ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਪੁਲਸ ਵੱਲੋਂ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ ਸਮੇਤ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਾਸੀ ਕੁਸ਼ਲਪਾਲ ਸਿੰਘ ਮਾਨ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਕਿ ਮੈਂ 20 ਨਵੰਬਰ ਨੂੰ ਬਰਨਾਲਾ ਵਿਖੇ ਹੋ ਰਹੀ ਜ਼ਿਮਨੀ ਚੋਣ ਦੇ ਸੰਬੰਧ ਵਿਚ ਆਪਣੇ ਰਿਸ਼ਤੇਦਾਰੀ ਵਜੋਂ ਭਾਣਜੇ ਲੱਗਦੇ ਗੋਬਿੰਦ ਸਿੰਘ ਸੰਧੂ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵਜੋਂ ਚੋਣ ਲੜੇ ਰਹੇ ਸਨ, ਦੀ ਦਫਤਰੀ ਸਹਾਇਤਾ (ਕੰਪਲੇਟ ਅਤੇ ਕੋਰਡੀਨੇਸ਼ਨ) ਦੇ ਸਬੰਧ ਵਿਚ ਸ਼ਹਿਰ ਬਰਨਾਲਾ ਆਇਆ ਹੋਇਆ ਸੀ। ਸਾਨੂੰ ਸਾਡੇ ਪਾਰਟੀ ਵਰਕਰ ਉੱਤਮ ਬਾਂਸਲ ਪੁੱਤਰ ਸੰਜੇ ਬਾਂਸਲ ਵਾਸੀ ਬਰਨਾਲਾ ਵੱਲੋਂ ਦਫਤਰ ਨੂੰ ਵਕਤ ਕਰੀਬ 05:15 ਪਰ ਇਤਲਾਹ ਦਿੱਤੀ ਗਈ ਕਿ ਮਹੇਸ਼ ਕੁਮਾਰ ਲੋਟਾ ਜੋ ਕਿ ਐੱਲ ਬੀ ਐੱਸ ਕਾਲਜ ਕੋਲ ਬੂਥ 'ਤੇ ਬੈਠਾ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਦੇ ਕੇ ਵੋਟਾ ਖ੍ਰੀਦ ਰਿਹਾ ਸੀ। ਸਾਡੇ ਪਾਰਟੀ ਵਰਕਰ ਉੱਤਮ ਬਾਂਸਲ ਨੇ ਇਸ ਬਾਬਤ ਪੁਲਸ ਅਫਸਰਾਂ ਨੂੰ ਇਤਲਾਹ ਦਿੱਤੀ ਗਈ।
ਸਾਨੂੰ ਇਹ ਵੀ ਪਤਾ ਲੱਗਿਆ ਕਿ ਉਹ ਕਿਸੇ ਹੋਰ ਵਿਅਕਤੀ ਰਾਹੀਂ ਆਪਣੀ ਦੁਕਾਨ ਤੋਂ ਪੈਸੇ ਦੇ ਰਿਹਾ ਹੈ। ਫਿਰ ਸਾਡੀ ਪਾਰਟੀ ਦੀ ਕੰਪਲੇਂਟ ਪਰ ਪੁਲਸ ਅਫਸਰ ਸਾਡੀ ਪਾਰਟੀ ਦੇ ਬੂਥ ਨੇੜੇ L.B.S ਕਾਲਜ ਬਰਨਾਲਾ ਵਿਖੇ ਆਏ, ਜੋ ਮੈਨੂੰ, ਉੱਤਮ ਬਾਂਸਲ ਉਕਤ ਅਤੇ ਰਣਜੀਤ ਸਿੰਘ ਪੁੱਤਰ ਨਗੀਨਾ ਸਿੰਘ ਵਾਸੀ ਸੰਤੋਖਗੜ ਥਾਣਾ ਸਦਰ ਰੋਪੜ, ਜ਼ਿਲ੍ਹਾ ਰੋਪੜ ਨੂੰ ਨਾਲ ਲੈ ਕੇ ਮਹੇਸ਼ ਕੁਮਾਰ ਲੋਟੇ ਦੀ ਦੁਕਾਨ 'ਤੇ ਚੈਕਿੰਗ ਕਰਨ ਲਈ ਚਲੇ ਗਏ। ਫਿਰ ਪੁਲਸ ਮੁਲਾਜ਼ਮਾ ਨੇ ਉੱਤਮ ਬਾਂਸਲ ਦੀ ਹਾਜ਼ਰੀ ਵਿਚ ਮਹੇਸ਼ ਕੁਮਾਰ ਲੋਟੇ ਦੀ ਦੁਕਾਨ ਨੂੰ ਚੈੱਕ ਕੀਤਾ ਤਾਂ ਦੁਕਾਨ ਵਿੱਚੋਂ ਕੋਈ ਪੈਸਾ ਜਾਂ ਵੋਟਾਂ ਸਬੰਧੀ ਕੋਈ ਦਸਤਾਵੇਜ਼ ਨਹੀਂ ਮਿਲਿਆ। ਚੈਕਿੰਗ ਕਰਨ ਉਪਰੰਤ ਜਦੋਂ ਪੁਲਸ ਮੁਲਾਜ਼ਮ ਮੌਕੇ ਤੋਂ ਚਲੇ ਗਏ ਤਾਂ ਕੁਝ ਸਮੇਂ ਬਾਅਦ ਵਕਤ ਕਰੀਬ 06:30 ਪਰ ਮਹੇਸ਼ ਕੁਮਾਰ ਲੋਟੇ ਨੇ ਆਪਣੀ ਦੁਕਾਨ ਪਾਸ ਆਪਣੇ ਦੋਸਤ ਇੰਕੂ ਪੁੱਤਰ ਕੁਲਵੰਤ ਸਿੰਘ, ਬਲਦੇਵ ਸਿੰਘ ਭੁੱਚਰ, ਲੱਕੀ ਪੱਖੋਂ ਵਾਸੀਆਨ ਬਰਨਾਲਾ ਅਤੇ ਪ੍ਰਦੀਪ ਸਿੰਘ ਵਾਸੀ ਕੁਰੜ ਨੂੰ ਬੁਲਾ ਲਿਆ, ਫਿਰ ਸਾਡੇ ਦੇਖਦੇ ਹੀ ਮੌਕਾ 'ਤੇ ਮਹੇਸ਼ ਕੁਮਾਰ ਲੋਟੇ ਦੀ ਕਾਂਗਰਸ ਪਾਰਟੀ ਦਾ ਉਮੀਦਵਾਰ ਕਾਲਾ ਢਿੱਲੋਂ ਵੀ ਆਪਣੇ ਕੁਝ ਸਾਥੀਆ ਨਾਲ ਆ ਗਿਆ। ਫਿਰ ਦੇਖਦੇ ਦੇਖਦੇ ਮਹੇਸ਼ ਕੁਮਾਰ ਲੋਟੇ, ਉਸਦੇ ਦੋਸਤ ਟਿੰਕੂ ਪੁੱਤਰ ਕੁਲਵੰਤ ਸਿੰਘ, ਬਲਦੇਵ ਸਿੰਘ ਭੁੱਚਰ, ਲੱਕੀ ਪੱਖੋ ਵਾਸੀਆਨ ਬਰਨਾਲਾ ਅਤੇ ਪ੍ਰਦੀਪ ਸਿੰਘ ਵਾਸੀ ਕੁਰੜ ਨੇ ਮੈਨੂੰ ਘੇਰ ਕੇ, ਜਾਨੋਂ ਮਾਰਨ ਦੀਆ ਧਮਕੀਆਂ ਦਿੰਦੇ ਹੋਏ, ਮੇਰੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਕੁੱਟ ਮਾਰ ਦੌਰਾਨ ਮੇਰੇ ਕਾਫੀ ਸੱਟਾਂ ਲੱਗੀਆ ਤਾਂ ਇਨ੍ਹਾਂ ਵਿੱਚੋਂ ਕਿਸੇ ਇਕ ਨੇ ਮੇਰੇ ਗਲ ਵਿਚ ਪਾਈ ਚਾਂਦੀ ਦੀ ਚੈਨ ਵੀ ਝੱਪਟ ਮਾਰ ਕੇ ਖਿੱਚ ਲਈ ਤੇ ਮੈਂ ਫਿਰ ਮੈਨੂੰ ਮੇਰੇ ਦੋਸਤਾਂ ਉੱਤਮ ਬਾਂਸਲ ਅਤੇ ਰਣਜੀਤ ਸਿੰਘ ਨੇ ਇੰਨਾ ਪਾਸੋਂ ਛੁਡਵਾ ਕੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾ ਦਿੱਤਾ ਸੀ।
ਵਜਾ ਰੰਜਿਸ਼ ਇਹ ਹੈ ਕਿ ਮੇਰਾ ਭਾਣਜਾ ਗੋਬਿੰਦ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਤੌਰ ਉਮੀਦਵਾਰ ਹਲਕਾ ਬਰਨਾਲਾ ਤੋਂ ਜ਼ਿਮਨੀ ਚੋਣ ਲੜ ਰਿਹਾ ਸੀ ਚੋਣਾਂ ਦੇ ਪ੍ਰਚਾਰ ਵਿਚ ਮੈਂ ਕਈ ਵਾਰ ਬਰਨਾਲਾ ਵਿਖੇ ਚੋਣ ਪ੍ਰਚਾਰ ਲਈ ਆਇਆ ਸੀ। ਕੰਪੇਨ ਦੌਰਾਨ ਸਾਡੀ ਮਹੇਸ਼ ਕੁਮਾਰ ਲੋਟਾ ਦੇ ਸਾਥੀਆਂ ਨਾਲ ਕਿਹਾ-ਸੁਣੀ ਹੋ ਗਈ, ਇਸੇ ਰੰਜਿਸ਼ ਵਿੱਚ ਆ ਕੇ ਹੀ ਅੱਜ ਇੰਨ੍ਹਾਂ ਨੇ ਮੌਕਾ ਦੇਖ ਕੇ ਮੇਰੀ ਕੁੱਟ ਮਾਰ ਕੀਤੀ ਹੈ। ਪੁਲਸ ਨੇ ਕੁਸ਼ਲਪਾਲ ਸਿੰਘ ਮਾਨ ਦੀ ਬਿਆਨਾਂ 'ਤੇ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਟਿੰਕੂ ਸਿੰਘ ਬਲਦੇਵ ਸਿੰਘ ਭੁੱਚਰ ਲੱਖੀ ਪੱਖੋ ਅਤੇ ਪ੍ਰਦੀਪ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ ਅਤੇ ਕੇਸ ਦੀ ਜਾਂਚ ਸਬ ਇੰਸਪੈਕਟਰ ਮਨਪ੍ਰੀਤ ਕੌਰ ਕਰ ਰਹੇ ਹਨ।
ਦੂਜੇ ਪਾਸੇ ਕਾਂਗਰਸੀ ਆਗੂ ਮਹੇਸ਼ ਕੁਮਾਰ ਨੇ ਆਪਣੇ ਉੱਤੇ ਦਰਜ ਹੋਏ ਇਸ ਕੇਸ ਨੂੰ ਬੇਬੁਨਿਆਦ ਅਤੇ ਤੱਥਾਂ ਤੋਂ ਪਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਕੋਲ ਘਟਨਾ ਦੀ ਸੀਸੀਟੀਵੀ ਫੁਟੇਜ ਹੈ। ਉਨ੍ਹਾਂ ਕਿਹਾ ਮੇਰੇ ਵੱਲੋਂ ਬੀਤੇ ਦਿਨੇ ਹੀ ਮੁੱਖ ਚੋਣ ਕਮਿਸ਼ਨਰ ਪੰਜਾਬ ਰਿਟਰਨਿੰਗ ਅਫਸਰ ਪੰਜਾਬ ਅਤੇ ਜ਼ਿਲ੍ਹਾ ਪੁਲਸ ਮੁਖੀ ਪੰਜਾਬ ਨੂੰ ਚਿੱਠੀ ਦੇ ਕੇ ਕੁਸ਼ਲਦੀਪ ਸਿੰਘ ਮਾਨ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ 150 ਅਣਪਛਾਤੇ ਵਿਅਕਤੀਆਂ ਵੱਲੋਂ ਜਾਨੀ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਅਤੇ ਮੇਰੇ ਦਫਤਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨ ਸੰਬੰਧੀ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਸਬੰਧੀ ਦਰਖਾਸਤ ਦਿੱਤੀ ਜਾ ਚੁੱਕੀ ਸੀ। ਮਹੇਸ਼ ਲੋਟਾ ਨੇ ਸ਼ਿਕਾਇਤ ਵਿਚ ਲਿਖਿਆ ਕਿ 20 ਨਵੰਬਰ 2024 ਨੂੰ ਬਰਨਾਲਾ ਵਿਖੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਉਹ ਬੂਥ ਨੰਬਰ 48, 49 ਅਤੇ 50 ਨੇੜੇ ਮਿਊਂਸਪਲ ਕਮੇਟੀ ਬਰਨਾਲਾ ਦੇ ਦਫਤਰ 'ਤੇ ਮੌਜੂਦ ਸਨ। ਉਨ੍ਹਾਂ ਦੇ ਨਾਲ ਕੁਝ ਹੋਰ ਕਾਂਗਰਸੀ ਵਰਕਰ ਵੀ ਬੈਠੇ ਸਨ। ਸ਼ਾਮ ਕਰੀਬ 5 ਵਜੇ ਡੀਐੱਸਪੀ ਸਿਟੀ ਸਤਬੀਰ ਸਿੰਘ ਬੈਂਸ ਕੁਝ ਵਿਅਕਤੀਆਂ ਸਮੇਤ ਆਏ ਅਤੇ ਕਿਹਾ ਕਿ ਉਨ੍ਹਾਂ ਖਿਲਾਫ ਵੋਟਰਾਂ ਨੂੰ ਲਾਲਚ ਦੇ ਕੇ ਖਰੀਦਣ ਸਬੰਧੀ ਸ਼ਿਕਾਇਤ ਕੀਤੀ ਗਈ ਹੈ।
ਡੀਐੱਸਪੀ ਨੇ ਉਨ੍ਹਾਂ ਦੇ ਦਫਤਰ ਦੀ ਤਲਾਸ਼ੀ ਲਈ ਉਨ੍ਹਾਂ ਨੂੰ ਦਫਤਰ ਲੈ ਕੇ ਜਾਣ ਦੀ ਮੰਗ ਕੀਤੀ। ਮਹੇਸ਼ ਨੇ ਦੱਸਿਆ ਕਿ ਉਹ ਪੋਲਿੰਗ ਇਲਾਕੇ ਵਿਚ ਮੌਜੂਦ ਹਨ ਅਤੇ ਦਫਤਰ ਖੁੱਲ੍ਹਾ ਹੈ, ਜਿਥੇ ਉਹ ਖੁਦ ਜਾਂਚ ਕਰ ਸਕਦੇ ਹਨ ਪਰ ਡੀਐੱਸਪੀ ਉਨ੍ਹਾਂ ਨੂੰ ਦਫਤਰ ਲੈ ਕੇ ਗਏ, ਜਿਥੇ ਕਿਸੇ ਵੀ ਗਲਤ ਗਤੀਵਿਧੀ ਦਾ ਕੋਈ ਸਬੂਤ ਨਹੀਂ ਮਿਲਿਆ। ਲੋਟਾ ਮੁਤਾਬਕ, ਸ਼ਾਮ 7:30 ਵਜੇ ਕੁਸ਼ਲਦੀਪ ਸਿੰਘ ਮਾਨ ਦੀ ਅਗਵਾਈ 'ਚ 150-200 ਵਿਅਕਤੀਆਂ ਦੇ ਹਜੂਮ ਨੇ ਉਨ੍ਹਾਂ ਦੇ ਦਫਤਰ ਦਾ ਘੇਰ ਲਿਆ। ਹਮਲਾਵਰਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਉਨ੍ਹਾਂ ਦੇ ਦਫਤਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗਾਲਾਂ ਕੱਢੀਆਂ। ਮਹੇਸ਼ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਵਿੱਚੋਂ ਇੱਕ ਵਿਅਕਤੀ ਨੇ ਖੁਦ ਨੂੰ ਸੱਟ ਮਾਰੀ ਜਾਂ ਹੋਰ ਸੂਤਰਾਂ ਤੋਂ ਸੱਟ ਲਵਾਈ ਅਤੇ ਹਸਪਤਾਲ ਵਿਚ ਦਾਖ਼ਲ ਹੋ ਕੇ ਗਲਤ ਕਹਾਣੀ ਰਚੀ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਰਾਜਨੀਤਿਕ ਪ੍ਰਭਾਵ ਹੇਠ ਝੂਠੀ ਐਫਆਈਆਰ ਦਰਜ ਕਰਨ ਦੀ ਸਾਜ਼ਿਸ਼ ਹੈ।
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਸੂਬੇ 'ਚ ਫੈਲ ਰਹੀ ਇਸ ਬੀਮਾਰੀ ਤੋਂ ਸਾਵਧਾਨ
NEXT STORY