ਸੰਗਰੂਰ,(ਸਿਗਲਾ)-ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਕੋਵਿਡ-19 ਦੇ ਸ਼ੱਕੀ ਜਾਂ ਕੋਵਿਡ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਵਿਅਕਤੀਆਂ ਤੇ ਹੋਰਨਾਂ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੁਆਰੰਟੀਨ ਕੀਤਾ ਜਾਂਦਾ ਹੈ। ਇਸ ਸੰਦਰਭ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀ ਮਸਤੂਆਣਾ ਸਾਹਿਬ ਨੂੰ ਕੁਆਰੰਟੀਨ ਸੈਂਟਰ ਐਲਾਨ ਕੀਤਾ ਹੋਇਆ ਹੈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ 10 ਹੋਟਲਾਂ ਨੂੰ ਵੀ ਕੁਆਰੰਟੀਨ ਸੈਂਟਰ ਐਲਾਨ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਕਿਹਾ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਨੂੰ ਅਲੱਗ ਰੱਖਣ ਲਈ ਸ੍ਰੀ ਮਸਤੂਆਣਾ ਸਾਹਿਬ ਨੂੰ ਕੁਆਰੰਟੀਨ ਸੈਂਟਰ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮਸਤੂਆਣਾ ਸਾਹਿਬ ਵਿਖੇ ਕੁਆਰੰਟੀਨ ਰੱਖੇ ਵਿਅਕਤੀਆਂ ਨੂੰ ਖਾਣ-ਪੀਣ, ਮੈਡੀਕਲ ਸਹੂਲਤ ਆਦਿ ਸਭ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਹੁਣ ਜ਼ਿਲ੍ਹੇ ਦੇ 10 ਹੋਟਲਾਂ ਨੂੰ ਵੀ ਕੁਆਰੰਟੀਨ ਸੈਂਟਰ ਵਜੋਂ ਸਥਾਪਤ ਕੀਤਾ ਗਿਆ ਹੈ। ਜੋ ਵਿਅਕਤੀ ਸ੍ਰੀ ਮਸਤੂਆਣਾ ਸਾਹਿਬ ਕੁਆਰੰਟੀਨ ਸੈਂਟਰ ਵਿਚ ਨਹੀਂ ਰਹਿਣਾ ਚਾਹੁੰਦੇ ਉਨ੍ਹਾਂ ਨੂੰ ਇਨ੍ਹਾਂ ਹੋਟਲਾਂ ਵਿਚ ਰਹਿਣ ਦਾ ਬਦਲ ਦਿੱਤਾ ਗਿਆ ਹੈ ਪਰ ਇਨ੍ਹਾਂ ਹੋਟਲਾਂ ਵਿਚ ਰਹਿਣ ਦਾ ਖ਼ਰਚਾ ਉਨ੍ਹਾਂ ਨੂੰ ਖ਼ੁਦ ਹੀ ਉਠਾਉਣਾ ਪਵੇਗਾ।
ਥੋਰੀ ਨੇ ਦੱਸਿਆ ਕਿ ਇਨ੍ਹਾਂ ਹੋਟਲਾਂ ਵਿਚ ਕੇ. ਟੀ. ਰਾਇਲ, ਹੋਟਲ ਸ਼ੈਫਜ਼ ਐਂਡ ਰੈਸਟੋਰੈਂਟ, ਹੋਟਲ ਹੌਟ ਚੌਪ, ਯਾਦਵਿੰਦਰਾਜ਼ ਡਰੀਮ, ਹੋਟਲ 'ਦ ਕਲਾਸਿਕ, 'ਦ ਰਾਇਲ ਪਲਾਜ਼ਾ, ਹੋਟਲ ਸ਼ਿਵਾਲਿਕ, ਪੂਨੀਆ ਟਾਵਰ, ਰੈਮਸਮ ਕ੍ਰਾਊਨ ਅਤੇ ਰੈਡ ਐਪਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੋਟਲਾਂ ਦੇ ਨਾਨ ਏ.ਸੀ, ਏ.ਸੀ ਤੇ ਡਿਲਿਕਸ ਕਮਰਿਆਂ ਦਾ ਵੱਖਰਾ-ਵੱਖਰਾ ਕਿਰਾਇਆ ਹੈ, ਜਿਸ ਨੂੰ ਸਹੂਲਤ ਲੈ ਰਹੇ ਵਿਅਕਤੀ ਵਲੋਂ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੋਟਲ ਦੇ ਬਾਹਰ ਐਸ. ਐਸ. ਪੀ. ਸੰਗਰੂਰ ਦੁਆਰਾ 24 ਘੰਟੇ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਨਫ਼ੋਰਸਮੈਂਟ ਟੀਮਾਂ ਕੁਆਰੰਟੀਨ ਵਿਅਕਤੀਆਂ ਦੀ ਪੂਰੀ ਨਿਗਰਾਨੀ ਰੱਖਣਗੀਆਂ ਅਤੇ ਸਿਵਲ ਸਰਜਨ ਤੇ ਜ਼ਿਲ੍ਹਾ ਨੋਡਲ ਅਫ਼ਸਰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਯਮਤ ਰੂਪ ਵਿਚ ਇਨ੍ਹਾਂ ਵਿਅਕਤੀਆਂ ਦੀ ਸਿਹਤ ਜਾਂਚ ਕਰਨੀ ਯਕੀਨੀ ਬਣਾਉਣਗੇ।
'ਕੋਵਿਡ-19 ਕੇਂਦਰਾਂ 'ਚ ਕੰਮ ਕਰ ਰਹੇ ਸਿਹਤ ਸਟਾਫ ਲਈ ਮੁੱਖ ਮੰਤਰੀ ਵੱਖਰੀ ਰਿਹਾਇਸ਼ ਦਾ ਪ੍ਰਬੰਧ ਕਰਨ'
NEXT STORY