ਜਲਾਲਾਬਾਦ, (ਟੀਨੂੰ, ਦੀਪਕ, ਬੰਟੀ, ਨਿਖੰਜ)- ਜ਼ਿਲਾ ਫਾਜ਼ਿਲਕਾ ਐੱਸ. ਐੱਸ. ਪੀ. ਕੇਤਿਨ ਬਲੀਰਾਮ ਪਾਟਿਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਥਾਨਕ ਡੀ. ਐੱਸ. ਪੀ. ਜਸਪਾਲ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਸਵੇਰੇ ਸਥਾਨਕ ਥਾਣਾ ਸਿਟੀ ਪੁਲਸ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਸਥਿਤ ਨਵੇਂ ਬੱਸ ਸਟੈਂਡ ਸਾਹਮਣੇ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਥਾਣਾ ਸਿਟੀ ਮੁਖੀ ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਆਮ ਜਨਤਾ ਦੀ ਸੁਰੱਖਿਆ ਕਰਨਾ ਪੁਲਸ ਪ੍ਰਸ਼ਾਸਨ ਦਾ ਪਹਿਲਾ ਫਰਜ਼ ਹੈ। ਇਸ ਲਈ ਪੁਲਸ ਪ੍ਰਸ਼ਾਸਨ ਆਮ ਜਨਤਾ ਦੀ ਸੇਵਾ ’ਚ 24 ਘੰਟੇ ਹਾਜ਼ਰ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਪੰਜਾਬ ਪੁਲਸ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਿਲੇ ਅੰਦਰ ਅਮਨ-ਸ਼ਾਂਤੀ ਦੇ ਮਾਹੌਲ ਨੂੰ ਬਰਕਰਾਰ ਰੱਖਣ ਲਈ ਹਰ ਰੋਜ਼ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਥਾਵਾਂ ’ਤੇ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਆਪਣੀ ਗਲਤ ਹਰਕਤ ਨੂੰ ਅੰਜਾਮ ਨਾ ਦੇ ਸਕੇ। ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ ਰੋਡ ਤੋਂ ਲੰਘਣ ਵਾਲੇ ਵਾਹਨਾਂ ਨੂੰ ਰੋਕ ਕੇ ਵਾਹਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਦੇ ਚਾਲਕਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸ਼ਰਾਰਤੀ ਅਨਸਰਾਂ ਨੂੰ ਸ਼ਹਿਰ ਅੰਦਰ ਬਣੇ ਅਮਨ-ਸ਼ਾਂਤੀ ਦੇ ਮਾਹੌਲ ਨੂੰ ਖਰਾਬ ਕਰਨ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦਿੱਤੀ ਜਾਵੇਗੀ। ਇਸ ਦੇ ਲਈ ਜਿੱਥੇ ਪੰਜਾਬ ਪੁਲਸ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ ਹੈ, ਉਥੇ ਹੀ ਦਿਨ ਸਮੇਂ ਅਤੇ ਰਾਤ ਸਮੇਂ ਸ਼ਹਿਰ ਅੰਦਰ ਪੀ. ਸੀ. ਆਰ. ਦੀ ਗਸ਼ਤ ਵੀ ਤੇਜ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਸ਼ਹਿਰ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪੰਜਾਬ ਪੁਲਸ ਵੱਲੋਂ ਉਕਤ ਅਨਸਰ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਅੰਤ ’ਚ ਐੱਸ. ਐੱਚ. ਓ. ਨੇ ਆਮ ਜਨਤਾ ਨੂੰ ਪੰਜਾਬ ਪੁਲਸ ਨਾਲ ਸਹਿਯੋਗ ਦੇਣ ਲਈ ਕਿਹਾ।
ਮਾਰਕੀਟ ਕਮੇਟੀ ਦੇ ਅਧਿਕਾਰੀਆਂ ਮੰਡੀ ’ਚ ਫਲਾਂ ਤੇ ਸਬਜ਼ੀਅਾਂ ਦੀ ਕੀਤੀ ਅਚਨਚੇਤ ਚੈਕਿੰਗ
NEXT STORY