੋਣ ਦਾ ਖਦਸਾ ਸਤਾ ਰਿਹਾ ਸੀ।
ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚ ਅਕਾਲੀ ਉਮੀਦਵਾਰਾਂ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਵੀ ਇਨ੍ਹਾਂ ਵਿਚ ਸ਼ਾਮਲ ਹਨ ਕਿਉਂਕਿ ਹਲਕੇ ਦੇ ਬਹੁਤ ਸਾਰੇ ਪਿੰਡਾਂ ਵਿਚ ਕਾਂਗਰਸੀਆਂ ਦੇ ਵੀ ਦੋ-ਦੋ ਧੜੇ ਬਣ ਚੁੱਕੇ ਹਨ। ਇਨ੍ਹਾਂ ਦੀ ਧੜੇਬੰਦੀ ਖਤਮ ਕਰਵਾਉਣ ਤੋਂ ਵਿਧਾਇਕ ਵੀ ਹੱਥ ਖੜ੍ਹੇ ਕਰ ਚੁੱਕੇ ਹਨ। ਹੁਣ ਕਾਂਗਰਸੀਆਂ ਨੂੰ ਵੀ ਆਪਣੀ ਨਾਮਜ਼ਦਗੀਆਂ ਰੱਦ ਹੋਣੀਆਂ ਦਿਖ ਰਹੀਆਂ ਸਨ। ਪ੍ਰਸ਼ਾਸਨ ਵਲੋਂ ਨਾਮਜ਼ਦਗੀਆਂ ਦੀ ਦੇਰ ਰਾਤ ਲਿਸਟ ਜਾਰੀ ਨਾ ਕੀਤੇ ਜਾਣ ਕਾਰਨ ਉਮੀਦਵਾਰ ਦੇਰ ਰਾਤ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਚੱਕਰ ਕੱਟਦੇ ਰਹੇ।
ਲੀਡਰਾਂ ਦੇ ਕਹਿਣ 'ਤੇ ਚੋਣਾਂ ਲੜਨ ਲਈ ਤਿਆਰ ਹੋਏ ਕਾਂਗਰਸੀ ਦਾਅਵੇਦਾਰਾਂ ਲਗਾਏ ਪੱਖਪਾਤ ਦੇ ਦੋਸ਼ :
ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰਨ ਮੌਕੇ ਵੱਖ-ਵੱਖ ਪਿੰਡਾਂ ਅੰਦਰ ਆਪਸੀ ਪਾਟੋਧਾੜ ਦਾ ਸ਼ਿਕਾਰ ਹੋਏ ਕਾਂਗਰਸੀ ਹੀ ਕਾਂਗਰਸ ਦੀਆਂ ਨੀਤੀਆਂ ਤੋਂ ਨਾਰਾਜ਼ ਦਿਖਾਈ ਦੇ ਰਹੇ ਸਨ। ਇਸ ਸਬੰਧੀ ਕੁੱਝ ਕੱਟੜ ਕਾਂਗਰਸੀਆਂ ਨੇ ਕਿਹਾ ਕਿ ਬੀਤੇ ਲੰਮੇ ਸਮੇਂ ਤੋ ਉਹ ਕਾਂਗਰਸ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਆ ਰਹੇ ਹਨ। ਹੁਣ ਜਦੋਂ ਉਹਨਾਂ ਨੇ ਪਾਰਟੀ ਦੇ ਲੀਡਰਾਂ ਦੇ ਧਿਆਨ ਹਿਤ ਸਰਪੰਚੀ ਦੀਆਂ ਚੋਣ ਲੜਨ ਲਈ ਤਿਆਰੀਆਂ ਸ਼ੁਰੂ ਕੀਤੀਆਂ ਸਨ ਅਤੇ ਵਾਰ-ਵਾਰ ਲੀਡਰਾਂ ਤੱਕ ਗੇੜੇ ਲਗਾਉਂਦੇ ਰਹੇ ਸਨ ਅਤੇ ਹਰ ਵਾਰ ਲੀਡਰਾਂ ਵਲੋਂ ਪਾਟੋਧਾੜ ਦੇ ਸ਼ਿਕਾਰ ਦੋ-ਦੋ ਧੜਿਆਂ ਨੂੰ ਚੋਣਾਂ ਲੜਨ ਲਈ ਹੀ ਉਤਸਾਹਿਤ ਕੀਤਾ ਜਾਂਦਾ ਰਿਹਾ ਪਰ ਐਨ ਮੌਕੇ 'ਤੇ ਚੋਣਾਂ ਲੜਨ ਦੀ ਜਗ੍ਹਾ ਕਿਸੇ ਇਕ ਚਹੇਤੇ ਦਾਅਵੇਦਾਰ ਦਾ ਪੱਖ ਪੂਰਦਿਆਂ ਉਹਨਾਂ ਦੇ ਕਾਗਜ਼ ਹੀ ਦਾਖਲ ਨਹੀਂ ਹੋਣ ਦਿੱਤੇ।
ਕੁੱਝ ਨਾਰਾਜ਼ ਦਾਅਵੇਦਾਰ ਜਨ੍ਹਾਂ ਦੇ ਕਾਗਜ਼ ਹੀ ਨਹੀਂ ਭਰੇ ਗਏ ਉਹਨਾਂ ਕਿਹਾ ਕਿ ਸਾਨੂੰ ਲੀਡਰਾਂ ਨੇ ਧੋਖਾ ਦਿੱਤਾ ਹੈ ਜਿਸਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਅਗਲੇ ਦਿਨ ਅੰਦਰ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਬੀਤੇ ਦਿਨੀਂ ਕਾਗਜ਼ ਭਰਨ ਮੌਕੇ ਸਾਨੂੰ ਵੱਡੇ ਭੰਬਲਭੂਸੇ ਵਿਚ ਪਾ ਕੇ ਮਗਰੋਂ ਲੇਟ ਹੋਣ ਦਾ ਬਹਾਨਾ ਬਣਾਇਆ। ਇਸ ਮੌਕੇ ਕਾਗਜ਼ ਭਰਨ ਤੋਂ ਅਸਮਰਥ ਰਹੇ ਕਾਂਗਰਸੀਆਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਲੋਂ ਸਰਪੰਚੀ ਦੀ ਚੋਣ ਸਬੰਧੀ ਘੜੀ ਗੀ ਨੀਤੀ ਤੋਂ ਪੂਰੀ ਤਰ੍ਹਾਂ ਨਾਖੁਸ਼ ਹਨ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਚੰਗੇ ਮਾੜੇ ਵਰਕਰਾਂ ਦੀ ਪਛਾਣ ਕਰਨੀ ਨਹੀਂ ਆਈ, ਜਿਸ ਕਰਕੇ ਪਾਰਟੀ ਨੇ ਵੱਡੀ ਖੱਜਲ ਖੁਆਰੀ ਮਗਰੋਂ ਨਾ ਦਾਖਲ ਕਰਕੇ ਉਹਨਾਂ ਨੂੰ ਅਤੇ ਉਹਨਾਂ ਦੇ ਸਮੁੱਚੇ ਸਾਥੀਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਇਥੇ ਕੁੱਝ ਕਾਂਗਰਸੀਆਂ ਨੇ ਹੀ ਆਪਣੇ ਮਖਾਲਫਤੀ ਧੜੇ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਕਿਹਾ ਕਿ ਉਹਨਾਂ ਨੂੰ ਕਾਗਜ਼ ਨਾ ਭਰੇ ਜਾਣ ਉਪਰੰਤ ਦਬਕੇ ਮਾਰੇ ਜਾ ਰਹੇ ਹਨ ਕਿ ਹੁਣ ਸਰਪੰਚ ਤਾਂ ਅਸੀਂ ਬਣ ਹੀ ਜਾਣਾ ਹੈ ਪਰ ਤੁਹਾਨੂੰ ਸਿੱਧੇ ਕਰਕੇ ਰੱਖਾਂਗੇ।
ਖੰਨਾ: ਸੰਘਣੀ ਧੁੰਦ ਕਾਰਨ ਆਪਸ 'ਚ ਟਕਰਾਈਆਂ ਗੱਡੀਆਂ (ਤਸਵੀਰਾਂ)
NEXT STORY