ਮਾਨਸਾ,(ਜੱਸਲ)- ਅੱਜ ਇੱਥੋਂ ਦੇ ਵਾਰਡ ਨੰ.7 ਵਿਖੇ ਲੱਗ ਰਹੇ ਪ੍ਰਾਈਵੇਟ ਮੋਬਾਇਲ ਕੰਪਨੀ ਦੇ ਟਾਵਰ ਵਿਰੁੱਧ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਜ਼ਾਹਿਰ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਐਲਾਨ ਕੀਤਾ ਕਿ ਅਗਰ ਇਸ ਟਾਵਰ ਨੂੰ ਇੱਥੇ ਲਗਾਇਆ ਗਿਆ ਤਾਂ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਰਿਹਾਇਸ਼ੀ ਇਲਾਕਿਆਂ ’ਚ ਮੋਬਾਇਲ ਟਾਵਰ ਰੋਕੂ ਸੰਘਰਸ਼ ਕਮੇਟੀ ਦੇ ਆਗੂਆਂ ਵਿੰਦਰ ਅਲਖ, ਨਰਿੰਦਰ ਕੌਰ ਬੁਰਜ ਹਮੀਰਾ, ਧਿਆਨ ਸਿੰਘ, ਮੇਲਾ ਸਿੰਘ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਵਸੋਂ ਵਾਲੇ ਇਲਾਕਿਆਂ ’ਚ ਲੋਕਾਂ ਦੀ ਸਹਿਮਤੀ ਲਏ ਬਗੈਰ ਹੀ ਮੋਬਾਇਲ ਟਾਵਰ ਲਗਾਉਣ ਲਈ ਕੰਪਨੀ ਆਪਣੇ ਧਨ ਬਲ ਦੀ ਅੰਨ੍ਹੀ ਵਰਤੋਂ ਕਰਕੇ ਟਾਵਰ ਲਗਵਾ ਰਹੀ ਹੈ। ਉਨ੍ਹਾਂ ਕਿਹਾ ਕਿ ਟਾਵਰਾਂ ਦੀ ਰੇਡੀਏਸ਼ਨ ਨਾਲ ਜਿੱਥੇ ਮਨੁੱਖਾਂ ਨੂੰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਸਾਡਾ ਚੌਗਿਰਦਾ ਅਤੇ ਪਸ਼ੂ ਪੰਛੀ ਵੀ ਇਸ ਦੇ ਘੇਰੇ ’ਚ ਆ ਕੇ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠਦੇ ਹਨ। ਲੋਕਾਂ ਤੋਂ ਲੱਖਾਂ ਕਰੋਡ਼ਾਂ ਰੁਪਏ ਟੈਕਸ ਉਗਰਾਹੁਣ ਦੇ ਬਾਵਜੂਦ ਬਦਲੇ ’ਚ ਜਿਉੂਣ ਯੋਗ ਸੁਵਿਧਾਵਾਂ, ਰੋਜ਼ਗਾਰ ਦੇਣ ਦੀ ਬਜਾਏ ਸਰਕਾਰ ਅਤੇ ਮਿਉਂਸਪਲ ਕਮੇਟੀ ਕੰਪਨੀਆਂ ਨੂੰ ਐੱਨ. ਓ. ਸੀ. ਦੇਣ ਲੱਗੇ ਆਮ ਜਨਤਾ ਦੀ ਪੁੱਛ ਪਡ਼ਤਾਲ ਕਰਨਾ ਜ਼ਰੂਰੀ ਨਹੀਂ ਸਮਝਦੀ ਅਤੇ ਵੱਡੇ ਸਨਅੱਤਕਾਰਾਂ ਦਾ ਮੁਫਾਦ ਵੇਖਦੇ ਹੋਏ ਆਮ ਲੋਕਾਂ ਨੂੰ ਮੌਤ ਦੇ ਮੂੰਹ ’ਚ ਧੱਕਣ ਲਈ ਬਜ਼ਿੱਦ ਹੈ, ਜਿਸ ’ਚ ਵਾਰਡ ਦੇ ਐੱਮ.ਸੀ. ਤੱਕ ਫਾਇਦਾ ਉਠਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਹੀ ਮੋਬਾਇਲ ਕੰਪਨੀ ਟਾਵਰ ਦੇ ਹੋਣ ਵਾਲੇ ਨੁਕਸਾਨ ਤੋਂ ਜਨਤਾ ਨੂੰ ਜਵਾਬ ਦੇਹੀ ਕਰਨ ’ਚ ਹੱਥ ਪਿੱਛੇ ਖਿੱਚ ਰਹੀ ਹੈ, ਉਥੇ ਸਿਵਲ ਪ੍ਰਸ਼ਾਸਨ ਕੰਪਨੀ ਦੀ ਪਿੱਠ ’ਤੇ ਖਡ਼੍ਹਾ ਇਹ ਲੋਕ ਵਿਰੋਧੀ ਕਾਰਜ ਕਰਵਾਉਣ ’ਚ ਮਦਦ ਕਰਕੇ ਲੋਕਾਂ ਦੇ ਨੁਕਸਾਨ ਤੋਂ ਜਾਣ ਬੁੱਝ ਕੇ ਅਵੇਸਲਾ ਬਣਿਆ ਹੋਇਆ ਹੈ। ®ਉਨ੍ਹਾਂ ਕਿਹਾ ਕਿ ‘‘ਰਿਹਾਇਸ਼ੀ ਇਲਾਕੇ ’ਚੋਂ ਮੋਬਾਇਲ ਟਾਵਰ ਰੋਕੂ ਕਮੇਟੀ’’ ਦੀ ਅਗਵਾਈ ’ਚ ਮੁਹੱਲੇ ਦੀ ਜਨਤਾ ਇਸ ਲੋਕ ਵਿਰੋਧੀ ਕਾਰਜ ਨੂੰ ਕਦੇ ਵੀ ਸਿਰੇ ਨਹੀਂ ਚਡ਼੍ਹਨ ਦੇਵੇਗੀ। ਇਸ ਸਮੇਂ ਪਰਮਜੀਤ ਕੌਰ, ਅਮਰਜੀਤ ਕੌਰ, ਹੰਸਾ ਸਿੰਘ, ਰੋਹਤਾਸ਼ ਕੁਮਾਰ ਅਤੇ ਵਿੱਕੀ ਨੇ ਵੀ ਸੰਬੋਧਨ ਕੀਤਾ।
ਹਾਦਸੇ 'ਚ ਐਕਟਿਵਾ ਸਵਾਰ ਔਰਤ ਜ਼ਖਮੀ
NEXT STORY