ਲੁਧਿਆਣਾ, (ਅਨਿਲ)- ਸਰਕਾਰ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਸਰਕਾਰੀ ਫਰਮਾਨ ਸਿਰਫ ਹਵਾ ਵਿਚ ਹੀ ਰਹਿ ਜਾਂਦੇ ਹਨ। ਜ਼ਿਲਾ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਸੁਵਿਧਾ ਕੇਂਦਰਾਂ ’ਚ ਆਮ ਜਨਤਾ ਨੂੰ ਦਰਪੇਸ਼ ਪ੍ਰੇਸ਼ਾਨੀਆਂ ਇਸ ਦਾ ਸਬੂਤ ਹਨ।
ਮਹਾਨਗਰ ’ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਫਾਰਮ ਅਟੈਸਟ ਕਰਵਾਉਣ ਲਈ ਸੁਵਿਧਾ ਕੇਂਦਰ ਵਿਚ ਆਉਂਦੇ ਹਨ ਪਰ ਉਥੇ ਲੋਕਾਂ ਦੀ ਏਜੰਟਾਂ ਵਲੋਂ ਸ਼ਰੇਆਮ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਧਿਆਨਦੇਣਯੋਗ ਹੈ ਕਿ ਇਕ ਐਫੀਡੇਵਿਡ ਤਸਦੀਕ ਕਰਵਾਉਣ ਦੀ ਸੂਬਾ ਸਰਕਾਰ ਵਲੋਂ 50 ਰੁਪਏ ਫੀਸ ਨਿਰਧਾਰਤ ਕੀਤੀ ਹੋਈ ਹੈ ਪਰ ਸੁਵਿਧਾ ਕੇਂਦਰ ’ਚ ਬੈਠੇ ਏਜੰਟ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦਾ ਕੰਮ ਜਲਦੀ ਕਰਵਾਉਣ ਬਦਲੇ 250 ਰੁਪਏ ਵਸੂਲ ਰਹੇ ਹਨ, ਜੋ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ ਪਰ ਕੋਈ ਅਧਿਕਾਰੀ ਜਾਂ ਕਰਮਚਾਰੀ ਏਜੰਟਾਂ ਨੂੰ ਨਹੀਂ ਰੋਕਦਾ, ਜਿਸ ਕਾਰਨ ਸ਼ਰੇਆਮ ਲੋਕਾਂ ਤੋਂ 5 ਗੁਣਾ ਰਕਮ ਵਸੂਲੀ ਜਾ ਰਹੀ ਹੈ।
ਬੀਤੇ ਦਿਨ ਵੀ ਸੁਵਿਧਾ ਕੇਂਦਰ ਵਿਚ ਏਜੰਟਾਂ ਦੇ ਕੰਮ ਪਹਿਲਾਂ ਕਰਨ ਨੂੰ ਲੈ ਕੇ ਉੱਥੇ ਐਫੀਡੇਵਿਡ ਤਸਦੀਕ ਕਰਵਾਉਣ ਆਏ ਲੋਕਾਂ ਦੀ ਏਜੰਟਾਂ ਅਤੇ ਮੁਲਾਜ਼ਮਾਂ ਦੇ ਨਾਲ ਬਹਿਸ ਹੁੰਦੀ ਰਹੀ। ਜਦੋਂ ਲੋਕਾਂ ਨੇ ਜ਼ਿਆਦਾ ਹੰਗਾਮਾ ਕੀਤਾ ਤਾਂ ਏਜੰਟ ਉਥੋਂ ਰਫੂਚੱਕਰ ਹੋ ਗਏ। ਲੋਕਾਂ ਨੇ ਸੂਬਾ ਸਰਕਾਰ ਅਤੇ ਡੀ. ਸੀ. ਲੁਧਿਆਣਾ ਤੋਂ ਮੰਗ ਕੀਤੀ ਹੈ ਕਿ ਆਮ ਜਨਤਾ ਦੀ ਹੋ ਰਹੀ ਅੰਨ੍ਹੀ ਲੁੱਟ ਰੋਕੀ ਜਾਵੇ ਤਾਂ ਕਿ ਜਨਤਾ ਦਾ ਸਰਕਾਰ ’ਤੇ ਵਿਸ਼ਵਾਸ ਬਣਿਆ ਰਹਿ ਸਕੇ।
ਕੀ ਕਹਿੰਦੇ ਹਨ ਸੁਵਿਧਾ ਕੇਂਦਰ ਦੇ ਅਧਿਕਾਰੀ
ਜਦੋਂ ਇਸ ਸਬੰਧੀ ਸੁਵਿਧਾ ਕੇਂਦਰ ਦੇ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ੳੁਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਏਜੰਟਾਂ ਤੋਂ ਬਚਣ ਲਈ ਲਿਖਤੀ ਰੂਪ ’ਚ ਅੰਦਰ ਬੈਨਰ ਲਗਾਏ ਗਏ ਸਨ ਪਰ ਏਜੰਟਾਂ ਵਲੋਂ ਹੀ ਉਹ ਬੈਨਰ ਅੰਦਰੋਂ ਹਟਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਏਜੰਟਾਂ ਦੇ ਨਾਲ ਕਿਸੇ ਵੀ ਸੁਵਿਧਾ ਕੇਂਦਰ ਦੇ ਮੁਲਾਜ਼ਮ ਦੀ ਗੰਢ-ਤੁੱਪ ਪਾਈ ਗਈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਿਜਲੀ ਜਾਣ ਤੋਂ ਬਾਅਦ ਨਹੀਂ ਕੋਈ ਬਦਲਵੇਂ ਪ੍ਰਬੰਧ
ਸੁਵਿਧਾ ਕੇਂਦਰਾਂ ’ਚ ਰੋਜ਼ਾਨਾ ਰਾਜ ਸਰਕਾਰ ਲੱਖਾਂ ਰੁਪਏ ਵਸੂਲ ਰਹੀ ਹੈ ਪਰ ਸੁਵਿਧਾ ਕੇਂਦਰ ’ਚ ਬਿਜਲੀ ਜਾਣ ’ਤੇ ਵਿਭਾਗ ਵਲੋਂ ਉਥੇ ਬਿਜਲੀ ਦਾ ਕੋਈ ਬੈਕਅਪ ਪ੍ਰਬੰਧ ਨਹੀਂ ਰੱਖਿਆ ਗਿਆ। ਜਦੋਂ ਤਕ ਬਿਜਲੀ ਬੰਦ ਰਹੇਗੀ, ਉਦੋਂ ਤਕ ਆਮ ਜਨਤਾ ਦੇ ਕੰਮ ਰੁਕੇ ਰਹਿੰਦੇ ਹਨ।
ਸੀਨੀਅਰ ਸਿਟੀਜ਼ਨ ਨੂੰ ਨਹੀਂ ਕੋਈ ਸਹੂਲਤ
ਸੁਵਿਧਾ ਕੇਂਦਰ ’ਚ ਆਮਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸੀਨੀਅਰ ਸਿਟੀਜ਼ਨਾਂ ਨੂੰ ਵੀ ਇਕ-ਇਕ ਘੰਟਾ ਲਾਈਨ ਵਿਚ ਆਮ ਜਨਤਾ ਦੇ ਨਾਲ ਖਡ਼੍ਹਾ ਹੋਣਾ ਪੈ ਰਿਹਾ ਹੈ। ਅੱਜ ਸੁਵਿਧਾ ਕੇਂਦਰ ’ਚ ਕਰੀਬ 80 ਸਾਲ ਦੇ ਬਜ਼ੁਰਗ ਵਿਅਕਤੀ ਨੂੰ ਆਪਣਾ ਐਡੀਡੇਵਿਡ ਤਸਦੀਕ ਕਰਵਾਉਣ ਲਈ ਇਕ ਘੰਟਾ ਲਾਈਨ ਵਿਚ ਖਡ਼੍ਹੇ ਰਹਿਣਾ ਪਿਆ ਪਰ ਪ੍ਰਸ਼ਾਸਨ ਵਲੋਂ ਇਥੇ ਸੀਨੀਅਰ ਸਿਟੀਜ਼ਨਾਂ ਲਈ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ।
ਲੱਖਾਂ ਦੇ ਇਲੈਕਟ੍ਰਾਨਿਕ ਸਾਮਾਨ ਸਣੇ 8 ਕਾਬੂ
NEXT STORY